ਨਵੀਂ ਦਿੱਲੀ- ਐਲੋਪੈਥੀ ’ਤੇ ਬਿਆਨ ਤੋਂ ਬਾਅਦ ਯੋਗ ਗੁਰੂ ਬਾਬਾ ਰਾਮਦੇਵ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐੱਮ. ਏ.) ਵਿਚਕਾਰ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਬਾਬਾ ਰਾਮਦੇਵ ਦੇ ਐਲੋਪੈਥੀ ’ਤੇ ਬਿਆਨ ਤੋਂ ਬਾਅਦ ਆਈ. ਐੱਮ. ਏ. ਨੇ 1,000 ਕਰੋੜ ਦੇ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਉਨ੍ਹਾਂ ਨੂੰ ਕੋਰੋਨਿਲ ਦੇ ਇਸ਼ਤਿਹਾਰ ਵਾਪਿਸ ਲੈਣ ਅਤੇ ਸੋਸ਼ਲ ਮੀਡੀਆ ’ਤੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਵੀਡੀਓ ਵੀ ਪ੍ਰਚਾਰਿਤ ਕਰਨ ਲਈ ਕਿਹਾ ਗਿਆ ਹੈ। ਇਸ ਮੁੱਦੇ ਨੂੰ ਲੈ ਕੇ ਜਗਬਾਣੀ ਦੇ ਨਿਸ਼ੀਥ ਜੋਸ਼ੀ ਨੇ ਯੋਗ ਗੁਰੂ ਬਾਬਾ ਰਾਮਦੇਵ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ . . .
ਆਯੂਰਵੇਦ ਭਾਰਤੀ ਮੈਡੀਕਲ ਪ੍ਰਣਾਲੀ ਅਤੇ ਵੱਖ-ਵੱਖ ਦੇਸ਼ਾਂ ਦੀ ਦੇਸ਼ੀ ਮੈਡੀਕਲ ਪ੍ਰਣਾਲੀ ਅਤੇ ਐਲੋਪੈਥੀ ਵਿਚ ਵਿਵਾਦ ਬਹੁਤ ਪੁਰਾਣਾ ਹੈ। ਤੁਹਾਡੇ ਐਲੋਪੈਥੀ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਦੇਸ਼ ਵਿਚ ਇਸ ਨੇ ਤੂਲ ਫੜ ਲਿਆ ਹੈ। ਤੁਹਾਡੀ ਨਜ਼ਰ ਵਿਚ ਵਿਵਾਦ ਦਾ ਮੂਲ ਕਾਰਣ ਕੀ ਹੈ। ਇਸ ਦੇ ਹੱਲ ਦਾ ਰਾਹ ਕੀ ਹੈ। ਕੀ ਇਸ ਕੋਰੋਨਾ ਵਾਇਰਸ ਦੇ ਕਾਲ ਵਿਚ ਇਹ ਕਿਸੇ ਵੀ ਤਰ੍ਹਾਂ ਦੇਸ਼ ਅਤੇ ਸਮਾਜ ਦੇ ਹਿੱਤ ਵਿਚ ਦਿਸਦਾ ਹੈ ?
ਦੇਖੋ, ਪਹਿਲੀ ਗੱਲ ਤਾਂ ਆਈ. ਐੱਮ. ਏ. ਅਤੇ ਐਲੋਪੈਥੀ ਰਾਹੀਂ ਆਯੂਰਵੇਦ ਨੂੰ ਨੀਵਾਂ ਵਿਖਾਉਣ ਦੇ ਬੇਇਨਸਾਫ਼ੀ ਅਤੇ ਅਸਮਾਨਤਾ ਦੇ ਵਿਰੋਧ ਵਿਚ ਇਹ ਵਿਵਾਦ ਹੈ। ਆਈ. ਐੱਮ. ਏ. ਇੱਕ ਐੱਨ. ਜੀ. ਓ. ਹੈ। ਉਸ ਦੀ ਖਿਲਾਫਤ ਕਰਨ ਦਾ ਕੋਈ ਔਚਿਤਿਆ ਨਹੀਂ ਹੈ। ਐਲੋਪੈਥੀ ਨੇ ਆਯੂਰਵੇਦ ਨੂੰ ਹਮੇਸ਼ਾ ਨੀਵਾਂ ਮੰਨਕੇ ਉਸਦੇ ਅਤੇ ਮਨੁੱਖਤਾ ਨਾਲ ਵੱਡਾ ਧੱਕਾ ਕੀਤਾ। ਅਜਿਹਾ ਇਸ ਲਈ ਹੋਇਆ ਕਿਉਂਕਿ ਇਹ ਲੋਕ ਕਹਿੰਦੇ ਹਨ ਕਿ ਐਲੋਪੈਥੀ ਬਹੁਤ ਵੱਡਾ ਸਾਇੰਸ ਹੈ। ਉਹ ਜਿਸਨੂੰ ਘਟੀਆ ਦੱਸ ਰਹੇ ਹਨ ਉਹ ਆਯੂਰਵੇਦ ਨੇਚੁਰੋਪੈਥੀ ਭਾਰਤ ਦੀ ਪ੍ਰੰਪਰਾਗਤ ਮੈਡੀਕਲ ਵਿਧੀ ਜਾਂ ਘਰੇਲੂ ਇਲਾਜ ਹੈ, ਉਸ ਖਿਲਾਫ ਇੱਕ ਮੁਹਿੰਮ ਚਲਾਈ ਜਾ ਰਹੀ ਹੈ। ਅਸੀਂ ਕਹਿੰਦੇ ਹਾਂ ਕਿ ਇਸਨੂੰ ਨੀਵਾਂ ਨਾ ਵਿਖਾਓ।
ਕੋਰੋਨਾ ਕਾਲ ਵਿਚ ਜਿਨ੍ਹਾਂ ਲੋਕਾਂ ਦੀ ਜਾਨ ਬਚੀ ਹੈ, ਸਾਰਿਆਂ ਨੂੰ ਪਤਾ ਹੈ ਕਿ ਹਸਪਤਾਲ ਘੱਟ ਸਨ, ਆਕਸੀਜਨ ਘੱਟ ਸੀ, ਦਵਾਈਆਂ ਵੀ ਘੱਟ ਸਨ ਅਤੇ ਹਸਪਤਾਲ ਵਿਚ ਜਾਣ ਵਾਲੇ ਲੋਕਾਂ ਦੀ ਗਿਣਤੀ ਵੀ ਘੱਟ ਸੀ। ਉਸ ਦੇ ਬਾਵਜੂਦ ਘਰਾਂ ਵਿਚ ਬੈਠੇ ਲੋਕ ਵੀ ਠੀਕ ਹੋ ਗਏ। ਉਨ੍ਹਾਂ ਨੇ ਯੋਗ, ਕਪਾਲਭਾਤੀ ਅਨੁਲੋਮ- ਵਿਲੋਮ ਕਸਰਤ ਜੋ ਬਣ ਸਕਦਾ ਸੀ ਕੀਤਾ। ਗਲੋਅ-ਤੁਲਸੀ ਦਾ ਕਾੜਾ ਪੀਤਾ, ਸੂਖਮ ਤੇਲ, ਸਰੋਂ ਦਾ ਤੇਲ, ਸ਼ਵਾਸਰੀ-ਕੋਰੋਨਿਲ ਦਾ ਸੇਵਨ ਕੀਤਾ। 90 ਫ਼ੀਸਦੀ ਲੋਕਾਂ ਨੇ ਪ੍ਰੰਪਰਾਗਤ ਤਰੀਕੇ ਨਾਲ ਆਪਣਿਆਂ ਨੂੰ ਬਚਾਇਆ। ਜੋ ਹਸਪਤਾਲ ਵੀ ਗਏ, ਉਨ੍ਹਾਂ ਵਿਚੋਂ ਵੀ 90 ਫ਼ੀਸਦੀ ਲੋਕਾਂ ਨੇ ਆਯੁਰਵੇਦ ਦਾ ਇਸਤੇਮਾਲ ਕੀਤਾ। ਇਸ ਲਈ ਇਸ ਸਮੇਂ ਲੋਕਾਂ ਦਾ ਆਯੂਰਵੇਦ ਵੱਲ ਧਿਆਨ ਦਿਵਾਉਣਾ ਜ਼ਰੂਰੀ ਹੈ, ਕਿਉਂਕਿ ਜੋ ਲੋਕ ਜਿਆਦਾ ਮਾਤਰਾ ਵਿਚ ਰੇਮਡੇਸਿਵਰ ਅਤੇ ਸਟੇਰਾਈਡ ਲੈ ਰਹੇ ਹਨ, ਉਨ੍ਹਾਂ ਦੀ ਇੰਮਿਊਨਿਟੀ ਘੱਟ ਹੋ ਰਹੀ ਹੈ ਇਸ ਲਈ ਉਨ੍ਹਾਂ ’ਤੇ ਵਾਇਰਸ ਦਾ ਹਮਲਾ ਵੀ ਜਿਆਦਾ ਹੋ ਰਿਹਾ ਹੈ, ਪੋਸਟ ਕੋਵਿਡ ਕੰਪਲੀਕੇਸ਼ਨ ਵੀ ਜ਼ਿਆਦਾ ਹੋ ਰਹੇ ਹਨ। ਇਸ ਲਈ ਲੋਕਾਂ ਨੂੰ ਦੱਸਣਾ ਜ਼ਰੂਰੀ ਹੈ ਕਿ ਜੇਕਰ ਤੁਸੀਂ ਖੁਦ ਨੂੰ ਬਚਾਉਣਾ ਹੈ ਤਾਂ ਯੋਗ, ਆਯੂਰਵੇਦ ਅਤੇ ਨੇਚੁਰੋਪੈਥੀ ਦੇ ਤਰੀਕਿਆਂ ਨੂੰ ਅਪਣਾਓ।
ਮੈਂ ਇਸ ਗੱਲ ਨੂੰ ਵਿਸ਼ੇਸ਼ ਮਹੱਤਵ ਨਾਲ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਐਮਰਜੈਂਸੀ ਵਿਚ ਲਾਈਫ ਸੇਵਿੰਗ ਡਰਗ ਦੇ ਤੌਰ ’ਤੇ ਐਲੋਪੈਥੀ ਨੇ ਵੀ ਜਾਨ ਬਚਾਈ ਹੈ। ਜੇਕਰ 10 ਫ਼ੀਸਦੀ ਲੋਕਾਂ ਦੀ ਜਾਨ ਬਚਾਈ ਹੈ ਤਾਂ 90 ਫ਼ੀਸਦੀ ਆਪਣੀ ਭਾਰਤੀ ਸਨਾਤਨ ਪ੍ਰੰਪਰਾ ਦੀ ਜਾਣਕਾਰੀ ਤੋਂ ਬਚੀ ਹੈ।
ਐਲੋਪੈਥੀ ਡਾਕਟਰਾਂ ਦਾ ਸੰਗਠਨ ਆਈ. ਐੱਮ. ਏ. ਉਸ ਨੇ ਇੱਕ ਚੁਣੌਤੀ ਦਿੱਤੀ ਹੈ ਕਿ ਤੁਸੀਂ ਆਯੂਰਵੇਦ ਦੇ ਪੰਜ ਮਾਹਿਰ ਲੈ ਕੇ ਆਓ, ਅਸੀਂ ਐਲੋਪੈਥੀ ਦੇ ਪੰਜ ਮਾਹਿਰ ਲੈ ਕੇ ਆਵਾਂਗੇ ਅਤੇ ਜਨਤਕ ਤੌਰ ’ਤੇ ਖੁੱਲ੍ਹੀ ਬਹਿਸ ਹੋਵੇ। ਕੀ ਤੁਸੀਂ ਇਸ ਲਈ ਤਿਆਰ ਹੋ ?
ਅਸੀਂ ਹਰ ਚੁਣੌਤੀ ਲਈ ਤਿਆਰ ਹਾਂ ਅਤੇ ਅਸੀਂ ਉਨ੍ਹਾਂ ਨੂੰ ਨੀਵਾਂ ਨਹੀਂ ਦਿਖਾਉਣਾ ਚਾਹੁੰਦੇ। ਅਸੀਂ ਉਨ੍ਹਾਂ ਨੂੰ ਇਹੀ ਕਹਿੰਦੇ ਹਾਂ ਕਿ ਐਲੋਪੈਥੀ ਦੀ ਜਿੰਨੀ ਜਰੂਰਤ ਹੈ, ਓਨਾ ਹੀ ਪ੍ਰਯੋਗ ਕਰੋ। ਐਮਰਜੈਂਸੀ ਲਈ, ਸਰਜਰੀ ਲਈ, ਬੀਮਾਰੀਆਂ ਨੂੰ ਕੰਟਰੋਲ ਕਰਨ ਲਈ ਐਲੋਪੈਥੀ ਦੀ ਲੋੜ ਹੈ ਤਾਂ ਉਸ ਨੂੰ ਅਪਣਾ ਲਓ। ਉਨ੍ਹਾਂ ਨੇ ਟੀ. ਬੀ. ਪੋਲੀਓ ਦਾ ਵੀ ਇਲਾਜ ਲੱਭ ਲਿਆ ਹੈ। ਉਸ ਅੱਗੇ ਉਨ੍ਹਾਂ ਕੋਲ ਕੁਝ ਹੈ ਨਹੀਂ।
ਆਚਾਰਿਆ ਬਾਲਕਿ੍ਰਸ਼ਣ ਨੇ ਇੱਕ ਗੱਲ ਕਹੀ ਕਿ ਭਾਰਤ ਵਿਚ ਕਿ੍ਰਸ਼ਚਿਆਨਿਟੀ ਫੈਲਾਉਣ ਲਈ ਤੁਹਾਨੂੰ ਅਤੇ ਆਯੂਰਵੇਦ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੀ ਤੁਸੀਂ ਸਹਿਮਤ ਹੋ ? ਇਸ ਦਾ ਆਧਾਰ ਕੀ ਹੈ ?
ਆਈ.ਐੱਮ. ਏ. ਨੂੰ ਅਸੀਂ ਨਿਸ਼ਾਨਾ ਇਸ ਲਈ ਨਹੀਂ ਬਣਾਉਣਾ ਚਾਹੁੰਦੇ, ਕਿਉਂ ਕਿ ਇਹ ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਐੱਨ. ਜੀ. ਓ. ਹੈ। ਇਸ ਵਿਚ ਸ਼ੁਰੂ ਤੋਂ ਹੀ ਈਸਾਈ ਮਤ ਨੂੰ ਮੰਨਣ ਵਾਲੇ ਲੋਕਾਂ ਦਾ ਪ੍ਰਭੂਤਵ ਹੈ। ਇਸਤੋਂ ਵੀ ਸਾਨੂੰ ਇਤਰਾਜ਼ ਨਹੀਂ ਹੈ, ਪਰ ਉਹ ਜਦੋਂ ਇਹ ਕਹਿੰਦੇ ਹਨ ਕਿ ਕੰਵਰਜਨ ਦਾ ਸਭਤੋਂ ਵੱਡਾ ਮੌਕਾ ਹੈ। ਆਈ.ਐੱਮ. ਏ. ਦੇ ਮੰਚ ਦੀ ਵਰਤੋਂ ਕਰੋ ਅਤੇ ਲੋਕਾਂ ਨੂੰ ਆਪਣੇ ਮਜ਼ਹਬ ਵੱਲ ਆਕਰਸ਼ਤ ਕਰੋ। ਕਿਸੇ ਵੀ ਸੰਸਥਾ ਦੇ ਪ੍ਰਧਾਨ ਨੂੰ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਹਨ। ਅਸੀਂ ਕਦੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕੀਤੀਆਂ। ਕਦੇ ਧਰਮ ਤਬਦੀਲੀ ਦੀ ਗੱਲ ਨਹੀਂ ਕੀਤੀ। ਮੈਂ ਜੀਵਨ ਤਬਦੀਲੀ ਦੀ ਗੱਲ ਕੀਤੀ ਹੈ। ਇਹ ਤਾਂ ਓਝਾਪੈਥੀ ਹੋ ਗਈ। ਆਈ. ਐੱਮ. ਏ. ਦੇ ਪ੍ਰਧਾਨ ਇਹ ਕਹਿਣ ਕਿ ਅਸੀ ਕੰਵਰਜਨ ਵਿਚ ਭਰੋਸਾ ਰੱਖਦੇ ਹਾਂ ਉਹ ਐਲੋਪੈਥੀ ਅਤੇ ਓਝਾਪੈਥੀ ਬਣਾਉਣ ’ਤੇ ਕਿਉਂ ਤੁਲੇ ਹਨ।
ਉਨ੍ਹਾਂ ਦੀ ਮੰਗ ਹੈ ਕਿ ਕੋਰੋਨਿਲ ਦੇ ਜੋ ਭਰਮ ਪੈਦਾ ਕਰਨ ਵਾਲੇ ਇਸ਼ਤਿਹਾਰ ਹਨ, ਉਹ 72 ਘੰਟਿਆਂ ਅੰਦਰ ਹਟਾ ਦਿੱਤੇ ਜਾਣ। ਇਸ ਵਿਚ ਕੀ ਕਹੋਗੇ ਤੁਸੀਂ ?
ਕੋਈ ਵੀ ਭਰਮ ਪੈਦਾ ਕਰਨ ਵਾਲਾ ਇਸ਼ਤਿਹਾਰ ਨਹੀਂ ਹੈ। ਕੋਰੋਨਾ ਦੀ ਦਵਾਈ ਦੇ ਰੂਪ ਵਿਚ ਹੁਣ ਤੱਕ ਕੋਰੋਨਿਲ ਨੂੰ ਹੀ ਮਾਨਤਾ ਮਿਲੀ ਹੈ। ਖੁਦ ਨੂੰ ਸਰਵਸ਼ਕਤੀਮਾਨ ਮੰਨਣ ਵਾਲੀ ਮਾਡਰਨ ਸਾਇੰਸ ਨੇ ਹੁਣ ਤੱਕ ਕੋਰੋਨਾ ਦੀ ਦਵਾਈ ਨਹੀਂ ਲੱਭੀ ਹੈ। ਮੇਰਾ ਪ੍ਰਤੀਪ੍ਰਸ਼ਨ ਇਹ ਹੈ ਕਿ ਇਹ ਪੈਰਾਸਿਟਾਮਾਲ ਕਿਉਂ ਦੇ ਰਹੇ ਹਨ ? ਕੀ ਇਸ ਦਾ ਕਲੀਨੀਕਲ ਟ੍ਰਾਇਲ ਹੋਇਆ ਹੈ ? ਮੇਰਾ ਮੰਨਣਾ ਹੈ ਕਿ ਇੱਕ ਵੀ ਦਵਾਈ ਦਾ ਕਲੀਨੀਕਲ ਕੰਟਰੋਲ ਟ੍ਰਾਇਲ ਨਹੀਂ ਹੋਇਆ ਹੈ। ਬਹੁਤ ਖਤਰਨਾਕ ਗੱਲ ਕਹਿ ਰਿਹਾ ਹਾਂ। ਕਿਤੇ ਅਜਿਹਾ ਤਾਂ ਨਹੀਂ ਕਿ ਕੋਰੋਨਾ ਮੈਨੇਜਮੈਂਟ ਲਈ ਜੋ ਦਵਾਈਆਂ ਦਿੱਤੀ ਜਾ ਰਹੀਆਂ ਹਨ ਉਨ੍ਹਾਂ ਨਾਲ ਇੰਮਿਊਨਿਟੀ ਘੱਟ ਹੋ ਕੇ ਲੋਕਾਂ ਵਿਚ ਬੈਕਟੀਰੀਆ, ਫੰਗਸ ਹੋ ਰਿਹਾ ਹੋਵੇ। ਸਰੀਰ ਅੰਦਰ ਐਂਟੀਬਾਡੀਜ਼ ਦਾ ਜੋ ਪੂਰੇ ਦਾ ਪੂਰਾ ਤੂਫਾਨ ਖੜ੍ਹਾ ਹੋ ਰਿਹਾ ਹੈ ਇਹ ਵੀ ਦਵਾਈਆਂ ਦੇ ਰੀਐਕਸ਼ਨ ਨਾਲ ਹੀ ਹੋ ਰਿਹਾ ਹੈ। ਮੈਂ ਦੋਸ਼ ਨਹੀਂ ਲਾ ਰਿਹਾ ਹਾਂ। ਇਹ ਸਵਾਲ ਹੈ। ਇਸ ’ਤੇ ਜਾਂਚ ਹੋਣੀ ਚਾਹੀਦੀ ਹੈ।
ਕੀ ਕਿਸੇ ਮੈਡੀਕਲ ਵਿਧੀ ਨੂੰ ਸਟੂਪਿਡ ਜਾਂ ਦੀਵਾਲੀਆ ਸਾਇੰਸ ਤੁਸੀਂ ਕਹਿ ਸਕਦੇ ਹੋ ? ਅਤੇ ਕੀ ਕੋਈ ਆਯੂਰਵੇਦ ਨੂੰ ਸੁਡੋ ਸਾਇੰਸ ਕਿਹਾ ਜਾ ਸਕਦਾ ਹੈ ?
ਬਿਲਕੁੱਲ ਨਹੀਂ ਕਹਿਣਾ ਚਾਹੀਦਾ ਹੈ। ਨਾਂ ਤਾਂ ਆਯੂਰਵੇਦ ਨੂੰ ਸੁਡੋਸਾਇੰਸ ਕਹਿਣਾ ਚਾਹੀਦਾ ਹੈ ਅਤੇ ਨਾ ਐਲੋਪੈਥੀ ਨੂੰ ਸਟੂਪਿਡ ਸਾਇੰਸ ਕਹਿਣਾ ਚਾਹੀਦਾ ਹੈ। ਮੇਰਾ ਇਹ ਬਿਆਨ ਨਹੀਂ ਸੀ। ਮੈਂ ਇਸ ਨੂੰ ਆਪਣਾ ਵਿਚਾਰ ਨਹੀਂ ਮੰਨਦਾ। ਕਿਸੇ ਨੇ ਵਹਟਸਐਪ ’ਤੇ ਭੇਜਿਆ, ਮੈਂ ਉਸ ਨੂੰ ਪੜ੍ਹ ਰਿਹਾ ਸੀ। ਇਸ ਦੇ ਬਾਵਜੂਦ ਮੈਂ ਦੁੱਖ ਜਤਾ ਦਿੱਤਾ ਅਤੇ ਆਪਣਾ ਬਿਆਨ ਵੀ ਵਾਪਿਸ ਲੈ ਲਿਆ। ਫਿਰ ਕੀ ਉਹ ਸਵਾਮੀ ਰਾਮਦੇਵ ਨੂੰ ਫ਼ਾਂਸੀ ’ਤੇ ਲਟਕਾਉਣਾ ਚਾਹੁੰਦੇ ਹਨ। ਅਸੀਂ ਵਿਵਾਦ ਤਾਂ ਖਤਮ ਕਰ ਦਿੱਤਾ। ਹਾਂ, ਪ੍ਰਸ਼ਨ ਮੈਂ ਜ਼ਰੂਰ ਪੁੱਛੇ। ਪ੍ਰਸ਼ਨ ਪੁੱਛਣਾ ਤਾਂ ਪ੍ਰਗਤੀਸ਼ੀਲ ਸਮਾਜ ਦੀ ਪਹਿਚਾਣ ਹੈ। ਇਸ ਵਿਚ ਮੈਂ ਕੀ ਗਲਤ ਕਰ ਦਿੱਤਾ।
ਸਵਾਮੀਜੀ, ਅਜਿਹਾ ਤਾਂ ਨਹੀਂ ਕਿ ਪਰ ਕਿਸੇ ਬਿਆਨ ’ਤੇ ਵਿਵਾਦ ਹੋਇਆ ਹੈ। ਇਸ ਤੋਂ ਪਹਿਲਾਂ ਵੀ ਤੁਹਾਡੇ ਬਿਆਨਾਂ ’ਤੇ ਵਿਵਾਦ ਹੁੰਦਾ ਰਿਹਾ ਹੈ। ਜਿਵੇਂ ਕਾਲੇਧਨ ਨੂੰ ਲੈ ਕੇ। ਰਾਜਨੀਤਕ ਮੁੱਦਿਆਂ ’ਤੇ ਕਿਹੜੇ ਲੋਕ ਹਨ, ਜੋ ਵਿਵਾਦ ਖੜ੍ਹਾ ਕਰ ਦਿੰਦੇ ਹਨ ਅਤੇ ਕਿਉਂ ?
ਭਾਰਤ ਵਿਚ ਬਹੁਤ ਤਰ੍ਹਾਂ ਦੀਆਂ ਤਾਕਤਾਂ ਹਨ। ਉਸ ਵਿਚ ਇੱਕ ਹੈ ਭਾਰਤ ਵਿਰੋਧੀ ਤਾਕਤਾਂ ਅਤੇ ਭਾਰਤੀਅਤਾ ਵਿਰੋਧੀ ਤਾਕਤਾਂ। ਉਹ ਮੈਨੂੰ ਪਸੰਦ ਨਹੀਂ ਕਰਦੇ, ਮੇਰੇ ਤੋਂ ਨਫਰਤ ਕਰਦੇ ਹਨ। ਕਿਉਂ ਉਨ੍ਹਾਂ ਨੂੰ ਭਾਰਤ ਅਤੇ ਭਾਰਤੀਅਤਾ ’ਤੇ ਮਾਣ ਪਸੰਦ ਨਹੀਂ ਹੈ। ਉਨ੍ਹਾਂ ਨੂੰ ਕੁੰਠਾ ਹੈ, ਉਨ੍ਹਾਂ ਨੂੰ ਈਰਖਾ ਹੈ ਭਾਰਤ ਤੋਂ। ਨਫਰਤ ਹੈ ਉਨ੍ਹਾਂ ਨੂੰ ਭਾਰਤ ਤੋਂ। ਜਿਨ੍ਹਾਂ ਨੂੰ ਭਾਰਤ ਨਾਲ ਨਫਰਤ ਹੈ, ਉਨ੍ਹਾਂ ਨੂੰ ਕਿਵੇਂ ਰਾਮਦੇਵ ਨਾਲ ਪਿਆਰ ਹੋ ਸਕਦਾ ਹੈ। ਦੂਜਾ ਡਰਗ ਮਾਫੀਆ, ਤੀਜਾ ਜੋ ਕੰਮਿਊਨਿਸਟ ਹੈ। ਇਹ ਲੋਕ ਪਤਾ ਨਹੀਂ ਕਿਉਂ ਮੇਰੀ ਜਾਨ ਦੇ ਦੁਸ਼ਮਣ ਬਣੇ ਹਨ।
ਕੀ ਤੁਸੀਂ ਮੰਨਦੇ ਹੋ ਕਿ ਇਹ ਫਾਰਮਾ ਕੰਪਨੀਆਂ ਦੀ ਕਾਰੋਬਾਰ ਦੀ ਲੜਾਈ ਹੈ ?
ਰਾਮਦੇਵ: ਇਹ ਕਾਰੋਬਾਰ ਦੀ ਲੜਾਈ ਨਹੀਂ, ਮੇਰੇ ਸੱਚ ਦੀ ਲੜਾਈ ਹੈ। ਬਿਜਨੈੱਸ ਵਿਚ ਮੈਂ ਉਨ੍ਹਾਂ ਨੂੰ ਕਿਵੇਂ ਜਿੱਤ ਸਕਦਾ ਹਾਂ। ਫਾਰਮਾ ਕੰਪਨੀ ਵਾਲੇ 200 ਲੱਖ ਕਰੋੜ ਦਾ ਕੰਮ ਪੂਰੀ ਦੁਨੀਆਂ ਵਿਚ ਕਰਦੇ ਹਨ। ਆਰਥਿਕ ਧਰਾਤਲ ’ਤੇ ਅਸੀਂ ਇਨ੍ਹਾਂ ਤੋਂ ਨਹੀਂ ਜਿੱਤ ਸਕਦੇ। ਸੱਚ, ਸੇਵਾ ਅਤੇ ਨਿਆਂ ਦੇ ਧਰਾਤਲ ’ਤੇ ਹੀ ਅਸੀਂ ਜਿੱਤਾਂਗੇ। ਭਰਾਤੀਆਂ ਫੈਲਾਕੇ ਇਹ ਲੋਕ ਮੇਰੇ ’ਤੇ ਕੇਸ ਠੋਕਣ ਦੀ ਗੱਲ ਤਾਂ ਕਰਦੇ ਹਾਂ। ਫਾਰਮਾ ਇੰਡਸਟਰੀ ਅਤੇ ਡਰਗ ਮਾਫੀਆ ਖਿਲਾਫ 2 ਤੋਂ ਜਿਆਦਾ ਕਿਤਾਬਾਂ ਅਮਰੀਕਾ ਵਿਚ ਵੱਡੇ ਡਾਕਟਰਾਂ ਵਲੋਂ ਲਿਖੀਆਂ ਗਈਆਂ ਹਨ। ਕੀ ਇਨ੍ਹਾਂ ’ਤੇ ਵੀ ਇਹ ਲੋਕ ਮੁਕੱਦਮਾ ਕਰਨਗੇ। ਉਨ੍ਹਾਂ ’ਤੇ ਪਾਬੰਦੀ ਲਾਉਣਗੇ ? ਉਨ੍ਹਾਂ ਨੂੰ ਵੀ ਮਨੁੱਖਤਾ ਦਾ ਵੈਰੀ ਐਲਾਣਨਗੇ ?
ਤੁਹਾਡੇ ਵਿਰੋਧੀ ਤੁਹਾਨੂੰ ਕਹਿੰਦੇ ਹਨ ਕਿ ਯੋਗ ਗੁਰੂ ਕਿਹਾ ਜਾਵੇ ਜਾਂ ਵਿਵਾਦਾਂ ਦਾ ਗੁਰੂ ਕਿਹਾ ਜਾਵੇ ਜਾਂ ਵਿਵਾਦਾਂ ਦਾ ਬਾਬਾ ਰਾਮਦੇਵ ਕਿਹਾ ਜਾਵੇ। ਤੁਹਾਨੂੰ ਕੀ ਕਿਹਾ ਜਾਵੇ ? ਇਹ ਜੋ ਲੜਾਈ ਖੜ੍ਹੀ ਹੋਈ ਹੈ ਇਸਦਾ ਹੱਲ ਕੀ ਹੈ ?
ਮੈ ਸਵਾਮੀ ਰਾਮਦੇਵ ਹਾਂ। ਮੈਂ ਖੁਦ ਨੂੰ ਰਿਸ਼ੀ ਪ੍ਰੰਪਰਾ ਦਾ, ਯੋਗ-ਆਯੂਰਵੇਦ ਅਤੇ ਨੇਚੁਰੋਪੈਥੀ ਅਤੇ ਸਨਾਤਨ ਸੱਭਿਆਚਾਰ ਦਾ ਪ੍ਰਤੀਨਿਧੀ ਅਤੇ ਵਾਰਿਸ ਮੰਨਦਾ ਹਾਂ। ਮੇਰੀ ਵਿਰੋਧੀਆਂ ਦੀ ਅਨਰਗਲ ਗੱਲਾਂ ਮੇਰੀ ਸ਼ਖਸੀਅਤ ਅਤੇ ਮੇਰੇ ਯੋਗਦਾਨ ਨੂੰ ਨਹੀਂ ਬਦਲ ਸਕਦੀਆਂ। ਜੋ ਮੇਰੇ ’ਤੇ ਟਿੱਪਣੀਆਂ ਕਰ ਰਹੇ ਹਨ, ਜ਼ਰਾ ਪੁੱਛਿਆ ਜਾਵੇ ਕਿ ਉਨ੍ਹਾਂ ਦਾ ਰਾਸ਼ਟਰ ਨਿਰਮਾਣ ਵਿਚ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ ਅਤੇ ਅਧਿਆਤਮਿਕ ਖੇਤਰ ਵਿਚ ਕੀ ਯੋਗਦਾਨ ਹੈ ?
ਤੁਹਾਡੇ ’ਤੇ 1000 ਕਰੋੜ ਦਾ ਮਾਣਹਾਨੀ ਦਾ ਨੋਟਿਸ ਭੇਜਿਆ ਗਿਆ ਹੈ। 15 ਦਿਨਾਂ ਵਿਚ ਤੁਹਾਨੂੰ ਆਪਣੇ ਬਿਆਨ ਦਾ ਖੰਡਨ ਲਿਖਤੀ ਰੂਪ ਵਿਚ ਅਤੇ ਇਸਦਾ ਵੀਡੀਓ ਵੀ ਜਾਰੀ ਕਰਨ ਲਈ ਕਿਹਾ ਹੈ। ਕੀ ਤੁਸੀਂ ਅਜਿਹਾ ਕਰਨ ਜਾ ਰਹੇ ਹੋ ?
1000 ਕਰੋੜ ਦਾ ਮਾਣਹਾਨੀ ਤਾਂ ਮੈਨੂੰ ਕਰਨਾ ਚਾਹੀਦਾ ਹੈ, ਕਿਉਂਕਿ ਕਿਹੜਾ ਆਦਮੀ ਅਜਿਹਾ ਹੈ ਜਿਸ ਦੀ ਇੱਕ ਹਜ਼ਾਰ ਕਰੋੜ ਦੀ ਕੀਮਤ ਹੋਵੇਗੀ।
ਤੁਹਾਡੇ ’ਤੇ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਹ ਵਿਵਾਦ ਕਿੱਥੇ ਜਾ ਰਿਹਾ ਹੈ ? ਇਸਦੇ ਨਤੀਜੇ ਕੀ ਹੋਣਗੇ ?
ਜੇ ਸਵਾਮੀ ਰਾਮਦੇਵ ਦੇਸ਼ ਧ੍ਰੋਹੀ ਹੈ ਤਾਂ ਦੇਸਭਗਤੀ ਦੀ ਪਰਿਭਾਸ਼ਾ ਕੀ ਹੈ ? ਮੈਂ ਕਰੀਬ 20 ਕਰੋੜ ਲੋਕਾਂ ਨੂੰ ਪ੍ਰਤੱਖ ਰੂਪ ਤੋਂ ਆਪਣੇ ਕੈਂਪਾਂ ਰਾਹੀਂ ਯੋਗ ਸਿਖਾਇਆ ਹੈ। ਸਵਾ ਸੌ ਕਰੋੜ ਲੋਕ ਮੇਰੇ ਯੋਗ- ਆਯੂਰਵੇਦ ਨਾਲ ਪ੍ਰਤੱਖ ਰੂਪ ਤੋਂ ਲਾਭਾਂਵਿਤ ਹੋਏ ਹਨ। ਇਨ੍ਹਾਂ ਲੋਕਾਂ ਨੂੰ ਸ਼ਾਂਤੀ ਦਿੱਤੀ ਹੈ, ਅਰੋਗ ਕੀਤਾ ਹੈ। ਉਨ੍ਹਾਂ ਦੇ ਜੀਵਨ ਵਿਚ ਪ੍ਰੇਰਨਾ ਦਿੱਤੀ ਹੈ। ਉਨ੍ਹਾਂ ਦੇ ਜੀਵਨ ਵਿਚ ਪ੍ਰਕਾਸ਼ ਦਿੱਤਾ ਹੈ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜੇ ਸਵਾਮੀ ਰਾਮਦੇਵ ਕਰੋੜਾਂ ਲੋਕਾਂ ਦੀ ਸੇਵਾ ਕਰ ਕੇ ਅਤੇ ਭਾਰਤ ਮਾਤਾ ਦੇ ਗੀਤ ਗਾ ਕੇ ਵੀ ਦੇਸ਼ਧਰੋਹੀ ਹੈ ਤਾਂ ਦੇਸਭਗਤ ਕੌਣ ਹੋਵੇਗਾ ? ਦੋਸ਼ ਲਗਾਉਣ ਵਾਲਿਆਂ ਲਈ ਕਹਿਣਾ ਚਾਹਾਂਗਾ ਕਿ ਜਿਨ੍ਹਾਂ ਦੀ ਦੇਸ਼ਧਰੋਹੀ ਦੀ ਦਿ੍ਰਸ਼ਟੀ ਹੈ ਉਨ੍ਹਾਂ ਜਿਵੇਂ ਦਿ੍ਰਸ਼ਟੀ ਉਵੇਂ ਸਿ੍ਰਸ਼ਟੀ।
ਦੋਸ਼ ਹੈ ਕਿ ਤੁਸੀਂ ਬੀਮਾਰੀਆਂ ਅਤੇ ਇਲਾਜ ਨੂੰ ਲੈ ਕੇ ਜੋ ਦਾਅਵੇ ਕੀਤੇ ਹਨ ਉਹ ਅਵਿਗਿਆਨਕ ਹਨ। ਤੁਸੀਂ ਕੈਂਸਰ ਦੇ ਇਲਾਜ ਦਾ ਦਾਅਵਾ ਕਰਦੇ ਹੋ। ਤਾਂ ਤੁਹਾਨੂੰ ਇਸ ਦੀ ਖੋਜ ਲਈ ਨੋਬਲ ਇਨਾਮ ਮਿਲਣਾ ਚਾਹੀਦਾ ਹੈ। ਕੀ ? ਕੋਈ ਅਜਿਹੇ ਕੇਸ ਹੈ ਜਿਨ੍ਹਾਂ ਦੇ ਕੈਂਸਰ ਠੀਕ ਹੋਏ ਹੋਣ?
ਕੈਂਸਰ ਠੀਕ ਹੋਇਆ ਹੈ, ਅਜਿਹੇ 1000 ਤੋਂ ਜਿਆਦਾ ਲੋਕ ਠੀਕ ਹੋਏ ਹਨ। ਮੇਰੇ ਕੋਲ ਯੋਗ ਦੇ ਕਰੀਬ 10 ਕਰੋੜ ਤੋਂ ਜਿਆਦਾ ਲੋਕਾਂ ਦਾ ਡਾਟਾ ਉਪਲੱਬਧ ਹੈ। ਆਯੂਰਵੇਦ ਦਾ ਵੀ ਕਰੀਬ 5 ਕਰੋੜ ਲੋਕਾਂ ਦਾ ਡਾਟਾ ਹੈ। ਹਰ ਤਰ੍ਹਾਂ ਦਾ ਡਾਟਾ ਬੇਸ ਸਾਡੇ ਕੋਲ ਉਪਲੱਬਧ ਹੈ। ਇਹ ਕਹਿੰਦੇ ਹਨ ਨੋਬਲ ਇਨਾਮ ਮਿਲਣਾ ਚਾਹੀਦਾ ਹੈ ਪਰ ਨੋਬਲ ਇਨਾਮ ਵਿਚ ਵੀ ਲਾਬਿੰਗ ਹੁੰਦੀ ਹੈ। ਜੇਕਰ ਈਮਾਨਦਾਰੀ ਨਾਲ ਇਨਾਮ ਦਿੱਤਾ ਜਾਵੇ ਤਾਂ ਸਵਾਮੀ ਰਾਮਦੇਵ ਨੂੰ ਵੱਖ-ਵੱਖ 10 ਨੋਬਲ ਇਨਾਮ ਦਿੱਤੇ ਜਾਣੇ ਚਾਹੀਦੇ ਹਨ। ਵੱਖ-ਵੱਖ ਖੋਜਾਂ ਲਈ, ਜਿਨ੍ਹਾਂ ਵਿਚ ਹੈਪੇਟਾਈਟਿਸ, ਫੈਟੀ ਲੀਵਰ ਲਈ ਮਿਲਣਾ ਚਾਹੀਦਾ ਹੈ। ਬੀ. ਪੀ. ਦਾ ਇਲਾਜ ਕਰਨ ਲਈ ਮਿਲਣਾ ਚਾਹੀਦਾ ਹੈ। ਅਸੀਂ ਯੋਗ ਨਾਲ ਠੀਕ ਕੀਤਾ। ਮੈਂ ਪ੍ਰੋਸਟੈਟ ਕੈਂਸਰ ਨੂੰ 10 ਦਿਨਾਂ ਵਿਚ ਕਿਓਰ ਕਰ ਦਿੱਤਾ। ਅਸਥਮਾ- ਅਰਥਰਾਈਟਿਸ ਲਈ ਵੀ ਨੋਬਲ ਮਿਲਣਾ ਚਾਹੀਦਾ ਹੈ। ਮੈਂ ਮੈਂਟਲ ਡਿਸਆਰਡਰ ਦਾ ਟਰੀਟਮੈਂਟ ਖੋਜ ਲਿਆ ਹੈ। ਇਸ ਲਈ ਮੈਨੂੰ ਨੋਬਲ ਮਿਲਣਾ ਚਾਹੀਦਾ ਹੈ ਅਤੇ ਯੋਗ ਕਰਵਾ ਕੇ ਮਨੁੱਖ ਦੀ ਸਰੀਰਕ ਤਬਦੀਲੀ ਕੀਤੀ ਹੈ। ਇਸ ਨਾਲ ਕਰੋੜਾਂ ਦੀ ਜੀਵਨ ਸ਼ੈਲੀ ਬਦਲੀ ਹੈ। ਯੋਗ ਦੇ ਜ਼ਰੀਏ ਮੈਂ ਵਿਅਕਤੀ ਅਹਿੰਸਕ ਸਮਾਜ, ਸੰਸਾਰ ਬਣਾਉਣ ਦਾ ਕੰਮ ਕੀਤਾ ਹੈ ਅਤੇ ਭੇਦਭਾਵ ਦੀਆਂ ਦੀਵਾਰਾਂ ਨੂੰ ਤੋੜਿਆ ਹੈ। ਮਜ਼ਹਬ, ਜਾਤੀ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਨੂੰ ਤੋੜਕੇ ਮੈਂ ਇਕਤਵ ਅਸਤੀਤਵ ਵਿਚ ਬੰਨਿ੍ਹਆ ਹੈ। ਇਹ ਇੱਕ ਨੋਬਲ ਕਾਰਜ ਕੀਤਾ ਹੈ। ਮੇਰੇ ਲਈ ਨੋਬਲ ਇਨਾਮ ਤੋਂ ਵਧ ਕੇ ਕਰੋੜਾਂ ਲੋਕਾਂ ਦਾ ਪਿਆਰ ਹੈ। ਕਿਸੇ ਨੋਬਲ ਪੁਰਸਕਾਰ ਜੇਤੂ ਤੋਂ ਜਿਆਦਾ ਪੂਰੀ ਦੁਨੀਆਂ ਮੈਨੂੰ ਜਾਣਦੀ ਹੈ।
ਸਵਾਮੀਜੀ, ਆਖਰੀ ਪ੍ਰਸ਼ਨ। ਕੀ ਵਿਦੇਸ਼ਾਂ ਵਿਚ ਵੀ ਯੋਗ ਅਤੇ ਆਯੂਰਵੇਦ ਬਹੁਤ ਪ੍ਰਚੱਲਤ ਹੈ ?
ਵਿਦੇਸ਼ਾਂ ਵਿਚ ਯੋਗ ਅਤੇ ਆਯੂਰਵੇਦ ਬਹੁਤ ਲੋਕਾਂ ਨੂੰ ਪਿਆਰਾ ਹੋ ਰਿਹਾ ਹੈ ਅਤੇ ਆਉਣ ਵਾਲੇ 25-50 ਸਾਲਾਂ ਵਿਚ ਐਲੋਪੈਥੀ ਰੀਪਲੇਸ ਹੋ ਜਾਵੇਗੀ ਆਯੂਰਵੇਦ ਨਾਲ।
ਮਨੋਜ ਸਿਨਹਾ ਨੇ 500 ਬੈੱਡਾਂ ਵਾਲੇ DRDO ਕੋਵਿਡ ਹਸਪਤਾਲ ਦਾ ਕੀਤਾ ਉਦਘਾਟਨ
NEXT STORY