ਸ਼ਹਿਡੋਲ (ਭਾਸ਼ਾ)— ਮਹਾਰਾਸ਼ਟਰ ਦੇ ਔਰੰਗਾਬਾਦ 'ਚ ਵਾਪਰੇ ਟਰੇਨ ਹਾਦਸੇ 'ਚ ਮਾਰੇ ਗਏ ਦੋ ਭਰਾਵਾਂ ਬ੍ਰਜੇਸ਼ ਅਤੇ ਸ਼ਿਵਦਿਆਲ ਨੇ ਹਾਦਸੇ ਤੋਂ ਇਕ ਦਿਨ ਪਹਿਲਾਂ ਹੀ ਆਪਣੇ ਪਿਤਾ ਨੂੰ ਫੋਨ ਕਰ ਕੇ ਕਿਹਾ ਸੀ ਕਿ ਉਹ ਸਪੈਸ਼ਲ ਟਰੇਨ ਜ਼ਰੀਏ ਛੇਤੀ ਹੀ ਆਪਣੇ ਪਿੰਡ ਪਹੁੰਚਣਗੇ। ਬ੍ਰਜੇਸ਼ ਅਤੇ ਸ਼ਿਵਦਿਆਲ ਦੇ ਪਿਤਾ ਗਜਰਾਜ ਨੇ ਸ਼ਹਿਡੋਲ ਜ਼ਿਲੇ ਦੇ ਪਿੰਡ ਅੰਤੋਲੀ ਤੋਂ ਫੋਨ ਜ਼ਰੀਏ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਦਸੇ ਤੋਂ ਇਕ ਦਿਨ ਪਹਿਲਾਂ ਦੋਹਾਂ ਪੁੱਤਰਾਂ ਨੇ ਫੋਨ 'ਤੇ ਦੱਸਿਆ ਸੀ ਕਿ ਮਹਾਰਾਸ਼ਟਰ ਤੋਂ ਟਰੇਨ ਚੱਲਣ ਵਾਲੀ ਹੈ, ਜਿਸ ਵਿਚ ਬੈਠ ਕੇ ਸ਼ਹਿਡੋਲ ਆਉਣਗੇ। ਪੁੱਤਰਾਂ ਨੇ ਇਹ ਵੀ ਦੱਸਿਆ ਕਿ ਟਰੇਨ ਫੜਨ ਲਈ ਪੈਦਲ ਨਿਕਲ ਚੁੱਕੇ ਹਨ ਅਤੇ ਸ਼ੁੱਕਰਵਾਰ ਨੂੰ ਟਰੇਨ 'ਚ ਬੈਠ ਜਾਣਗੇ। ਆਪਣੇ ਹੰਝੂਆਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਗਜਰਾਜ ਨੇ ਕਿਹਾ ਕਿ ਪੁੱਤ ਤਾਂ ਨਹੀਂ ਆਏ ਪਰ ਉਨ੍ਹਾਂ ਦੀ ਮੌਤ ਦੀ ਖ਼ਬਰ ਆ ਗਈ।

ਇਸ ਹਾਦਸੇ ਵਿਚ ਜ਼ਿਲੇ ਦੇ ਬਨਚਾਚਰ ਪਿੰਡ ਦੇ ਦੋ ਸਕੇ ਭਰਾਵਾਂ ਨਿਰਵੇਸ਼ ਸਿੰਘ ਅਤੇ ਰਵਿੰਦਰ ਸਿੰਘ ਦੀ ਵੀ ਮੌਤ ਹੋ ਗਈ। ਉਨ੍ਹਾਂ ਦੇ ਪਿਤਾ ਰਾਮਨਿਰੰਜਨ ਸਿੰਘ ਨੇ ਕਿਹਾ ਕਿ ਮੇਰੇ ਬੁਢਾਪੇ ਦਾ ਸਹਾਰਾ ਖੋਹ ਲਿਆ ਅਤੇ ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਹੁਣ ਅੱਗੇ ਮੇਰੀ ਜ਼ਿੰਦਗੀ ਕਿਵੇਂ ਕਟੇਗੀ। ਦੱਸ ਦੇਈਏ ਕਿ ਇਸ ਭਿਆਨਕ ਟਰੇਨ ਹਾਦਸੇ ਵਿਚ ਦਾ ਸ਼ਿਕਾਰ ਹੋਏ ਸਾਰੇ ਲੋਕ ਆਪਸ ਵਿਚ ਰਿਸ਼ਤੇਦਾਰ ਸਨ। ਜੋ ਕਿ ਮੱਧ ਪ੍ਰਦੇਸ ਦੇ ਸ਼ਹਿਡੋਲ ਜਾ ਰਹੇ ਸਨ। ਸ਼ਹਿਡੋਲ ਜ਼ਿਲੇ ਦੇ 11 ਮ੍ਰਿਤਕਾਂ ਦੀਆਂ ਲਾਸ਼ਾਂ ਸ਼ਨੀਵਾਰ ਦੁਪਹਿਰ ਸ਼ਹਿਡੋਲ ਪਹੁੰਚਣਗੀਆਂ। ਹਾਦਸੇ ਤੋਂ ਬਾਅਦ ਬਿਯੌਹਾਰੀ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਵਿਧਾਇਕ ਸ਼ਰਦ ਕੋਲ, ਜ਼ਿਲਾ ਪੰਚਾਇਤ ਮੈਂਬਰ ਤੇਜ਼ ਪ੍ਰਤਾਪ ਉਈਕੇ, ਕਲੈਕਟਰ ਡਾ. ਸੱਤਿਯੇਂਦਰ ਸਿੰਘ ਅਤੇ ਪੁਲਸ ਸੁਪਰਡੈਂਟ ਸੱਤਿਯੇਂਦਰ ਸ਼ੁੱਕਲਾ ਬਨਚਾਚਰ ਪਿੰਡ ਪਹੁੰਚੇ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲ ਕੇ ਉਨ੍ਹਾਂ ਨੂੰ ਹੌਂਸਲਾ ਦਿੱਤਾ।

ਓਧਰ ਸ਼ਹਿਡੋਲ ਜ਼ਿਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਦੀ ਤਿਆਰੀ ਕਰ ਰਿਹਾ ਹੈ। ਅੰਤਿਮ ਸੰਸਕਾਰ ਲਈ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 10-10 ਹਜ਼ਾਰ ਰੁਪਏ ਦਿੱਤੇ ਜਾਣਗੇ। ਮ੍ਰਿਤਕਾਂ ਵਿਚ 11 ਮੱਧ ਪ੍ਰਦੇਸ਼ ਦੇ ਸ਼ਹਿਡੋਲ ਜ਼ਿਲੇ ਅਤੇ 5 ਉਮਰੀਆ ਜ਼ਿਲੇ ਦੇ ਮੂਲ ਵਾਸੀ ਸਨ। ਇਸ ਦਰਮਿਆਨ ਜਬਲਪੁਰ ਤੋਂ ਮਿਲੀ ਇਕ ਰਿਪੋਰਟ ਮੁਤਾਬਕ ਔਰੰਗਾਬਾਦ ਤੋਂ ਟਰੇਨ ਤੋਂ ਲਿਆਂਦੀਆਂ ਜਾ ਰਹੀਆਂ ਲਾਸ਼ਾਂ ਨੂੰ ਉਮਰੀਆ ਅਤੇ ਸ਼ਹਿਡੋਲ ਜ਼ਿਲਿਆਂ ਵਿਚ ਉਨ੍ਹਾਂ ਦੇ ਜੱਦੀ ਪਿੰਡ ਪਹੁੰਚਾਇਆ ਜਾਵੇਗਾ।

ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲੇ ਵਿਚ ਟਰੇਨ ਦੀਆਂ ਪਟੜੀਆਂ 'ਤੇ ਸੌਂ ਰਹੇ 16 ਪ੍ਰਵਾਸੀ ਮਜ਼ਦੂਰਾਂ ਦੀ ਸ਼ੁੱਕਰਵਾਰ ਸਵੇਰੇ ਇਕ ਮਾਲਗੱਡੀ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ ਸੀ। ਇਹ ਮਜ਼ਦੂਰ ਮੱਧ ਪ੍ਰਦੇਸ਼ ਪਰਤ ਰਹੇ ਸਨ। ਉਹ ਟਰੇਨ ਦੀਆਂ ਪਟੜੀਆਂ ਦੇ ਕਿਨਾਰੇ ਚੱਲ ਰਹੇ ਸਨ ਅਤੇ ਥਕਾਣ ਕਾਰਨ ਪਟੜੀਆਂ 'ਤੇ ਹੀ ਸੌਂ ਗਏ ਸਨ। ਇਹ ਸਾਰੇ ਮਜ਼ਦੂਰ ਮਹਾਰਾਸ਼ਟਰ ਦੇ ਜਾਲਨਾ ਦੀ ਇਕ ਸਟੀਲ ਫੈਕਟਰੀ ਵਿਚ ਕੰਮ ਕਰਦੇ ਸਨ।
ਰਾਜਸਥਾਨ 'ਚ ਪਾਕਿਸਤਾਨ ਦੀ ਸਰਹੱਦ ਤੋਂ ਤੇਜ਼ ਹੋਇਆ ਟਿੱਡੀਆਂ ਦਾ ਹਮਲਾ
NEXT STORY