ਕੋਲਕਾਤਾ- ਪੱਛਮੀ ਬੰਗਾਲ ਵਿਧਾਨ ਸਭਾ ਵਿਚ ਮਣੀਪੁਰ 'ਚ ਹੋਈ ਹਿੰਸਾ ਦੀ ਨਿੰਦਾ ਕਰਨ ਵਾਲਾ ਇਕ ਪ੍ਰਸਤਾਵ ਸੋਮਵਾਰ ਨੂੰ ਭਾਜਪਾ ਦੇ ਵਿਰੋਧ ਦਰਮਿਆਨ ਪਾਸ ਕਰ ਦਿੱਤਾ ਗਿਆ। ਸੂਬੇ ਦੇ ਸੰਸਦੀ ਕਾਰਜ ਮੰਤਰੀ ਸੋਵਨਦੇਬ ਚਟੋਪਾਧਿਆਏ ਨੇ ਸਦਨ ਵਿਚ ਪ੍ਰਸਤਾਵ ਪੇਸ਼ ਕੀਤਾ ਸੀ। ਪ੍ਰਸਤਾਵ 'ਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹਿੰਸਾ ਪ੍ਰਭਾਵਿਤ ਸੂਬੇ ਦੇ ਹਾਲਾਤ ਨਾਲ ਨਜਿੱਠਣ 'ਚ ਭਾਜਪਾ ਅਤੇ ਕੇਂਦਰ ਸਰਕਾਰ ਦੀ ਭੂਮਿਕਾ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਮਣੀਪੁਰ 'ਤੇ ਇਕ ਉਦਾਹਰਣ ਪੇਸ਼ ਕਰਨਾ ਚਾਹੀਦਾ ਸੀ। ਇਹ ਸ਼ਰਮ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਵਿਦੇਸ਼ ਯਾਤਰਾ 'ਤੇ ਤਾਂ ਜਾ ਸਕਦੇ ਹਨ ਪਰ ਮਣੀਪੁਰ ਨਹੀਂ ਜਾ ਸਕਦੇ।
ਬੈਨਰਜੀ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਮਣੀਪੁਰ ਵਿਚ ਸ਼ਾਂਤੀ ਬਹਾਲੀ ਕਰਨ 'ਚ ਸਮਰੱਥ ਨਹੀਂ ਹਨ ਤਾਂ ਸਾਨੂੰ ਸ਼ਾਂਤੀ ਬਹਾਲ ਕਰਨ ਦੀ ਆਗਿਆ ਦੇਣ। ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਨੇ ਕਿਹਾ ਕਿ ਮਾਮਲਾ ਵਿਚਾਰ ਅਧੀਨ ਹੋਣ ਕਾਰਨ ਚਰਚਾ ਕਰਨਾ ਗੈਰ-ਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਅਸੀਂ ਮਣੀਪੁਰ 'ਤੇ ਚਰਚਾ ਦੀ ਇਜਾਜ਼ਤ ਦੇਣ ਵਾਲੇ ਗੈਰ-ਕਾਨੂੰਨੀ ਫੈਸਲੇ ਵਿਰੁੱਧ ਅਦਾਲਤ ਵਿਚ ਜਾਵਾਂਗੇ। ਇਹ ਸੰਘੀ ਢਾਂਚੇ ਦੇ ਚਰਿੱਤਰ ਦੇ ਵਿਰੁੱਧ ਹੈ। ਚਰਚਾ ਵਿਚ ਸ਼ਾਮਲ ਭਾਜਪਾ ਆਗੂਆਂ ਨੇ ਮੁੱਖ ਮੰਤਰੀ ਦੇ ਭਾਸ਼ਣ ਤੋਂ ਬਾਅਦ ਸਦਨ ਵਿਚੋਂ ਵਾਕਆਊਟ ਕਰ ਦਿੱਤਾ।
ਪੱਛਮੀ ਬੰਗਾਲ 'ਚ ਡੇਂਗੂ ਨਾਲ 8 ਦੀ ਮੌਤ, 4 ਹਜ਼ਾਰ ਤੋਂ ਵੱਧ ਪੀੜਤ, CM ਮਮਤਾ ਬੈਨਰਜੀ ਨੇ ਜਤਾਈ ਚਿੰਤਾ
NEXT STORY