ਭੁਵਨੇਸ਼ਵਰ/ਕੋਲਕਾਤਾ-ਚੱਕਰਵਾਤੀ ਤੂਫਾਨ 'ਅਮਫਾਨ' ਅੱਜ ਭਾਵ ਐਤਵਾਰ ਨੂੰ ਬੰਗਾਲ ਦੀ ਖਾੜੀ ਦੇ ਉੱਪਰ ਭਿਆਨਕ ਚੱਕਰਵਾਤੀ ਤੂਫਾਨ 'ਚ ਤਬਦੀਲ ਹੋ ਗਿਆ ਹੈ, ਜਿਸ ਤੋਂ ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਕਈ ਤੱਟੀ ਜ਼ਿਲਿਆਂ 'ਚ ਤੇਜ਼ ਰਫਤਾਰ ਹਵਾਵਾਂ ਦੇ ਨਾਲ ਬਾਰਿਸ਼ ਦੀ ਸੰਭਾਵਨਾ ਹੈ। ਕੋਲਕਾਤਾ 'ਚ ਖੇਤਰੀ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਜੀ.ਕੇ.ਦਾਸ ਨੇ ਦੱਸਿਆ ਹੈ ਕਿ ਇਹ ਤੂਫਾਨ 20 ਮਈ ਦੀ ਦੁਪਹਿਰ ਅਤੇ ਸ਼ਾਮ ਦੇ ਵਿਚਾਲੇ ਬਹੁਤ ਭਿਆਨਕ ਚੱਕਰਵਾਤੀ ਤੂਫਾਨ ਦੇ ਤੌਰ 'ਤੇ ਪੱਛਮੀ ਬੰਗਾਲ ਦੇ ਸਾਗਰ ਦੀਪ ਸਮੂਹ ਅਤੇ ਬੰਗਲਾਦੇਸ਼ ਦੇ ਹਤੀਆ ਦੀਪ ਸਮੂਹਾਂ ਵਿਚਾਲੇ ਪੱਛਮੀ ਬੰਗਾਲ-ਬੰਗਲਾਦੇਸ਼ ਤੱਟੀ ਖੇਤਰਾਂ ਤੋਂ ਲੰਘ ਸਕਦਾ ਹੈ।
ਮੌਸਮ ਦਫਤਰ ਵੱਲੋਂ ਦੁਪਹਿਰ 2 ਵਜੇ ਜਾਰੀ ਇਕ ਬੁਲੇਟਿਨ ਮੁਤਾਬਕ ਅਮਫਾਨ 3 ਕਿਲੋਮੀਟਰ ਪ੍ਰਤੀ ਘੰਟੇ ਦੀ ਧੀਮੀ ਰਫਤਾਰ ਨਾਲ ਉੱਤਰ-ਪੱਛਮ ਵੱਲ ਵਧਿਆ ਅਤੇ ਭਿਆਨਕ ਚੱਕਰਵਾਤੀ ਤੂਫਾਨ 'ਚ ਤਬਦੀਲ ਹੋ ਗਿਆ। ਤੂਫਾਨ ਦਾ ਕੇਂਦਰ ਓਡੀਸ਼ਾ ਦੇ ਪਾਰਾਦੀਪ ਤੋਂ 980 ਕਿਲੋਮੀਟਰ ਦੱਖਣ 'ਚ, ਪੱਛਮੀ ਬੰਗਾਲ ਦੇ ਦੀਘਾ ਤੋਂ 1130 ਕਿਲੋਮੀਟਰ ਦੱਖਣੀ-ਦੱਖਣੀ ਪੱਛਮ 'ਚ ਅਤੇ ਬੰਗਲਾਦੇਸ਼ ਦੇ ਖੇਪੂਪਾਰਾ ਤੋਂ 1250 ਕਿਲੋਮੀਟਰ ਦੂਰ ਦੱਖਣ-ਦੱਖਣੀ ਪੱਛਮ 'ਚ ਸਥਿਤ ਹੈ। ਇਹ ਅਗਲੇ 12 ਘੰਟਿਆਂ 'ਚ ਬਹੁਤ ਭਿਆਨਕ ਚੱਕਰਵਾਤੀ ਤੂਫਾਨ 'ਚ ਬਦਲ ਸਕਦਾ ਹੈ ਅਤੇ ਅਗਲੇ 24 ਘੰਟਿਆਂ 'ਚ ਹੌਲੀ-ਹੌਲੀ ਉੱਤਰ ਵੱਲ ਵੱਧ ਸਕਦਾ ਹੈ।
ਭੁਵਨੇਸ਼ਵਰ 'ਚ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਐੱਚ.ਆਰ. ਵਿਸ਼ਵਾਸ ਮੁਤਾਬਕ ਇਸ ਤੋਂ ਬਾਅਦ ਇਹ ਤੂਫਾਨ ਮੁੜ ਕੇ ਉੱਤਰ-ਉੱਤਰ ਪੂਰਬ ਵੱਲ ਵੱਧ ਸਕਦਾ ਹੈ ਅਤੇ ਉੱਤਰ-ਪੱਛਮੀ ਬੰਗਾਲ ਦੀ ਖਾੜੀ 'ਚ ਰਫਤਾਰ ਫੜਦੇ ਹੋਏ 20 ਮਈ ਦੀ ਦੁਪਹਿਰ ਅਤੇ ਸ਼ਾਮ ਦੌਰਾਨ ਪੱਛਮੀ ਬੰਗਾਲ 'ਚ ਸਾਗਰ ਦੀਪ ਸਮੂਹ ਅਤੇ ਬੰਗਲਾਦੇਸ਼ ਦੇ ਹਤੀਆ ਦੀਪ ਸਮੂਹ ਦੇ ਵਿਚਾਲੇ ਪੱਛਮੀ ਬੰਗਾਲ-ਬੰਗਲਾਦੇਸ਼ ਤੱਟੀ ਖੇਤਰਾਂ ਤੋਂ ਗੁਜ਼ਰ ਸਕਦਾ ਹੈ।
ਦਾਸ ਨੇ ਦੱਸਿਆ ਹੈ ਕਿ ਇਸ ਦੇ ਪ੍ਰਭਾਵ 'ਚ ਉੱਤਰ ਅਤੇ ਦੱਖਣ 24 ਪਰਗਨਾ, ਕੋਲਕਾਤਾ, ਪੂਰਬ ਅਤੇ ਪੱਛਮੀ ਮਿਦਾਨਪੁਰ, ਹਾਵੜਾ ਅਤੇ ਹੁਗਲੀ ਸਮੇਤ ਪੱਛਮੀ ਬੰਗਾਲ ਦੇ ਤੱਟੀ ਜ਼ਿਲਿਆਂ 'ਚ 19 ਮਈ ਨੂੰ ਕਈ ਥਾਵਾਂ 'ਤੇ ਹਲਕੀ ਬਾਰਿਸ਼ ਹੋ ਸਕਦੀ ਹੈ ਅਤੇ ਕੁਝ ਥਾਵਾਂ 'ਤੇ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਹੈ ਕਿ 20 ਮਈ ਨੂੰ ਪੱਛਮੀ ਬੰਗਾਲ ਦੇ ਉਸ ਖੇਤਰ ਦੇ ਕਈ ਜ਼ਿਲਿਆਂ 'ਚ ਬਾਰਿਸ਼ ਦੀ ਸੰਭਾਵਨਾ ਹੈ, ਜਿੱਥੇ ਗੰਗਾ ਨਦੀ ਵੱਗਦੀ ਹੈ। ਉੱਤਰ ਅਤੇ ਦੱਖਣ 24 ਪਰਗਨਾ ਅਤੇ ਪੂਰਬੀ ਮਿਦਾਨਪੁਰ ਜ਼ਿਲਿਆਂ 'ਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋ ਸਕਦੀ ਹੈ।
ਮੌਸਮ ਕੇਂਦਰ ਦੇ ਅਨੁਸਾਰ ਸੋਮਵਾਰ ਤੋਂ ਓਡੀਸ਼ਾ 'ਚ ਅਮਫਾਨ ਦੇ ਕਾਰਨ ਗਜਪਤੀ, ਗੰਜਾਮ, ਪੁਰੀ, ਜਗਤਸਿੰਘਪੁਰ ਅਤੇ ਕੇਂਦਰਪਾੜਾ ਜ਼ਿਲਿਆਂ 'ਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਹੋਰ ਤੱਟੀ ਖੇਤਰਾਂ 'ਚ ਦਰਮਿਆਨੇ ਪੱਧਰ ਦੀ ਬਾਰਿਸ਼ ਹੋ ਸਕਦੀ ਹੈ। ਮੰਗਲਵਾਰ ਅਤੇ ਬੁੱਧਵਾਰ ਨੂੰ ਤੱਟੀ ਓਡੀਸ਼ਾ 'ਚ ਜ਼ਿਆਦਾਤਰ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਤੱਟੀ ਖੇਤਰਾਂ 'ਚ ਕੁਝ ਥਾਵਾਂ 'ਤੇ ਭਾਰੀ ਤੋਂ ਭਾਰੀ ਬਾਰਿਸ਼ ਵੀ ਹੋ ਸਕਦੀ ਹੈ।
ਕੋਰੋਨਾ ਨਾਲ ਜੰਗ ਵਿਚਾਲੇ ਪਬਲਿਕ ਸੈਕਟਰ ਨੂੰ ਨਿੱਜੀ ਖੇਤਰ ਲਈ ਖੋਲ੍ਹਣ ਦਾ ਐਲਾਨ
NEXT STORY