ਨਵੀਂ ਦਿੱਲੀ- ਦਿੱਲੀ 'ਚ ਅੱਜ ਤੋਂ ਆਯੂਸ਼ਮਾਨ ਭਾਰਤ ਯੋਜਨਾ ਲਾਗੂ ਹੋ ਗਈ ਹੈ। ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ 'ਚ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਸ਼ੁਰੂ ਕਰਨ ਲਈ ਕੇਂਦਰ ਨਾਲ ਸਮਝੌਤਾ ਮੰਗ ਪੱਤਰ 'ਤੇ ਦਸਤਖ਼ਤ ਕੀਤੇ ਹਨ। ਇਸ ਦੇ ਨਾਲ ਦਿੱਲੀ ਇਸ ਸਿਹਤ ਬੀਮਾ ਯੋਜਨਾ ਨੂੰ ਲਾਗੂ ਕਰਨ ਵਾਲਾ 35ਵਾਂ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਗਿਆ ਹੈ। ਪੱਛਮੀ ਬੰਗਾਲ ਹੁਣ ਇਕਲੌਤਾ ਰਾਜ ਹੈ ਜਿਸ ਨੇ ਇਸ ਯੋਜਨਾ ਨੂੰ ਲਾਗੂ ਨਹੀਂ ਕੀਤਾ ਹੈ। ਆਯੁਸ਼ਮਾਨ ਭਾਰਤ ਯੋਜਨਾ 27 ਵਿਸ਼ੇਸ਼ਤਾਵਾਂ 'ਚ 1,961 ਡਾਕਟਰੀ ਪ੍ਰਕਿਰਿਆਵਾਂ ਲਈ ਮੁਫ਼ਤ ਅਤੇ 'ਨਕਦੀ ਰਹਿਤ' ਇਲਾਜ ਪ੍ਰਦਾਨ ਕਰਦੀ ਹੈ, ਜਿਸ 'ਚ ਦਵਾਈਆਂ, ਡਾਇਗਨੌਸਟਿਕ ਸੇਵਾਵਾਂ, ਹਸਪਤਾਲ ਵਿੱਚ ਭਰਤੀ, ਆਈਸੀਯੂ ਦੇਖਭਾਲ, ਸਰਜਰੀਆਂ ਅਤੇ ਹੋਰ ਖਰਚੇ ਸ਼ਾਮਲ ਹਨ। ਇਸ ਯੋਜਨਾ ਦੇ ਤਹਿਤ ਦਿੱਲੀ ਦੇ ਯੋਗ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦਾ ਸਾਲਾਨਾ ਸਿਹਤ ਕਵਰ ਮਿਲੇਗਾ, ਜਿਸ 'ਚੋਂ 5 ਲੱਖ ਰੁਪਏ ਕੇਂਦਰ ਅਤੇ ਬਾਕੀ 5 ਲੱਖ ਰੁਪਏ ਦਿੱਲੀ ਸਰਕਾਰ ਵੱਲੋਂ ਦਿੱਤੇ ਜਾਣਗੇ। ਜਾਣਕਾਰੀ ਅਨੁਸਾਰ ਪਹਿਲੇ ਪੜਾਅ 'ਚ ਇਕ ਲੱਖ ਲੋਕਾਂ ਦਾ ਦਿੱਲੀ 'ਚ ਆਯੂਸ਼ਮਾਨ ਕਾਰਡ ਬਣੇਗਾ। ਇਸ ਤੋਂ ਬਾਅਦ ਤੇਜ਼ੀ ਨਾਲ ਇਸ ਯੋਜਨਾ ਨੂੰ ਅੱਗੇ ਵਧਾਉਂਦੇ ਹੋਏ ਸਾਰੇ ਯੋਗ ਦਿੱਲੀ ਵਾਲਿਆਂ ਨੂੰ ਇਸ 'ਚ ਸ਼ਾਮਲ ਕਰ ਲਿਆ ਜਾਵੇਗਾ। ਭਾਜਪਾ ਨੇ ਦਿੱਲੀ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਸੱਤਾ 'ਚ ਆਉਣ ਤੋਂ ਬਾਅਦ ਇਸ ਯੋਜਨਾ ਨੂੰ ਲਾਗੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸਿਰਫ਼ ਇਨ੍ਹਾਂ ਔਰਤਾਂ ਨੂੰ ਹੀ ਮਿਲੇਗੀ ਮੁਫ਼ਤ ਬੱਸ ਯਾਤਰਾ ਦੀ ਸਹੂਲਤ
ਏਏਵਾਈ ਰਾਸ਼ਨ ਕਾਰਡ ਧਾਰਕਾਂ ਨੂੰ ਹੀ ਮਿਲੇਗਾ ਆਯੂਸ਼ਮਾਨ ਕਾਰਡ
ਦਿੱਲੀ ਸਰਕਾਰ ਦੇ ਸਿਹਤ ਮੰਤਰੀ ਪੰਕਜ ਕੁਮਾਰ ਸਿੰਘ ਨੇ ਦੱਸਿਆ ਕਿ ਸਭ ਤੋਂ ਪਹਿਲੇ ਆਯੂਸ਼ਮਾਨ ਭਾਰਤ ਯੋਜਨਾ ਦਾ ਲਾਭ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਦਿੱਤਾ ਜਾਵੇਗਾ। ਸਰਕਾਰ ਨੇ ਕਿਹਾ ਕਿ ਦਿੱਲੀ 'ਚ ਉਨ੍ਹਾਂ ਲੋਕਾਂ ਨੂੰ ਆਯੂਸ਼ਮਾਨ ਕਾਰਡ ਜਾਰੀ ਕੀਤੇ ਜਾਣਗੇ, ਜਿਨ੍ਹਾਂ ਕੋਲ ਅੰਤਯੋਦਯ ਅੰਨ ਯੋਜਨਾ (ਏਏਵਾਈ) ਦਾ ਰਾਸ਼ਨ ਕਾਰਡ ਹੈ। ਇਨ੍ਹਾਂ ਲਾਭਪਾਤਰੀਆਂ ਨੂੰ ਪਹਿਲੇ ਸੂਚੀਬੱਧ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਯੋਜਨਾ ਦਾ ਵਿਸਥਾਰ ਕਰ ਕੇ ਹੋਰ ਯੋਗ ਲੋਕਾਂ ਨੂੰ ਜੋੜਿਆ ਜਾਵੇਗਾ। ਸਰਕਾਰ ਦਾ ਟੀਚਾ 10 ਅਪ੍ਰੈਲ ਤੱਕ ਘੱਟੋ-ਘੱਟ 1 ਲੱਖ ਆਯੂਸ਼ਮਾਨ ਕਾਰਡ ਬਣਵਾਉਣ ਦਾ ਹੈ। ਫਿਲਹਾਲ ਦਿੱਲੀ 'ਚ 70 ਤੋਂ ਵੱਧ ਹਸਪਤਾਲਾਂ 'ਚ ਆਯੂਸ਼ਮਾਨ ਕਾਰਡ ਵੈਲਿਡ ਹੈ। ਯੋਜਨਾ ਦੇ ਲਾਗੂ ਹੋਣ ਤੋਂ ਬਾਅਦ ਹਸਪਤਾਲਾਂ ਦੀ ਗਿਣਤੀ 'ਚ ਹੋਰ ਵੀ ਵਾਧਾ ਕੀਤਾ ਜਾਵੇਗਾ ਤਾਂ ਕਿ ਜ਼ਿਆਦਾ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮਿਲ ਸਕਣ।
ਇੰਝ ਕਰ ਸਕਦੇ ਹੋ ਅਪਲਾਈ
ਆਯੂਸ਼ਮਾਨ ਕਾਰਡ ਆਨਲਾਈਨ ਅਤੇ ਆਫਲਾਈਨ ਦੋਵੇਂ ਹੀ ਤਰੀਕਿਆਂ ਨਾਲ ਬਣ ਸਕਦੇ ਹਨ। ਆਨਲਾਈਨ ਲਈ ਤੁਹਾਨੂੰ ਅਧਿਕਾਰਤ ਵੈੱਬਸਾਈਟ https://pmjay.gov.in ਜਾਂ https://beneficiary.nha.gov.in 'ਤੇ ਜਾਣਾ ਹੋਵੇਗਾ। ਉੱਥੇ ਹੀ ਆਫਲਾਈਨ ਲਈ ਤੁਸੀਂ ਆਪਣੇ ਨਜ਼ਦੀਕੀ ਕਾਮਨ ਸਰਵਿਸ ਸੈਂਟਰ ਜਾਂ ਹਸਪਤਾਲ ਜਾਂ ਲੋਕ ਸੇਵਾ ਕੇਂਦਰ ਜਾ ਕੇ ਬਣਵਾ ਸਕਦੇ ਹੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਕਲੀ ਡਾਕਟਰ ਬਣ ਕੀਤੀ ਦਿਲ ਦੀ ਸਰਜਰੀ, 7 ਲੋਕਾਂ ਦੀ ਮੌਤ
NEXT STORY