ਬੀਜਿੰਗ— ਭਾਰਤ ਨੇ ਚੀਨ ਨੂੰ ਸੋਮਵਾਰ ਨੂੰ ਕਿਹਾ ਕਿ ਇਹ ਪੁਖਤਾ ਕਰਨਾ ਮਹੱਤਵਪੂਰਨ ਹੈ ਕਿ ਕਿਸੇ ਵੀ ਤਰ੍ਹਾਂ ਦਾ ਦੋ-ਪੱਖੀ ਮਤਭੇਦ ਕਿਸੇ ਤਰ੍ਹਾਂ ਦੇ ਵਿਵਾਦ 'ਚ ਤਬਦੀਲ ਨਾ ਹੋਵੇ। ਅਸਲ 'ਚ ਭਾਰਤ ਨੇ ਇਹ ਟਿੱਪਣੀ ਉਦੋਂ ਕੀਤੀ ਜਦੋਂ ਚੀਨ ਨੇ ਕਿਹਾ ਕਿ ਉਹ ਕਸ਼ਮੀਰ ਮੁੱਦੇ 'ਤੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਤੇ ਉਸ ਦੀ ਜਟਿਲਤਾਵਾਂ 'ਤੇ ਨੇੜੇਓਂ ਨਜ਼ਰ ਰੱਖ ਰਿਹਾ ਹੈ। ਨਾਲ ਹੀ ਚੀਨ ਨੇ ਭਾਰਤ ਨੂੰ ਖੇਤਰੀ ਸ਼ਾਂਤੀ ਤੇ ਸਥਿਰਤਾ ਲਈ 'ਰਚਨਾਤਮਕ ਭੂਮਿਕਾ' ਨਿਭਾਊਣ ਦੀ ਵੀ ਅਪੀਲ ਕੀਤੀ।
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤਿੰਨ ਦਿਨ ਦੀ ਚੀਨ ਯਾਤਰਾ 'ਤੇ ਹਨ। ਉਨ੍ਹਾਂ ਨੇ ਚੀਨ ਦੇ ਉਪ ਰਾਸ਼ਟਰਪਤੀ ਵਾਂਗ ਕਿਸ਼ਾਨ ਨਾਲ ਮੁਲਾਕਾਤ ਕੀਤੀ ਤੇ ਇਸ ਤੋਂ ਬਾਅਦ ਵਿਦੇਸ਼ ਮੰਤਰੀ ਵਾਂਗ ਯੀ ਨਾਲ ਵੀ ਗੱਲਬਾਤ ਕੀਤੀ। ਵਾਂਗ ਨੇ ਜੈਸ਼ੰਕਰ ਦਾ ਸਵਾਗਤ ਕੀਤਾ ਤੇ ਇਸ ਦੌਰਾਨ ਉਨ੍ਹਾਂ ਨੇ ਧਾਰਾ 370 ਦੇ ਤਹਿਤ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਕਾਨੂੰਨਾਂ ਨੂੰ ਖਤਮ ਕਰਨ ਦੇ ਭਾਰਤ ਦੇ ਕਦਮ ਦਾ ਸਿੱਧਾ ਜ਼ਿਕਰ ਨਹੀਂ ਕੀਤਾ ਪਰ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਦਾ ਜ਼ਿਕਰ ਕੀਤਾ। ਵਾਂਗ ਨੇ ਕਿਹਾ ਕਿ ਸ਼ਾਂਤੀ ਦੇ ਪੰਜ ਸਿਧਾਂਤਾਂ ਦੇ ਆਧਾਰ 'ਤੇ ਸਾਡੇ ਵਿਚਾਲੇ ਰਸਮੀ ਲਾਭਕਾਰੀ ਸਹਿਯੋਗ ਹੋ ਸਕਦਾ ਹੈ। ਇਹ ਸਾਡੇ ਲੋਕਾਂ ਦੇ ਹਿੱਤ 'ਚ ਹੈ ਤੇ ਇਹ ਗਲੋਬਲ ਸ਼ਾਂਤੀ ਤੇ ਮਨੁੱਖੀ ਵਿਕਾਸ 'ਚ ਯੋਗਦਾਨ ਦੇਵੇਗਾ। ਉਨ੍ਹਾਂ ਕਿਹਾ ਕਿ ਚੀਨ ਤੇ ਭਾਰਤ ਦੋ ਵੱਡੇ ਦੇਸ਼ ਹਨ ਤੇ ਇਸ ਨਾਤੇ ਉਨ੍ਹਾਂ 'ਤੇ ਖੇਤਰੀ ਸ਼ਾਂਤੀ ਤੇ ਸਥਿਰਤਾ ਬਣਾਏ ਰੱਖਣ ਦੀ ਅਹਿਮ ਜ਼ਿੰਮੇਦਾਰੀ ਹੈ। ਵਾਂਗ ਨੇ ਅੱਗੇ ਕਿਹਾ ਕਿ ਜਦੋਂ ਗੱਲ ਭਾਰਤ ਤੇ ਪਾਕਿਸਤਾਨ ਵਿਚਾਲੇ ਹਾਲੀਆ ਤਣਾਅ ਤੇ ਇਸ ਨਾਲ ਸੰਭਾਵਿਤ ਜਟਿਲਤਾਵਾਂ ਦੀ ਆਉਂਦੀ ਹੈ ਤਾਂ ਅਸੀਂ ਇਨ੍ਹਾਂ ਘਟਨਾਵਾਂ 'ਤੇ ਨੇੜੇਓਂ ਨਜ਼ਰ ਰੱਖਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਵੀ ਖੇਤਰੀ ਸ਼ਾਂਤੀ ਤੇ ਸਥਿਰਤਾ ਲਈ ਰਚਨਾਤਮਕ ਭੂਮਿਕਾ ਨਿਭਾਏਗਾ।
ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਤੋਂ ਬਾਅਦ ਜੈਸ਼ੰਕਰ ਚੀਨ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਮੰਤਰੀ ਹਨ। ਉਨ੍ਹਾਂ ਦਾ ਇਹ ਦੌਰਾ ਅਜਿਹੇ ਵੇਲੇ 'ਚ ਹੋਇਆ ਜਦੋਂ ਭਾਰਤ ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰ ਦਿੱਤਾ ਤੇ ਉਸ ਨੂੰ ਦੋ ਕੇਂਦਰਸ਼ਾਸਤ ਪ੍ਰਦੇਸ਼ਾਂ 'ਚ ਵੰਡ ਦਿੱਤਾ ਹੈ। ਹਾਲਾਂਕਿ ਉਨ੍ਹਾਂ ਦਾ ਇਹ ਦੌਰਾ ਧਾਰਾ 370 ਖਤਮ ਕਰਨ ਤੋਂ ਬਹੁਤ ਪਹਿਲਾਂ ਹੀ ਤੈਅ ਹੋ ਚੁੱਕਿਆ ਸੀ। ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਦੀ ਇਹ ਯਾਤਰਾ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੀ 9 ਅਗਸਤ ਦੀ ਚੀਨ ਯਾਤਰਾ ਤੋਂ ਬਾਅਦ ਹੋ ਰਹੀ ਹੈ। ਕੁਰੈਸ਼ੀ ਭਾਰਤ ਦੇ ਜੰਮੂ-ਕਸ਼ਮੀਰ 'ਤੇ ਫੈਸਲੇ ਖਿਲਾਫ ਚੀਨ ਦਾ ਸਮਰਥਨ ਹਾਸਲ ਕਰਨ ਚੀਨ ਪਹੁੰਚੇ ਸਨ। ਭਾਰਤ ਹਮੇਸ਼ਾ ਹੀ ਕਹਿੰਦਾ ਆਇਆ ਹੈ ਕਿ ਜੰਮੂ-ਕਸ਼ਮੀਰ ਦੇਸ਼ ਦਾ ਹਿੱਸਾ ਹੈ ਤੇ ਇਹ ਉਸ ਦਾ ਅੰਦਰੂਨੀ ਮਾਮਲਾ ਹੈ। ਜੈਸ਼ੰਕਰ ਦੀ ਇਸ ਯਾਤਰਾ ਦਾ ਮੁੱਖ ਟੀਚਾ ਇਸ ਸਾਲ ਦੇ ਅਖੀਰ 'ਚ ਹੋਣ ਵਾਲੀ ਚੀਨੀ ਰਾਸ਼ਟਰਪਤੀ ਦੀ ਭਾਰਤ ਯਾਤਰਾ ਦੀਆਂ ਤਿਆਰੀਆਂ ਨੂੰ ਆਖਰੀ ਰੂਪ ਦੇਣਾ ਹੈ।
ਮੁਲਾਕਾਤ ਦੌਰਾਨ ਸ਼ੁਰੂਆਤੀ ਟਿੱਪਣੀ 'ਚ ਜੈਸ਼ੰਕਰ ਨੇ ਕਿਹਾ ਕਿ ਜਿਵੇਂ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਤੇ ਚੀਨ ਦੇ ਵਿਚਾਲੇ ਸਬੰਧਾਂ ਦਾ ਵਿਸ਼ਵ ਦੀ ਸਿਆਸਤ 'ਚ ਬਹੁਤ ਖਾਸ ਸਥਾਨ ਹੈ। ਦੋ ਸਾਲ ਪਹਿਲਾਂ ਸਾਡੇ ਨੇਤਾ ਅਸਤਾਨਾ 'ਚ ਇਕ ਆਮ ਸਹਿਮਤੀ 'ਤੇ ਪਹੁੰਚੇ ਸਨ ਕਿ ਅਜਿਹੇ ਸਮੇਂ 'ਚ ਜਦੋਂ ਦੁਨੀਆ 'ਚ ਪਹਿਲਾਂ ਨਾਲੋਂ ਜ਼ਿਆਦਾ ਅਨਿਸ਼ਚਿਤਤਾ ਹੈ, ਭਾਰਤ ਤੇ ਚੀਨ ਦੇ ਵਿਚਾਲੇ ਸਥਿਰਤਾ ਹੋਣੀ ਚਾਹੀਦੀ ਹੈ। ਜੈਸ਼ੰਕਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਚਿਨਫਿੰਗ ਦੇ ਵਿਚਾਲੇ ਹੋਈ ਸਿਖਰ ਗੱਲਬਾਤ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਸ ਨੂੰ ਪੁਖਤਾ ਕਰਨ ਲਈ ਜ਼ਰੂਰੀ ਹੈ ਕਿ ਸਾਡੇ ਵਿਚਾਲੇ ਜੇਕਰ ਕੋਈ ਮਤਭੇਦ ਹੈ ਤਾਂ ਉਹ ਵਿਵਾਦ 'ਚ ਤਬਦੀਲ ਨਹੀਂ ਹੋਣਾ ਚਾਹੀਦਾ। ਇਹ ਬਹੁਤ ਦੀ ਸੰਤੋਸ਼ ਦੀ ਗੱਲ ਹੈ ਕਿ ਪਿਛਲੇ ਸਾਲ ਵੁਹਾਨ ਸੰਮੇਲਨ 'ਚ ਸਾਡੇ ਨੇਤਾਵਾਂ ਵਿਚਾਲੇ ਬਹੁਤ ਗਹਿਰੀ, ਰਚਨਾਤਮਕ ਤੇ ਖੁੱਲ੍ਹਕੇ ਗੱਲ ਹੋਈ ਸੀ। ਅਸੀਂ ਉਦੋਂ ਤੋਂ ਉਸ ਦੇ ਅਸਰ ਨੂੰ ਦੋ-ਪੱਖੀ ਸਬੰਧਾਂ 'ਤੇ ਦੇਖਿਆ ਹੈ। ਸਾਡੇ ਨੇਤਾਵਾਂ ਵਲੋਂ ਸਾਡੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਦਿੱਤੇ ਜਾਣ ਵਾਲੇ ਯੋਗਦਾਨ ਦੇ ਮੱਦੇਨਜ਼ਰ ਅੱਜ ਇਹ ਮਹੱਤਵਪੂਰਨ ਹੈ ਕਿ ਸਬੰਧਾਂ ਲਈ ਜਨਤਾ ਦਾ ਸਮਰਥਨ ਜੁਟਾਇਆ ਜਾਵੇ। ਅਸੀਂ ਇਕ-ਦੂਜੇ ਦੀਆਂ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਹੋ ਕੇ ਤੇ ਮਤਭੇਦਾਂ ਨੂੰ ਠੀਕ ਤਰ੍ਹਾਂ ਨਾਲ ਸੰਭਾਲਕੇ ਸਾਲਾਂ ਤੱਕ ਇਹ ਕੀਤਾ ਹੈ। ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਵਿਦੇਸ਼ ਮੰਤਰੀ ਦੇ ਰੂਪ 'ਚ ਮੇਰੇ ਕਾਰਜਕਾਲ ਦੀ ਸ਼ੁਰੂਆਤ 'ਚ ਹੀ ਮੈਨੂੰ ਚੀਨ ਆਉਣ ਤੇ ਆਪਣੇ ਨਾਲ ਉੱਚ ਪੱਧਰੀ ਤੰਤਰ ਦੀ ਸਹਿ-ਪ੍ਰਧਾਨਗੀ ਕਰਨ ਤੇ ਸਾਡੇ ਦੋ ਨੇਤਾਵਾਂ ਵਿਚਾਲੇ ਰਸਮੀ ਸਿਖਰ ਸੰਮੇਲਨ ਦੀ ਤਿਆਰੀ ਕਰਨ ਦੀ ਮੌਕਾ ਮਿਲਿਆ।
ਉਥੇ ਹੀ ਵਾਂਗ ਨੇ ਜੈਸ਼ੰਕਰ ਦੇ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਅਸੀਂ ਗੰਭੀਰ ਚਰਚਾ ਕੀਤੀ ਤੇ ਵੱਡੀਆਂ ਬੈਠਕਾਂ 'ਚ ਵੀ ਦੋ-ਪੱਖੀ ਮੁੱਦਿਆਂ ਤੇ ਦੋਵਾਂ ਪੱਖਾਂ ਦੇ ਵਿਚਾਲੇ ਅਹਿਮ ਸਿਆਸੀ ਏਜੰਡੇ 'ਤੇ ਮਹੱਤਵਪੂਰਨ ਚਰਚਾ ਹੋਵੇਗੀ। ਮੈਨੂੰ ਯਕੀਨ ਹੈ ਕਿ ਇਸ ਵਾਰ ਤੁਹਾਡੀ ਯਾਤਰਾ ਦੋ-ਪੱਖੀ ਸਬੰਧਾਂ ਤੇ ਖੇਤਰੀ ਸਥਿਰਤਾ ਲਈ ਉਪਯੋਗੀ ਸਾਬਿਤ ਹੋਵੇਗੀ। ਇਕ ਵਾਰ ਫਿਰ ਤੁਹਾਡਾ ਚੀਨ 'ਚ ਸਵਾਗਤ ਹੈ।
22 ਸਾਲ ਪੁਰਾਣੀ ਪਾਣੀ ਦੀ ਟੈਂਕੀ ਢਹਿਣ ਨਾਲ 3 ਦੀ ਮੌਤ, 6 ਜ਼ਖਮੀ
NEXT STORY