ਜੰਮੂ, (ਰਿਤੇਸ਼)- ਜੰਮੂ-ਕਸ਼ਮੀਰ ਦੇ ਗੰਦਰਬਲ ਜ਼ਿਲੇ ’ਚ ਸਥਿਤ ਪ੍ਰਸਿੱਧ ਮਾਨਸਬਲ ਝੀਲ ਦੇ ਹੇਠਾਂ ਇਕ ਪੁਰਾਤਨ ਸਮੇਂ ਦਾ ਡੁੱਬਿਆ ਹੋਇਆ ਮੰਦਰ ਮਿਲਿਆ ਹੈ।
ਭਾਰਤੀ ਪੁਰਾਤੱਤਵ ਸਰਵੇਖਣ ਦੇ ਹਾਈਡ੍ਰੋ-ਆਰਕਿਆਲੋਜੀ ਸੈੱਲ ਨੇ ਕੁਝ ਸਮਾਂ ਪਹਿਲਾਂ ਇਕ ਵਿਗਿਆਨਕ ਹਾਈਡ੍ਰੋ ਆਰਕਿਓਲੋਜੀਕਲ ਖੋਜ ਪੂਰੀ ਕੀਤੀ ਹੈ। ਇਹ ਖੋਜ ਅਤਿ-ਆਧੁਨਿਕ ਤਕਨਾਲੋਜੀ ਤੇ ਆਧੁਨਿਕ ਉਪਕਰਣਾਂ ਦੀ ਵਰਤੋਂ ਕਰ ਕੇ ਕੀਤੀ ਗਈ। ਮੰਤਵ ਝੀਲ ਦੇ ਬਿਲਕੁੱਲ ਸਾਫ਼ ਪਾਣੀ ਦੇ ਹੇਠਾਂ ਆਰਕੀਟੈਕਚਰਲ ਰਹਿੰਦ-ਖੂੰਹਦ ਦੀ ਸੰਭਾਲ ਸਥਿਤੀ ਦਾ ਅਧਿਐਨ ਤੇ ਮੁਲਾਂਕਣ ਕਰਨਾ ਸੀ।
ਮੁਢਲੀ ਜਾਂਚ ਝੀਲ ਹੇਠਾਂ ਇਕ ਮੰਦਰ ਕੰਪਲੈਕਸ ਦੇ ਢਾਂਚਾਗਤ ਹਿੱਸੇ ਦੀ ਮੌਜੂਦਗੀ ਨੂੰ ਦਰਸਾਉਂਦੀ ਹੈ, ਜੋ ਖੇਤਰ ਦੀ ਇਤਿਹਾਸਕ ਤੇ ਸੱਭਿਆਚਾਰਕ ਅਹਿਮੀਅਤ ’ਤੇ ਨਵੀਂ ਰੌਸ਼ਨੀ ਪਾ ਸਕਦੀ ਹੈ। ਇਸ ਮੁਹਿੰਮ ਦੀ ਅਗਵਾਈ ਪੁਰਾਤੱਤਵ ਸਰਵੇਖਣ ਦੇ ਵਧੀਕ ਡਾਇਰੈਕਟਰ ਜਨਰਲ ਪ੍ਰੋ. ਆਲੋਕ ਤ੍ਰਿਪਾਠੀ ਨੇ ਕੀਤੀ। ਇਸ ’ਚ ਡਾ. ਅਪਰਾਜਿਤਾ ਸ਼ਰਮਾ ਤੇ ਡਾ. ਰਾਜਕੁਮਾਰੀ ਬਾਰਬੀਨਾ ਸਮੇਤ ਕਈ ਸਿਖਲਾਈ ਪ੍ਰਾਪਤ ਹਾਈਡ੍ਰੋ ਆਰਕਿਓਲੋਜਿਸਟ ਸ਼ਾਮਲ ਸਨ।
ਟੀਮ ਨੇ ਸੋਨਾਰ ਸਕੈਨਿੰਗ, ਅੰਡਰਵਾਟਰ ਕੈਮਰੇ ਤੇ ਆਧੁਨਿਕ ਗੋਤਾਖੋਰੀ ਉਪਕਰਣਾਂ ਦੀ ਵਰਤੋਂ ਕੀਤੀ। ਪੁਰਾਤੱਤਵ ਸਰਵੇਖਣ ਦੇ ਅਧਿਕਾਰੀਆਂ ਅਨੁਸਾਰ ਹਾਸਲ ਜਾਣਕਾਰੀ ਦਾ ਵਿਗਿਆਨਕ ਵਿਸ਼ਲੇਸ਼ਣ ਜਾਰੀ ਹੈ। ਇਹ ਪ੍ਰਾਜੈਕਟ ਆਰਕਿਆਲੋਜੀ ਸੈੱਲ ਦੇ ਭਾਰਤ ਦੀ ਡੁੱਬੀ ਸੱਭਿਆਚਾਰਕ ਵਿਰਾਸਤ ਨੂੰ ਲੱਭਣ ਤੇ ਸੁਰੱਖਿਅਤ ਰੱਖਣ ਦੇ ਚੱਲ ਰਹੇ ਯਤਨਾਂ ਦਾ ਹਿੱਸਾ ਹੈ।
Post Office ਦੀਆਂ ਇਨ੍ਹਾਂ 5 ਸਕੀਮਾਂ 'ਚ ਮਿਲਦੇ ਹਨ ਜ਼ਬਰਦਸਤ ਰਿਟਰਨ, ਦੇਖੋ ਲਿਸਟ
NEXT STORY