ਅਯੁੱਧਿਆ- ਉੱਤਰ ਪ੍ਰਦੇਸ਼ ’ਚ ਰਾਮਨਗਰੀ ਅਯੁੱਧਿਆ ’ਚ ਦੀਵਾਲੀ ਦੀ ਪੂਰਵ ਸੰਧਿਆ ’ਤੇ ਇਕ ਵਾਰ ਫਿਰ ਤੋਂ ਇਕੋਂ ਥਾਂ ’ਤੇ ਸਭ ਤੋਂ ਵੱਧ ਦੀਵੇ ਜਗਾਉਣ ਦਾ ਰਿਕਾਰਡ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ’ਚ ਦਰਜ ਕਰਵਾਇਆ। ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਦੀ ਟੀਮ ਹਰ ਸਾਲ ਇਸ ਦੀ ਗਵਾਹ ਰਹੀ ਹੈ। ਇਸ ਵਾਰ ਵੀ ਗਿਨੀਜ਼ ਬੁੱਕ ਆਫ਼ ਵਰਲਡ ਦੀ ਟੀਮ ਨਵੇਂ ਰਿਕਾਰਡ ਨੂੰ ਦਰਜ ਕਰਨ ਲਈ ਅਯੁੱਧਿਆ ਪਹੁੰਚੀ ਸੀ। ਟੀਮ ਨੇ ਘਾਟਾਂ ’ਤੇ ਲੱਗੇ ਦੀਵਿਆਂ ਦੀ ਗਿਣਤੀ ਕੀਤੀ। ਸਮੇਂ ’ਤੇ ਦੀਵੇ ਜਗਾ ਕੇ ਵਿਸ਼ਵ ਰਿਕਾਰਡ ’ਚ ਅਯੁੱਧਿਆ ਦਾ ਨਾਂ ਦਰਜ ਕੀਤਾ ਗਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸਮੇਤ ਹੋਰ ਮਾਣਯੋਗ ਸ਼ਖਸੀਅਤਾਂ ਦੀ ਮੌਜੂਦਗੀ ਵਿਚ ਐਤਵਾਰ ਸ਼ਾਮ ਅਯੁੱਧਿਆ ’ਚ ਸਰਯੂ ਨਦੀ ਦੇ ਤੱਟ ’ਤੇ ਇਕੱਠੇ 15 ਲੱਖ ਦੀਵੇ ਜਗਾਏ ਗਏ। ਸ਼ਾਮ 7 ਵਜੇ 6ਵੇਂ ਦੀਪ ਉਤਸਵ ਦਾ ਪ੍ਰਧਾਨ ਮੰਤਰੀ ਮੋਦੀ ਵਲੋਂ ਆਗਾਜ਼ ਕੀਤਾ ਗਿਆ। ਜਿਸ ਤੋਂ ਬਾਅਦ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਦੀ ਟੀਮ ਨੇ ਐਲਾਨ ਕੀਤਾ ਕਿ ਇਸ ਸਾਲ ਅਯੁੱਧਿਆ ’ਚ ਦੀਪ ਉਤਸਵ ’ਤੇ 15 ਲੱਖ ਦੀਵੇ ਜਗਾਏ ਗਏ। ਇਹ ਆਪਣੇ ਆਪ ’ਚ ਇਕ ਰਿਕਾਰਡ ਹੈ।

ਅਯੁੱਧਿਆ ਨੇ ਆਪਣਾ ਹੀ ਪੁਰਾਣਾ ਰਿਕਾਰਡ ਤੋੜ ਕੇ ਇਹ ਰਿਕਾਰਡ ਕਾਇਮ ਕੀਤਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਅਯੁੱਧਿਆ ਵਿਚ 5ਵੇਂ ਦੀਪ ਉਤਸਵ ਮੌਕੇ 11 ਲੱਖ ਤੋਂ ਵੱਧ ਦੀਵੇ ਜਗਾਉਣ ਦਾ ਰਿਕਾਰਡ ਬਣਾਇਆ ਗਿਆ ਸੀ। ਇਸ ਰਿਕਾਰਡ ਦਾ ਇਕ ਸਰਟੀਫ਼ਿਕੇਟ ਵੀ ਮੁੱਖ ਮੰਤਰੀ ਯੋਗੀ ਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵੱਲੋਂ ਸੌਂਪਿਆ ਗਿਆ।

ਜ਼ਿਕਰਯੋਗ ਹੈ ਕਿ 2017 'ਚ ਪਹਿਲੀ ਵਾਰ ਆਯੋਜਿਤ ਦੀਪ ਉਤਸਵ 'ਚ 1.71 ਲੱਖ ਦੀਵੇ ਜਗਾਏ ਗਏ ਸਨ। ਹਰ ਸਾਲ ਉਹ ਵਧਦੇ ਗਏ। ਸਾਲ 2018 ਵਿਚ 3.01 ਲੱਖ, 2019 ਵਿਚ 4.04 ਲੱਖ, 2020 ਵਿਚ 6.06 ਲੱਖ ਅਤੇ 2021 ਵਿਚ 9.41 ਲੱਖ ਦੀਵੇ ਜਗਾਏ ਗਏ, ਜਿਨ੍ਹਾਂ ਦੀ ਗਿਣਤੀ ਬਾਅਦ ਵਿਚ ਵਧ ਕੇ 11 ਲੱਖ ਤੋਂ ਵੱਧ ਹੋ ਗਈ। ਇਸ ਵਾਰ ਦੀਪ ਉਤਸਵ 2022 ਵਿਚ 15.76 ਲੱਖ ਦੀਵੇ ਜਗਾਉਣ ਦਾ ਰਿਕਾਰਡ ਬਣਾਇਆ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਇਸ ਉਪਲੱਬਧੀ ਲਈ ਮੁੱਖ ਮੰਤਰੀ ਯੋਗੀ ਨੂੰ ਵਧਾਈ ਦਿੱਤੀ ਹੈ।

ਹਰਿਆਣਾ 'ਚ ਇਕ ਹੀ ਪਰਿਵਾਰ ਦੇ ਤਿੰਨ ਲੋਕਾਂ ਨੇ ਨਿਗਲਿਆ ਜ਼ਹਿਰ, 2 ਦੀ ਮੌਤ
NEXT STORY