ਨੈਸ਼ਨਲ ਡੈਸਕ- ਹਿਮਾਚਲ ਪ੍ਰਦੇਸ਼ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਹਮੀਰਪੁਰ ਜ਼ਿਲ੍ਹੇ ਦੇ ਨਾਦੌਨ ਖੇਤਰ ਅਧੀਨ ਆਉਂਦੇ ਪਿੰਡ ਟਿਆਲੂ 'ਚ ਸਿਰਫ਼ 3,000 ਰੁਪਏ ਦੇ ਵਿਵਾਦ ਨੂੰ ਲੈ ਕੇ ਇੱਕ ਪ੍ਰਵਾਸੀ ਮੈਕੇਨਿਕ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਪੁਲਸ ਅਨੁਸਾਰ ਮੁਲਜ਼ਮਾਂ ਨੇ ਕਹੀ ਨਾਲ ਹਮਲਾ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ASP ਰਾਜੇਸ਼ ਕੁਮਾਰ ਉਪਾਧਿਆਏ ਨੇ ਸ਼ੁੱਕਰਵਾਰ ਨੂੰ ਇਸ ਵਾਰਦਾਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਦਿਗਵਿਜੇ ਉਰਫ਼ ਗਾਂਗੁਲੀ ਵਜੋਂ ਹੋਈ ਹੈ।
ਪੁਲਸ ਅਨੁਸਾਰ ਮੰਗਲਵਾਰ ਰਾਤ ਨੂੰ ਦਿਗਵਿਜੇ ਅਤੇ ਦੋ ਹੋਰ ਵਿਅਕਤੀ ਇਕੱਠੇ ਸ਼ਰਾਬ ਪੀ ਰਹੇ ਸਨ। ਇਸ ਦੌਰਾਨ 3,000 ਦੇ ਲੈਣ-ਦੇਣ ਨੂੰ ਲੈ ਕੇ ਉਨ੍ਹਾਂ ਵਿਚਾਲੇ ਬਹਿਸ ਹੋ ਗਈ ਜੋ ਹਿੰਸਕ ਝੜਪ 'ਚ ਬਦਲ ਗਈ, ਜਿਸ ਮਗਰੋਂ ਦੋਵਾਂ ਸਾਥੀਆਂ ਨੇ ਮਿਲ ਕੇ ਦਿਗਵਿਜੇ ਦਾ ਕਤਲ ਕਰ ਦਿੱਤਾ। ਬੁੱਧਵਾਰ ਸ਼ਾਮ ਨੂੰ ਇੱਕ ਸੁੰਨਸਾਨ ਖੇਤਰ ਵਿੱਚ ਸਥਿਤ ਕੱਚੇ ਮਕਾਨ ਦੇ 'ਚੋਂ ਦਿਗਵਿਜੇ ਦੀ ਖ਼ੂਨ ਨਾਲ ਲੱਥਪੱਥ ਲਾਸ਼ ਬਰਾਮਦ ਹੋਈ।
ਪੁਲਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ 'ਚੋਂ ਇੱਕ ਸਥਾਨਕ ਨਿਵਾਸੀ ਸੁਰਜੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੂਜਾ ਮੁਲਜ਼ਮ ਸੰਤੋਸ਼, ਜੋ ਬਿਹਾਰ ਦੇ ਮਧੂਬਨੀ ਦਾ ਰਹਿਣ ਵਾਲਾ ਹੈ, ਫਿਲਹਾਲ ਫਰਾਰ ਹੈ। ਪੁਲਸ ਨੇ ਵਾਰਦਾਤ ਵਿੱਚ ਵਰਤੀ ਗਈ ਕਹੀ ਵੀ ਬਰਾਮਦ ਕਰ ਲਈ ਹੈ। ਫੋਰੈਂਸਿਕ ਟੀਮ ਨੇ ਮੌਕੇ 'ਤੇ ਪਹੁੰਚ ਕੇ ਅਹਿਮ ਸਬੂਤ ਇਕੱਠੇ ਕੀਤੇ ਹਨ। ਪੁਲਸ ਵੱਲੋਂ ਫਰਾਰ ਮੁਲਜ਼ਮ ਸੰਤੋਸ਼ ਦੀ ਭਾਲ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਬਣਨਗੀਆਂ 5 ਨਵੀਆਂ ਤਹਿਸੀਲਾਂ ! ਲੱਦਾਖ ਪ੍ਰਸ਼ਾਸਨ ਨੇ ਦਿੱਤੀ ਮਨਜ਼ੂਰੀ
NEXT STORY