ਨਵੀਂ ਦਿੱਲੀ (ਏਜੰਸੀ)- ਭਾਜਪਾ ਦੇ ਗ੍ਰਹਿ ਮੰਤਰੀ ਨੇ ਸ਼ੁੱਕਰਵਾਰ ਸ਼ਾਮ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰਿਆਣਾ ਵਿਚ ਭਾਜਪਾ ਤੇ ਜੇ.ਜੇ.ਪੀ. ਮਿਲ ਕੇ ਕੰਮ ਕਰੇਗੀ। ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰਿਆਣਾ ਦਾ ਡਿਪਟੀ ਸੀ.ਐਮ. ਜੇ.ਜੇ.ਪੀ. ਤੋਂ ਲਿਆ ਜਾਵੇਗਾ। ਅਮਿਤ ਸ਼ਾਹ ਨੇ ਕਿਹਾ ਕਿ ਸ਼ਨੀਵਾਰ ਨੂੰ ਭਾਜਪਾ ਵਿਚ ਰਸਮੀ ਤੌਰ 'ਤੇ ਨੇਤਾ ਚੁਣਨ ਤੋਂ ਬਾਅਦ ਸਰਕਾਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਅਗਲੇ ਪੰਜ ਸਾਲ ਤੱਕ ਮੋਦੀ ਜੀ ਦੀ ਅਗਵਾਈ ਵਿਚ ਇਥੇ ਵਿਕਾਸ ਲਈ ਕੰਮ ਕੀਤਾ ਜਾਵੇਗਾ।
ਉਥੇ ਹੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਹਰਿਆਣਾ ਵਿਚ ਸਥਾਈ ਸਰਕਾਰ ਬਣਾਉਣ ਲਈ ਉਹ ਭਾਜਪਾ ਦੇ ਨਾਲ ਆਏ ਹਨ। ਉਥੇ ਹੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਭਲਾਈ ਲਈ ਅਸੀਂ ਜੇ.ਜੇ.ਪੀ. ਨਾਲ ਮਿਲ ਕੇ ਸਰਕਾਰ ਬਣਾਉਣ ਦਾ ਫੈਸਲਾ ਲਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੇ.ਜੇ.ਪੀ. ਨੂੰ ਇਕ ਕੈਬਨਿਟ ਅਤੇ ਸੂਬਾ ਮੰਤਰੀ ਦਾ ਅਹੁਦਾ ਵੀ ਮਿਲੇਗਾ। ਇਸ ਤੋਂ ਪਹਿਲਾਂ ਅੱਜ ਅਮਿਤ ਸ਼ਾਹ ਆਪਣਾ ਅਹਿਮਦਾਬਾਦ ਦੌਰਾ ਵਿਚਾਲੇ ਹੀ ਛੱਡ ਕੇ ਪਰਤ ਆਏ। ਉਨ੍ਹਾਂ ਨਾਲ ਜੇ.ਪੀ. ਨੱਡਾ ਅਤੇ ਹਰਿਆਣਾ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਨੇ ਮੁਲਾਕਾਤ ਕੀਤੀ। ਇਸ ਤੋਂ ਬਾਅਦ ਅਨੁਰਾਗ ਠਾਕੁਰ, ਦੁਸ਼ਯੰਤ ਚੌਟਾਲਾ ਨੂੰ ਲੈ ਕੇ ਅਮਿਤ ਸ਼ਾਹ ਦੇ ਘਰ ਪਹੁੰਚੇ। ਇਥੇ ਗਠਜੋੜ 'ਤੇ ਮੋਹਰ ਲੱਗ ਗਈ।
ਸਤਿਆਪਾਲ ਮਲਿਕ ਦਾ ਤਬਾਦਲਾ, ਜੀ.ਸੀ. ਮੁਰਮੂ ਬਣਾਏ ਗਏ ਜੰਮੂ-ਕਸ਼ਮੀਰ ਦੇ ਉਪ ਰਾਜਪਾਲ
NEXT STORY