ਨਵੀਂ ਦਿੱਲੀ– ਭਾਰਤ ’ਚ ਕੋਰੋਨਾ ਵਾਇਰਸ ਦੀਆਂ ਦੋ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਕ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਅਤੇ ਦੂਜੀ ਸੀਰਮ ਇੰਸਟੀਚਿਊਟ ਦੀ ਕੋਵਿਸ਼ੀਲਡ ਜੋ ਆਕਸਫੋਰਡ-ਐਕਸਟ੍ਰਾਜ਼ੇਨੇਕਾ ਦੀ ਵੈਕਸੀਨ ਦਾ ਹੀ ਭਾਰਤੀ ਵਰਜ਼ਨ ਹੈ। ਹਾਲਾਂਕਿ, ਹੁਣ ਦੋਵੇਂ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਦੇ ਮਾਲਕ ਆਪਸ ’ਚ ਹੀ ਭਿੜ ਗਏ ਹਨ। ਸੀਰਮ ਇੰਸਟੀਚਿਊਟ ਦੇ ਸੀ.ਈ.ਓ. ਅਦਾਰ ਪੂਨਾਵਾਲਾ ਨੇ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਨੂੰ ਮਨਜ਼ੂਰੀ ਦਿੱਤੇ ਜਾਣ ’ਤੇ ਇਤਰਾਜ਼ ਜਤਾਇਆ ਸੀ। ਹੁਣ ਭਾਰਤ ਬਾਇਓਟੈੱਕ ਦੇ ਫਾਊਂਡਰ ਅਤੇ ਚੇਅਰਮੈਨ ਕ੍ਰਿਸ਼ਣਾ ਏਲਾ ਨੇ ਵੀ ਸੀਰਮ ਇੰਸਟੀਚਿਊਟ ’ਤੇ ਪਲਟਵਾਰ ਕੀਤਾ ਹੈ।
ਕ੍ਰਿਸ਼ਣਾ ਏਲਾ ਨੇ ਆਪਣੇ ਬਿਆਨ ’ਚ ਕਿਹਾ ਕਿ ਅਸੀਂ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਦੀ ਉਮੀਦ ਨਹੀਂ ਕਰਦੇ। ਉਨ੍ਹਾਂ ਨੇ ਲੋਕਾਂ ਨੂੰ ਵੈਕਸੀਨ ਦੇ ਮੁੱਦੇ ’ਤੇ ਰਾਜਨੀਤੀ ਨਾ ਕਰਨ ਦੀ ਅਪੀਲ ਕੀਤੀ। ਅਦਾਰ ਪੂਨਾਵਾਲਾ ਦਾ ਨਾਮ ਲਏ ਬਿਨਾਂ ਏਲਾ ਨੇ ਕਿਹਾ ਕਿ ਅਸੀਂ 200 ਫੀਸਦੀ ਇਮਾਨਦਾਰ ਕਲੀਨਿਕ ਟ੍ਰਾਇਲ ਕਰਦੇ ਹਾਂ ਅਤੇ ਉਸ ਤੋਂ ਬਾਅਦ ਸਾਨੂੰ ਅਜਿਹੀ ਪ੍ਰਤੀਕਿਰਿਆ ਮਿਲਦੀ ਹੈ। ਜੇਕਰ ਮੈਂ ਗਲਤ ਹਾਂ ਤਾਂ ਮੈਨੂੰ ਦੱਸੋ। ਕੁਝ ਕੰਪਨੀਆਂ ਸਾਡੀ ਵੈਕਸੀਨ ਨੂੰ ਪਾਣੀ ਦੀ ਤਰ੍ਹਾਂ ਦੱਸ ਰਹੀਆਂ ਹਨ। ਮੈਂ ਇਸ ਤੋਂ ਇਨਕਾਰ ਕਰਦਾ ਹਾਂ। ਅਸੀਂ ਵਿਗਿਆਨੀ ਹਾਂ
ਦੱਸ ਦੇਈਏ ਕਿ ਐਤਵਾਰ ਨੂੰ ਇਕ ਨਿੱਜੀ ਚੈਨਲ ਨੂੰ ਦਿੱਤੀ ਗਈ ਇੰਟਰਵਿਊ ’ਚ ਅਦਾਰ ਪੂਨਾਵਾਲਾ ਨੇ ਕਿਹਾ ਸੀ ਕਿ ਹੁਣ ਤਕ ਸਿਰਫ ਫਾਈਜ਼ਰ, ਮੋਡੇਰਨਾ ਅਤੇ ਆਕਸਫੋਰਡ ਐਸਟ੍ਰਾਜ਼ੇਨੇਕਾ ਦੀ ਵੈਕਸੀਨ ਦੀ ਕੁਸ਼ਲਤਾ ਸਾਬਤ ਹੋਈ ਹੈ ਅਤੇ ਬਾਕੀ ਸਾਰੀਆਂ ਵੈਕਸੀਨ ਸਿਰਫ ਪਾਣੀ ਦੀ ਤਰ੍ਹਾਂ ਸੁਰੱਖਿਅਤ ਹਨ।
ਏਲਾ ਨੇ ਕਿਹਾ ਕਿ ਅਮਰੀਕਾ ਅਤੇ ਯੂਰਪ ਨੇ ਯੂ.ਕੇ. ਤੋਂ ਐਸਟ੍ਰੋਜ਼ੇਨੇਕਾ ਆਕਸਫੋਰਡ ਵੈਕਸੀਨ ਦਾ ਟ੍ਰਾਇਲ ਡਾਟਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਹ ਪਾਰਦਰਸ਼ੀ ਨਹੀਂ ਸੀ ਪਰ ਕਿਸੇ ਨੇ ਵੀ ਆਕਸਫੋਰਡ ਡਾਟਾ ’ਤੇ ਸਵਾਲ ਨਹੀਂ ਚੁੱਕਿਆ। ਉਨ੍ਹਾਂ ਦੋਸ਼ ਲਗਾਇਆ ਕਿ ਐਸਟ੍ਰੋਜ਼ੇਨੇਕਾ ਆਕਸਫੋਰਡ ਦੇ ਟ੍ਰਾਇਲ ’ਚ ਵੈਕਸੀਨ ਸ਼ਾਟ ਦੇਣ ਤੋਂ ਪਹਿਲਾਂ ਵਾਲੰਟੀਅਰਾਂ ਨੂੰ ਪੈਰਾਸੀਟਾਮੋਲ ਟੈਬਲੇਟ ਦਿੱਤੀ ਗਈ ਸੀ ਅਤੇ ਜੇਕਰ ਇਹ ਉਨ੍ਹਾਂ ਦੀ ਕੰਪਨੀ ਨੇ ਕੀਤਾ ਹੁੰਦਾ ਤਾਂ ਭਾਰਤ ਦੇ ਰੈਗੁਲੇਟਰ ਉਨ੍ਹਾਂ ਦੇ ਟ੍ਰਾਇਲ ਨੂੰ ਬੰਦ ਕਰਵਾ ਦਿੰਦੇ।
ਏਲਾ ਨੇ ਕਿਹਾ ਕਿ ਅਸੀਂ ਵਾਲੰਟੀਅਰਾਂ ਨੂੰ ਪੈਰਾਸੀਟਾਮੋਲ ਨਹੀਂ ਦਿੱਤੀ, ਇਸ ਲਈ ਚੰਗੀ ਜਾਂ ਬੁਰੀ ਜੋ ਵੀ ਪ੍ਰਤੀਕਿਰਿਆ ਆਈ, ਉਸ ਨੂੰ 100 ਫੀਸਦੀ ਉਸੇ ਤਰ੍ਹਾਂ ਲਿਆ ਗਿਆ। ਇਨ੍ਹਾਂ ਪ੍ਰਤੀਕਿਰਿਆਵਾਂ ਨੂੰ ਰੀਅਲ ਟਾਈਮ ’ਚ ਕੈਪਚਰ ਕੀਤਾ ਗਿਆ ਹੈ। ਏਲਾ ਨੇ ਏਮਸ ਮੁਖੀ ਡਾਕਟਰ ਰਣਦੀਪ ਗੁਲੇਰੀਆ ਦੇ ਬਿਆਨ ਨੂੰ ਲੈ ਕੇ ਵੀ ਇਤਰਾਜ਼ ਜਤਾਇਆ। ਡਾਕਟਰ ਗੁਲੇਰੀਆ ਨੇ ਕੋਵੈਕਸੀਨ ਦਾ ਇਸਤੇਮਾਲ ਹੋਰ ਵੈਕਸੀਨ ਦੇ ਬੈਕਅਪ ਦੀ ਤਰ੍ਹਾਂ ਕਰਨ ਦਾ ਸੁਝਾਅ ਦਿੱਤਾ ਸੀ। ਏਲਾ ਨੇ ਕਿਹਾ ਕਿ ਇਹ ਇਕ ਵੈਕਸੀਨ ਹੈ, ਬੈਕਅਪ ਨਹੀਂ। ਇਸ ਤਰ੍ਹਾਂ ਦੇ ਬਿਆਨ ਦੇਣ ਤੋਂ ਪਹਿਲਾਂ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ।
PM ਮੋਦੀ ਨੇ ਕੋਚੀ-ਮੰਗਲੁਰੂ ਕੁਦਰਤੀ ਗੈਸ ਪਾਈਪਲਾਈਨ ਦਾ ਕੀਤਾ ਉਦਘਾਟਨ
NEXT STORY