ਭੋਪਾਲ— ਪੰਜਾਬ ਦੇ ਇਕ ਸਾਬਕਾ ਰਾਜਪਾਲ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਰਜੁਨ ਸਿੰਘ ਦੀ ਪਤਨੀ ਸਰੋਜ ਸਿੰਘ ਨੇ ਆਪਣੇ ਬੇਟਿਆਂ ਅਜੇ ਸਿੰਘ ਅਤੇ ਅਭੀਮਨਿਊ ਸਿੰਘ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ। ਸਰੋਜ ਸਿੰਘ ਨੇ ਦੋਵਾਂ ਬੇਟਿਆਂ ਵਿਰੁੱਧ ਘਰੇਲੂ ਹਿੰਸਾ ਦੇ ਨਾਲ-ਨਾਲ ਉਸ ਨੂੰ ਜਾਇਦਾਦ ਤੋਂ ਬੇਦਖਲ ਕਰਨ ਦਾ ਵੀ ਦੋਸ਼ ਲਾਇਆ ਹੈ। ਸਰੋਜ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਬੇਟਿਆਂ ਨੇ ਉਸ ਨੂੰ ਘਰ 'ਚ ਰੱਖਣ ਤੋਂ ਨਾਂਹ ਕਰਦਿਆਂ ਬੇਦਖਲ ਕਰ ਦਿੱਤਾ ਹੈ।
80 ਸਾਲਾ ਸਰੋਜ ਸਿੰਘ ਮੰਗਲਵਾਰ ਦੁਪਹਿਰ 12 ਵਜੇ ਐੱਨ.ਆਰ. ਆਈ. ਉਦਯੋਗਪਤੀ ਸੈਮ ਵਰਮਾ ਅਤੇ ਆਪਣੀ ਬੇਟੀ ਵੀਨਾ ਸਿੰਘ ਨਾਲ ਅਦਾਲਤ ਪਹੁੰਚੀ। ਅਦਾਲਤ ਵਿਚ ਦਾਇਰ ਸ਼ਿਕਾਇਤ ਪੱਤਰ ਮੁਤਾਬਕ ਸਰੋਜ ਸਿੰਘ ਨੇ ਕਿਹਾ ਕਿ ਮੇਰੇ ਬੇਟਿਆਂ ਨੇ ਮੈਨੂੰ ਹੀ ਮੇਰੇ ਘਰ ਵਿਚੋਂ ਕੱਢ ਦਿੱਤਾ ਹੈ। ਇਸ ਉਮਰ 'ਚ ਮੇਰੀ ਸੇਵਾ-ਸੰਭਾਲ ਕਰਨ ਤੋਂ ਉਨ੍ਹਾਂ ਨਾਂਹ ਕਰ ਦਿੱਤੀ ਹੈ। ਮਜਬੂਰੀ 'ਚ ਮੈਨੂੰ ਅਦਾਲਤ ਦੀ ਸ਼ਰਨ ਲੈਣੀ ਪਈ ਹੈ।
ਸਰੋਜ ਨੇ ਕਿਹਾ ਕਿ ਮੇਰੇ ਪਤੀ ਅਰੁਜਨ ਸਿੰਘ ਨੇ ਕਾਂਗਰਸ ਪਾਰਟੀ 'ਚ ਰਹਿ ਕੇ ਦੇਸ਼ ਦੀ ਸੇਵਾ ਕੀਤੀ। ਹੁਣ ਉਨ੍ਹਾਂ ਦੇ ਹੀ ਬੇਟਿਆਂ ਨੇ ਸਭ ਨਿਯਮਾਂ ਨੂੰ ਛਿੱਕੇ 'ਤੇ ਟੰਗ ਕੇ ਮੈਨੂੰ ਘਰੋਂ ਬੇਦਖਲ ਕਰ ਦਿੱਤਾ ਹੈ। ਮੇਰੀ ਅਦਾਲਤ ਨੂੰ ਬੇਨਤੀ ਹੈ ਕਿ ਮੈਨੂੰ ਆਪਣੇ ਘਰ 'ਚ ਰਹਿਣ ਦੀ ਆਗਿਆ ਦੁਆਈ ਜਾਏ। ਦੱਸਣਯੋਗ ਹੈ ਕਿ ਅਰਜੁਨ ਸਿੰਘ ਦਾ 7 ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਅਜੇ ਸਿੰਘ ਮੱਧ ਪ੍ਰਦੇਸ਼ ਕਾਂਗਰਸ ਦੇ ਇਕ ਪ੍ਰਮੁੱਖ ਅਹੁਦੇਦਾਰ ਹਨ। ਸਰੋਜ ਸਿੰਘ ਦੇ ਇਸ ਕਦਮ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਗੱਠਜੋੜ ਦੀ ਸਿਆਸਤ 'ਚ ਕਿਸੇ ਨੂੰ ਨਾਰਾਜ਼ ਨਹੀਂ ਕਰ ਸਕਦੇ: ਅਖਿਲੇਸ਼ ਯਾਦਵ
NEXT STORY