ਨਵੀਂ ਦਿੱਲੀ - ਸੁਤੰਤਰਤਾ ਦਿਵਸ ਦੀਆਂ ਤਿਆਰੀਆਂ ਤਹਿਤ ਰਾਜਧਾਨੀ ਵਿਚ ਸੁਰੱਖਿਆ ਪ੍ਰਬੰਧ ਪੂਰੀ ਤਰ੍ਹਾਂ ਮਜ਼ਬੂਤ ਕੀਤੇ ਜਾ ਰਹੇ ਹਨ। ਸੁਤੰਤਰਤਾ ਦਿਵਸ ਤੋਂ ਪਹਿਲਾਂ ਦਿੱਲੀ ਇਕ ਵਿਸ਼ਾਲ ਕਿਲੇ ਵਿਚ ਤਬਦੀਲ ਕਰ ਦਿੱਤੀ ਗਈ ਹੈ। ਮਹੱਤਵਪੂਰਨ ਥਾਵਾਂ 'ਤੇ 600 ਸੀ. ਸੀ. ਟੀ. ਵੀ. ਕੈਮਰੇ ਲਗਾਏ ਹਨ। ਨਾਲ ਹੀ ਸੁਰੱਖਿਆ ਲਈ 2000 ਜਵਾਨ ਤਾਇਨਾਤ ਕੀਤੇ ਗਏ ਹਨ।
ਕਿਸੇ ਵੀ ਸੰਭਾਵਿਤ ਖਤਰੇ ਨਾਲ ਨਜਿੱਠਣ ਲਈ ਸੁਤੰਤਰਤਾ ਦਿਵਸ ਦੇ ਮੁੱਖ ਆਯੋਜਨ ਵਾਲੀ ਥਾਂ ਲਾਲ ਕਿਲੇ ਅਤੇ ਉਸ ਦੇ ਨੇੜੇ-ਤੇੜੇ ਸੁਰੱਖਿਆ ਦਾ ਘੇਰਾ ਬਣਾ ਦਿੱਤਾ ਹੈ। ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਅਤੇ ਹਵਾਈ ਅੱਡਿਆਂ 'ਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਦਿੱਲੀ ਦੀਆਂ ਹੱਦਾਂ 'ਤੇ ਸਖਤ ਚੌਕਸੀ ਰੱਖੀ ਜਾ ਰਹੀ ਹੈ। ਦੂਸਰੇ ਸੂਬਿਆਂ ਤੋਂ ਆਉੇਣ ਵਾਲੇ ਵਾਹਨਾਂ ਦੇ ਨਾਲ ਹੀ ਦਿੱਲੀ ਵਿਚ ਵੀ ਸਾਰੇ ਵਾਹਨਾਂ ਦੀ ਜਾਂਚ ਹੋ ਰਹੀ ਹੈ। ਲਾਜਪਤ ਨਗਰ, ਸਰੋਜਨੀ ਨਗਰ ਅਤੇ ਕਰੋਲ ਬਾਗ ਵਰਗੇ ਭੀੜ-ਭੜੱਕੇ ਵਾਲੇ ਬਾਜ਼ਾਰਾਂ ਵਿਚ ਪੁਲਸ ਵਿਸ਼ੇਸ਼ ਗਸ਼ਤ ਕਰ ਰਹੀ ਹੈ। ਅੱਜ ਸੁਤੰਤਰਤਾ ਦਿਵਸ ਦੀ ਰਿਹਰਸਲ ਕੀਤੀ ਗਈ। ਇਸ ਮੌਕੇ 'ਤੇ ਕਈ ਥਾਵਾਂ 'ਤੇ ਆਵਾਜਾਈ ਮਾਰਗਾਂ ਵਿਚ ਸਵੇਰੇ ਤਬਦੀਲੀ ਕੀਤੀ ਗਈ। ਰਿਹਰਸਲ ਵਿਚ ਵੱਡੀ ਗਿਣਤੀ ਵਿਚ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਹਿੱਸਾ ਲਿਆ। 15 ਅਗਸਤ ਦੇ ਦਿਨ ਵੀ ਆਵਾਜਾਈ ਮਾਰਗਾਂ ਵਿਚ ਤਬਦੀਲੀ ਕੀਤੇ ਜਾਣ ਦੀ ਤਿਆਰੀ ਹੈ। ਦਿੱਲੀ ਦੇ ਪੁਲਸ ਕਮਿਸ਼ਨਰ ਅਮੁਲਯ ਪਟਨਾਇਕ ਨੇ ਇਕ ਉਚ ਪੱਧਰੀ ਬੈਠਕ ਵਿਚ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਹੈ।
ਤਿੰਨ ਤਲਾਕ ਵਿਰੁੱਧ ਨਵੀਂ ਰਿੱਟ 'ਤੇ ਸੁਪਰੀਮ ਕੋਰਟ ਵਲੋਂ ਸੁਣਵਾਈ ਤੋਂ ਨਾਂਹ
NEXT STORY