ਕਰਨਾਲ — ਸਪੇਸ ਵਿਚ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਮਹਿਲਾ ਕਲਪਨਾ ਚਾਵਲਾ ਦਾ ਅੱਜ ਜਨਮਦਿਨ ਹੈ। ਕਲਪਨਾ ਚਾਵਲਾ ਨੇ ਨਾ ਸਿਰਫ ਸਪੇਸ ਦੀ ਦੁਨੀਆਂ ਵਿਚ ਕਈ ਪ੍ਰਾਪਤੀਆਂ ਹਾਸਲ ਕੀਤੀਆਂ, ਸਗੋਂ ਕਈ ਵਿਦਿਆਰਥੀਆਂ ਨੂੰ ਆਪਣੇ ਜੀਵਣ ਦੀ ਕਲਪਨਾ ਦੀ ਉਡਾਣ ਨੂੰ ਸਾਕਾਰ ਕਰਨ ਦੀ ਪ੍ਰੇਰਣਾ ਵੀ ਦਿੱਤੀ। ਕਲਪਨਾ ਬਚਪਨ ਤੋਂ ਹੀ ਸਪੇਸ ਵਿਚ ਘੁੰਮਣ ਦੀ ਇੱਛਾ ਰੱਖਦੀ ਸੀ ਅਤੇ ਉਸ ਨੇ ਆਪਣੀ ਮਿਹਨਤ ਦੇ ਸਦਕੇ ਆਪਣੇ ਸੁਪਨੇ ਨੂੰ ਸੱਚ ਕਰ ਵਿਖਾਇਆ।

ਕਰਨਾਲ ਵਿਚ ਪੈਦਾ ਹੋਈ ਕਲਪਨਾ 4 ਭੈਣ-ਭਰਾਵਾਂ 'ਚੋਂ ਸੀ ਸਭ ਤੋਂ ਛੋਟੀ
ਭਾਰਤੀ ਪੁਲਾੜ ਯਾਤਰੀ ਦਾ ਮਾਣ ਹਾਸਲ ਕਰਨ ਵਾਲੀ ਸਪੇਸ ਐਸਟ੍ਰੋਨੋਟ ਕਲਪਨਾ ਚਾਵਲਾ ਦਾ ਜਨਮ ਦਿਨ 17 ਮਾਰਚ 1962 ਨੂੰ ਹਰਿਆਣੇ ਦੇ ਕਰਨਾਲ ਵਿਚ ਹੋਇਆ ਸੀ। ਕਲਪਨਾ ਦੇ ਪਿਤਾ ਦਾ ਨਾਮ ਬਨਾਰਸੀ ਲਾਲ ਚਾਵਲਾ ਅਤੇ ਮਾਂ ਦਾ ਨਾਮ ਸੰਜਯੋਤੀ ਚਾਵਲਾ ਹੈ। ਕਲਪਨਾ ਦੇ ਘਰ ਦਾ ਨਾਮ ਮੋਂਟੂ ਸੀ ਅਤੇ ਉਹ ਆਪਣੇ 4 ਭੈਣ-ਭਰਾਵਾਂ ਵਿਚੋਂ ਸਭ ਤੋਂ ਛੋਟੀ ਸੀ। ਕਲਪਨਾ ਬਾਰੇ ਇਕ ਖਾਸ ਗੱਲ ਇਹ ਹੈ ਕਿ ਉਸਨੇ 8ਵੀਂ ਜਮਾਤ ਵਿਚ ਹੀ ਆਪਣੇ ਪਿਤਾ ਨੂੰ ਇੰਜੀਨੀਅਰ ਬਣਨ ਦੀ ਇੱਛਾ ਪ੍ਰਗਟ ਕਰ ਦਿੱਤੀ ਸੀ। ਪਰੰਤੂ ਉਸਦੇ ਪਿਤਾ ਚਾਹੁੰਦੇ ਸਨ ਕਿ ਉਹ ਡਾਕਟਰ ਜਾਂ ਅਧਿਆਪਕ ਬਣੇ।

ਕਲਪਨਾ ਦੀ ਵਿੱਦਿਆ
ਕਲਪਨਾ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਕਰਨਾਲ ਦੇ ਟੈਗੋਰ ਬਾਲ ਨਿਕੇਤਨ ਸਕੂਲ ਤੋਂ ਕੀਤੀ। ਇਸ ਤੋਂ ਬਾਅਦ ਸਾਲ 1982 'ਚ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਚਲੀ ਗਈ ਜਿਥੋਂ ਉਸਨੇ ਏਰੋਨੌਟਿਕਲ ਇੰਜੀਨੀਅਰਿੰਗ ਦੀ ਡਿਗਰੀ ਪਾਸ ਕੀਤੀ। ਇਸ ਤੋਂ ਬਾਅਦ ਕਲਪਨਾ ਨੇ ਟੈਕਸਾਸ ਯੂਨੀਵਰਸਿਟੀ ਤੋਂ ਐਰੋਸਪੇਸ ਇੰਜੀਨੀਅਰਿੰਗ ਵਿਚ ਐੱਮ.ਟੈੱਕ ਪੂਰਾ ਕੀਤਾ। ਅਮਰੀਕਾ ਜਾ ਕੇ ਕਲਪਨਾ ਨੇ ਸਾਲ 1984 ਵਿਚ ਟੇਕਸਾਸ ਦੀ ਯੂਨੀਵਰਸਿਟੀ ਤੋਂ ਏਅਰਸਪੇਸ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ।

ਫਰਾਂਸ ਦੇ ਜੌਨ ਪੀਅਰ ਨਾਲ ਹੋਇਆ ਸੀ ਕਲਪਨਾ ਦਾ ਵਿਆਹ
ਕਲਪਨਾ ਚਾਵਲਾ ਦਾ ਵਿਆਹ ਫਰਾਂਸ ਦੇ ਜੌਨ ਪੀਅਰ ਨਾਲ ਹੋਇਆ ਸੀ, ਜੋ ਕਿ ਇਕ ਫਲਾਇੰਗ ਨਿਰਦੇਸ਼ਕ ਸਨ। ਐੱਮ.ਟੈੱਕ. ਦੀ ਪੜ੍ਹਾਈ ਦੇ ਦੌਰਾਨ ਹੀ ਕਲਪਨਾ ਨੂੰ ਜੌਨ ਪੀਅਰ ਹੈਰੀਸਨ ਨਾਲ ਪਿਆਰ ਹੋ ਗਿਆ ਸੀ। ਬਾਅਦ ਵਿਚ ਦੋਵਾਂ ਨੇ ਵਿਆਹ ਕਰਵਾ ਲਿਆ ਸੀ। ਇਸੇ ਦੌਰਾਨ ਉਨ੍ਹਾਂ ਨੂੰ 1991 ਵਿਚ ਅਮਰੀਕਾ ਦੀ ਨਾਗਰਿਕਤਾ ਵੀ ਮਿਲ ਗਈ ।

ਕਲਪਨਾ ਨੂੰ ਬੈਡਮਿੰਟਨ ਖੇਡਣਾ ਪਸੰਦ ਸੀ
ਕਲਪਨਾ ਚਾਵਲਾ ਨੂੰ ਕਵਿਤਾ, ਡਾਂਸਿੰਗ, ਸਾਈਕਲਿੰਗ ਅਤੇ ਰਨਿੰਗ ਦਾ ਬਹੁਤ ਸ਼ੌਕ ਸੀ। ਉਹ ਹਮੇਸ਼ਾ ਖੇਡ ਦੇ ਆਯੋਜਨਾਂ ਵਿਚ ਹਿੱਸਾ ਲੈਂਦੀ ਰਹਿੰਦੀ ਸੀ ਅਤੇ ਦੌੜ ਵਿਚ ਹਮੇਸ਼ਾ ਪਹਿਲੇ ਸਥਾਨ 'ਤੇ ਆਇਆ ਕਰਦੀ ਸੀ। ਉਸਨੂੰ ਬੈਡਮਿੰਟਨ ਖੇਡਣਾ ਵੀ ਬਹੁਤ ਪਸੰਦ ਸੀ।

1995 'ਚ ਲੱਗੇ ਕਲਪਨਾ ਚਾਵਲਾ ਦੇ ਸੁਪਨਿਆਂ ਨੂੰ ਪੰਖ
ਕਲਪਨਾ ਨੇ ਸਾਲ 1993 ਵਿਚ ਨਾਸਾ ਵਿਚ ਪਹਿਲੀ ਵਾਰ ਅਰਜ਼ੀ ਦਿੱਤੀ ਸੀ, ਉਸ ਸਮੇਂ ਉਨ੍ਹਾਂ ਨੂੰ ਅਸਵੀਕਾਰ ਕਰ ਦਿੱਤਾ ਗਿਆ । ਫਿਰ ਵੀ ਕਲਪਨਾ ਨੇ ਹਾਰ ਨਹੀਂ ਮੰਨੀ। 1995 ਵਿਚ ਨਾਸਾ ਨੇ ਸਪੇਸ ਯਾਤਰਾ ਲਈ ਕਲਪਨਾ ਦੀ ਚੋਣ ਕੀਤੀ। ਉਡਾਣ ਲਈ ਚੁਣੇ ਜਾਣ ਤੋਂ ਕਰੀਬ 8 ਮਹੀਨੇ ਬਾਅਦ ਉਨ੍ਹਾਂ ਦਾ ਪਹਿਲਾਂ ਸਪੇਸ ਮਿਸ਼ਨ 19 ਨਵੰਬਰ 1997 ਨੂੰ ਸ਼ੁਰੂ ਹੋਇਆ। ਉਨ੍ਹਾਂ ਨੂੰ 6 ਪੁਲਾੜ ਯਾਤਰੀਆਂ ਦੇ ਨਾਲ ਸਪੇਸ ਸ਼ਟਲ ਕੋਲੰਬੀਆ STS-87 'ਚ ਉਡਾਣ ਭਰੀ। ਆਪਣੇ ਪਹਿਲੇ ਮਿਸ਼ਨ ਦੇ ਦੌਰਾਨ ਕਲਪਨਾ ਨੇ 1.04 ਕਰੋੜ ਮੀਲ ਦਾ ਸਫ਼ਰ ਤੈਅ ਕਰਦੇ ਹੋਏ ਸਪੇਸ ਵਿਚ ਕਰੀਬ 372 ਘੰਟੇ ਬਿਤਾਏ ਅਤੇ ਇਸ ਦੌਰਾਨ ਧਰਤੀ ਦੇ ਕੁੱਲ 252 ਚੱਕਰ ਵੀ ਲਗਾਏ।

ਅੱਜ ਵੀ ਦਨੀਆਂ ਲਈ ਮਿਸਾਲ ਹੈ ਕਲਪਨਾ ਚਾਵਲਾ
ਭਾਵੇਂ 1 ਫਰਵਰੀ 2003 ਨੂੰ ਕੋਲੰਬੀਆ ਸਪੇਸ ਸ਼ਟਲ ਦੇ ਕ੍ਰੈਸ਼ ਹੋਣ ਦੇ ਨਾਲ ਹੀ ਕਲਪਨਾ ਦੀ ਉਡਾਣ ਰੁਕ ਗਈ ਪਰ ਅੱਜ ਵੀ ਉਹ ਦੁਨੀਆਂ ਲਈ ਮਿਸਾਲ ਹੈ। ਸਾਲ 2000 ਵਿਚ ਵਿਚ ਕਲਪਨਾ ਦੀ ਚੋਣ ਦੂਸਰੀ ਵਾਰ ਸਪੇਸ ਯਾਤਰੀ ਦੇ ਤੌਰ 'ਤੇ ਹੋਈ। ਇਹ ਮਿਸ਼ਨ ਤਿੰਨ ਸਾਲ ਲੇਟ ਹੋਣ ਤੋਂ ਬਾਅਦ 2003 ਵਿਚ ਲਾਂਚ ਹੋ ਸਕਿਆ। 16 ਜਨਵਰੀ 2003 ਨੂੰ ਕਲਪਨਾ ਨੇ ਕੋਲੰਬੀਆ ਫਲਾਈਟ STS 107 ਤੋਂ ਦੂਸਰੇ ਮਿਸ਼ਨ ਦੀ ਸ਼ੁਰੂਆਤ ਕੀਤੀ। 1 ਫਰਵਰੀ 2003 ਨੂੰ ਸਪੇਸ ਸ਼ਟਲ ਧਰਤੀ ਵਾਯੂਮੰਡਲ 'ਚ ਦਾਖਲ ਹੁੰਦੇ ਹੀ ਤਕਨੀਕੀ ਸਮੱਸਿਆਵਾਂ ਆਉਣ ਕਾਰਨ ਨਸ਼ਟ ਹੋ ਗਿਆ। ਇਸ ਹਾਦਸੇ 'ਚ ਕਲਪਨਾ ਸਮੇਤ ਸਾਰੇ ਮੈਂਬਰ ਮਾਰੇ ਗਏ। ਸਪੇਸ ਸ਼ਟਲ 'ਚ ਸਵਾਰ ਸੱਤ ਯਾਤਰੀਆਂ ਦੇ ਅਵਸ਼ੇਸ਼ ਟੇਕਸਾਸ ਨਾਮਕ ਸ਼ਹਿਰ 'ਤੇ ਡਿੱਗੇ। ਇਹ ਟੀਮ 16 ਦਿਨਾਂ ਅੰਦਰ 80 ਤਜ਼ਰਬੇ ਪੂਰੇ ਕਰ ਚੁੱਕੀ ਸੀ।

ਕਲਪਨਾ ਦੇ ਨਾਮ 'ਤੇ ਪਿਹੋਵਾ ਰਾਜ ਮਾਰਗ 'ਤੇ ਬਣਾਇਆ ਗਿਆ ਤਾਰਾ ਮੰਡਲ
ਕਲਪਨਾ ਚਾਵਲਾ ਦੇ ਸਨਮਾਨ ਵਿਚ ਦੇਸ਼ ਵਿਚ ਕਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ। ਹਰਿਆਣਾ ਸਰਕਾਰ ਨੇ ਕਲਪਨਾ ਦੇ ਨਾਮ 'ਤੇ ਕਰਨਾਲ ਵਿਚ ਸਰਕਾਰੀ ਹਸਪਤਾਲ ਦਾ ਨਾਮ ਕਲਪਨਾ ਚਾਵਲਾ ਮੈਡੀਕਲ ਕਾਲਜ ਰੱਖਿਆ ਅਤੇ ਕੁਰੂਕਸ਼ੇਤਰ ਵਿਚ ਪਿਹੋਵਾ ਰਾਜਮਾਰਗ 'ਤੇ ਕਲਪਨਾ ਚਾਵਲਾ ਤਾਰਾਮੰਡਲ ਬਣਾਇਆ ਗਿਆ। ਹਰਿਆਣਾ ਸਰਕਾਰ ਨੇ ਕਰਨਾਲ ਵਿਚ ਕਲਪਨਾ ਚਾਵਲਾ ਦੇ ਨਾਮ 'ਤੇ ਯੂਨੀਵਰਸਿਟੀ ਬਣਾਉਣ ਦੀ ਘੋਸ਼ਣਾ ਕੀਤੀ ਸੀ ਪਰ ਮਨੋਹਰ ਸਰਕਾਰ ਨੇ ਉਸਦਾ ਨਾਮ ਬਦਲ ਕੇ ਜਨ ਸੰਘ ਦੇ ਸੀਨੀਅਰ ਨੇਤਾ ਸਵ. ਦੀਨ ਦਿਆਲ ਉਪਾਧਿਆਏ ਦੇ ਨਾਮ 'ਤੇ ਰੱਖ ਦਿੱਤਾ ਗਿਆ ਹੈ।

ਭਾਰਤ ਦੀ ਬਹਾਦਰ ਬੇਟੀ ਸੀ ਕਲਪਨਾ ਚਾਵਲਾ
ਕਲਪਨਾ ਚਾਵਲਾ ਭਾਰਤ ਦੀ ਬਹਾਦਰ ਬੇਟੀ ਸੀ। ਉਨ੍ਹਾਂ ਨੇ 41 ਸਾਲ ਦੀ ਉਮਰ ਵਿਚ ਆਪਣੀ ਦੂਸਰੀ ਸਪੇਸ ਯਾਤਰਾ ਕੀਤੀ ਜੋ ਕਿ ਆਖਰੀ ਸਾਬਤ ਹੋਈ। ਉਨ੍ਹਾਂ ਦੇ ਇਹ ਸ਼ਬਦ ਸੱਚ ਹੋ ਗਏ ਜਿਨ੍ਹਾਂ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਮੈਂ ਸਪੇਸ ਲਈ ਹੀ ਬਣੀ ਹਾਂ। ਹਰ ਪਲ ਸਪੇਸ ਲਈ ਹੀ ਬਿਤਾਇਆ ਹੈ ਅਤੇ ਇਸੇ ਲਈ ਹੀ ਮਰਾਂਗੀ।
'ਖੇਤੀ ਉੱਨਤੀ ਮੇਲੇ' 'ਚ ਬੋਲੇ ਪੀ.ਐੱਮ. ਮੋਦੀ- ਦੇਸ਼ ਦੇ ਹਰ ਕਿਸਾਨ ਨੂੰ ਮੇਰਾ ਨਮਨ
NEXT STORY