ਨੈਸ਼ਨਲ ਡੈਸਕ - ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ ਦੇ ਸੂਰਤਗੜ੍ਹ ਰੇਲਵੇ ਸਟੇਸ਼ਨ ਤੋਂ ਨਿਕਲੀ ਜੰਮੂਤਵੀ ਐਕਸਪ੍ਰੈਸ ਵਿੱਚ ਇਕ ਦਰਦਨਾਕ ਵਾਕਿਆ ਸਾਹਮਣੇ ਆਇਆ ਹੈ। ਐਤਵਾਰ ਰਾਤ ਟ੍ਰੇਨ ਦੇ ਸਲੀਪਰ ਕੋਚ S-8 ਵਿੱਚ ਹੋਏ ਝਗੜੇ ਦੌਰਾਨ ਇਕ ਆਰਮੀ ਜਵਾਨ ਦੀ ਚਾਕੂ ਨਾਲ ਗੋਦ ਕੇ ਹੱਤਿਆ ਕਰ ਦਿੱਤੀ ਗਈ।
ਮ੍ਰਿਤਕ ਜਵਾਨ ਦੀ ਪਛਾਣ ਜਿਗਰ ਕੁਮਾਰ (27) ਵਜੋਂ ਹੋਈ ਹੈ, ਜੋ ਗੁਜਰਾਤ ਦਾ ਰਹਿਣ ਵਾਲਾ ਸੀ। ਜਿਗਰ ਕੁਮਾਰ ਫਿਰੋਜ਼ਾਬਾਦ ਤੋਂ ਜੰਮੂਤਵੀ ਐਕਸਪ੍ਰੈਸ ’ਚ ਸਵਾਰ ਹੋਇਆ ਸੀ ਤੇ ਬੀਕਾਨੇਰ ਜਾ ਰਿਹਾ ਸੀ। ਯਾਤਰਾ ਦੌਰਾਨ ਕਿਸੇ ਗੱਲ ਨੂੰ ਲੈ ਕੇ ਉਸਦਾ ਟ੍ਰੇਨ ਦੇ ਕੋਚ ਅਟੈਂਡੈਂਟ ਨਾਲ ਵਿਵਾਦ ਹੋ ਗਿਆ।
ਅੱਖੀਂ ਦੇਖੇ ਗਵਾਹਾਂ ਮੁਤਾਬਕ, ਗੱਲਬਾਤ ਬਦਤਮੀਜ਼ੀ ਵਿੱਚ ਬਦਲੀ ਤੇ ਕੋਚ ਅਟੈਂਡੈਂਟ ਨੇ ਜਵਾਨ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਕਈ ਵਾਰਾਂ ਨਾਲ ਜਿਗਰ ਕੁਮਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਦੋਂ ਟ੍ਰੇਨ ਬੀਕਾਨੇਰ ਸਟੇਸ਼ਨ ਪਹੁੰਚੀ ਤਾਂ ਉਸਨੂੰ ਜਲਦੀ ਪੀਬੀਐਮ ਹਸਪਤਾਲ ਦੇ ਟ੍ਰੌਮਾ ਸੈਂਟਰ ਲਿਜਾਇਆ ਗਿਆ, ਪਰ ਉਸਨੇ ਰਾਹ ਵਿਚ ਹੀ ਦਮ ਤੋੜ ਦਿੱਤਾ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸੈਨਾ ਦੇ ਅਧਿਕਾਰੀ ਰਾਤ ਦੇ ਸਮੇਂ ਹਸਪਤਾਲ ਪਹੁੰਚੇ ਅਤੇ ਮਾਮਲੇ ਦੀ ਜਾਣਕਾਰੀ ਲਈ। ਜੀ.ਆਰ.ਪੀ. (ਰੇਲਵੇ ਪੁਲਸ) ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੋਚ ਅਟੈਂਡੈਂਟ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ, ਹਾਲਾਂਕਿ ਉਸਦੀ ਪਛਾਣ ਹਜੇ ਪੂਰੀ ਤਰ੍ਹਾਂ ਸਾਫ਼ ਨਹੀਂ ਹੋਈ।
ਪੁਲਸ ਨੇ ਹੋਰ ਯਾਤਰੀਆਂ ਦੇ ਬਿਆਨ ਦਰਜ ਕਰਨ ਸ਼ੁਰੂ ਕਰ ਦਿੱਤੇ ਹਨ। ਇਸ ਘਟਨਾ ਦਾ ਇਕ ਵੀਡੀਓ ਵੀ ਵਾਇਰਲ ਹੋਇਆ ਹੈ ਜਿਸ ਵਿੱਚ ਜਵਾਨ ਖ਼ੂਨ ਨਾਲ ਲਥਪਥ ਤੜਫਦਾ ਦਿਖਾਈ ਦੇ ਰਿਹਾ ਹੈ ਅਤੇ ਦੁਖਦਾਈ ਗੱਲ ਇਹ ਹੈ ਕਿ ਕਿਸੇ ਨੇ ਵੀ ਉਸਦੀ ਮਦਦ ਨਹੀਂ ਕੀਤੀ।
ਚੋਣ ਕਮਿਸ਼ਨ ਨੇ ਮਦਰਾਸ ਹਾਈ ਕੋਰਟ ਨੂੰ ਦੱਸਿਆ SIR ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ
NEXT STORY