ਬਨਿਹਾਲ/ਜੰਮੂ (ਭਾਸ਼ਾ)- ਫ਼ੌਜ ਦੇ ਜਵਾਨਾਂ ਨੇ ਸੜਕ 'ਤੇ ਵਿਛੀ ਚਾਰ ਤੋਂ 6 ਫੁੱਟ ਬਰਫ਼ 'ਤੇ ਕਰੀਬ 14 ਕਿਲੋਮੀਟਰ ਤੁਰ ਕੇ ਇਕ ਪਿੰਡ ਤੋਂ ਗਰਭਵਤੀ ਔਰਤ ਨੂੰ ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ 'ਚ ਇਕ ਹਸਪਤਾਲ ਪਹੁੰਚਾਇਆ। ਰੱਖਿਆ ਬੁਲਾਰੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੁਲਸੁਮ ਅਖ਼ਤਰ (25) ਨੂੰ ਖ਼ਰਾਬ ਮੌਸਮ ਦਰਮਿਆਨ ਮੰਗਤ ਇਲਾਕੇ ਤੋਂ ਕੱਢਿਆ ਗਿਆ। ਬੁਲਾਰੇ ਅਨੁਸਾਰ ਫ਼ੌਜ ਦੀ ਸਥਾਨਕ ਇਕਾਈ ਨੂੰ ਖਾਰੀ ਤਹਿਸੀਲ ਦੇ ਹਰਗਾਮ ਤੋਂ ਸਰਪੰਚ ਅਤੇ ਹੋਰ ਪਿੰਡ ਵਾਸੀਆਂ ਤੋਂ ਸੂਚਨਾ ਮਿਲੀ ਕਿ ਇਕ ਗਰਭਵਤੀ ਔਰਤ ਨੂੰ ਮੈਡੀਕਲ ਮਦਦ ਦੀ ਲੋੜ ਹੈ। ਉਨ੍ਹਾਂ ਦੱਸਿਆ,''ਭਾਰੀ ਬਰਫ਼ਬਾਰੀ ਕਾਰਨ ਸੜਕਾਂ ਪੂਰੀ ਤਰ੍ਹਾਂ ਬੰਦ ਹੋ ਗਈਆਂ ਸਨ ਅਤੇ ਉਨ੍ਹਾਂ 'ਚ ਤਿਲਕਣ ਹੋ ਗਈ ਸੀ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਭਾਰਤੀ ਫ਼ੌਜ ਦੇ ਬਚਾਅ ਅਤੇ ਮੈਡੀਕਲ ਦਲ ਨੇ ਆਪਣੀ ਸੁਰੱਖਿਆ ਨੂੰ ਖ਼ਤਰੇ 'ਚ ਪਾਉਂਦੇ ਹੋਏ ਤੁਰੰਤ ਫ਼ੈਸਲਾ ਲਿਆ।''
ਬੁਲਾਰੇ ਅਨੁਸਾਰ ਫ਼ੌਜ 4 ਤੋਂ 6 ਫੁੱਟ ਬਰਫ਼ 'ਤੇ ਖ਼ੁਦ ਰਸਤਾ ਬਣਾਉਂਦੇ ਹੋਏ ਪਹੁੰਚੇ ਅਤੇ ਉਨ੍ਹਾਂ ਨੇ ਸਟਰੈਚਰ 'ਤੇ ਗਰਭਵਤੀ ਔਰਤ ਨੂੰ 14 ਕਿਲੋਮੀਟਰ ਦੂਰ ਅਗਨਾਰੀ ਪਿੰਡ ਪਹੁੰਚਾਇਆ, ਉੱਥੇ ਫ਼ੌਜ ਦੀ ਇਕ ਐਂਬੂਲੈਂਸ ਸੀ। ਉਨ੍ਹਾਂ ਦੱਸਿਆ ਕਿ ਔਰਤ ਨੂੰ ਬਨਿਹਾਲ 'ਚ ਉਪ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਗਿਆ। ਖ਼ਰਾਬ ਮੌਸਮ 'ਚ ਬਰਫ਼ ਨਾਲ ਢੱਕੇ ਰਸਤੇ 'ਚ 6 ਘੰਟੇ ਦੀ ਇਸ ਬਚਾਅ ਮੁਹਿੰਮ ਨੇ ਲੋਕਾਂ 'ਚ ਆਪਣੇ ਫ਼ੌਜੀਆਂ ਦੇ ਪ੍ਰਤੀ ਵਿਸ਼ਵਾਸ ਨੂੰ ਹੋਰ ਮਜ਼ਬੂਤ ਕੀਤਾ ਹੈ। ਬੁਲਾਰੇ ਨੇ ਦੱਸਿਆ ਕਿ ਡਾਕਟਰ ਹਸਪਤਾਲ ਤੱਕ ਔਰਤ ਦੇ ਨਾਲ ਸਨ। ਔਰਤ ਦੇ ਪਰਿਵਾਰ ਨੇ ਹਥਿਆਰਬੰਦ ਫ਼ੋਰਸਾਂ ਦਾ ਧੰਨਵਾਦ ਕੀਤਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
NCP ਦੀ ਸੰਸਦ ਮੈਂਬਰ ਸੁਪ੍ਰਿਆ ਸੁਲੇ ਦੀ ਸਾੜ੍ਹੀ ਨੂੰ ਇਕ ਸਮਾਗਮ ਦੌਰਾਨ ਅਚਾਨਕ ਲੱਗੀ ਅੱਗ
NEXT STORY