ਨਵੀਂ ਦਿੱਲੀ- 2024 ਦੀਆਂ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਜਿੱਥੇ ਇੱਕ ਪਾਸੇ ਸਾਰੀਆਂ ਸਿਆਸੀ ਪਾਰਟੀਆਂ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਜੱਦੋ-ਜਹਿਦ ਕਰ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਹਰਿਆਣਾ ਵਿੱਚ ਭਾਜਪਾ ਨੇ ਵੱਡਾ ਕਦਮ ਚੁੱਕਿਆ ਹੈ। ਸੂਬੇ ਵਿੱਚ ਜੇ.ਜੇ.ਪੀ. ਦੇ ਸਮਰਥਨ ਨਾਲ ਚੱਲ ਰਹੀ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਸਰਕਾਰ ਵਿੱਚ ਵੱਡੀ ਉਥਲ-ਪੁਥਲ ਦੇਖਣ ਨੂੰ ਮਿਲੀ। ਭਾਜਪਾ ਨੇ ਦੁਸ਼ਯੰਤ ਸਿੰਘ ਚੌਟਾਲਾ ਦੀ ਜੇ.ਜੇ.ਪੀ. ਨਾਲ ਗਠਜੋੜ ਤੋੜ ਦਿੱਤਾ। ਨਾਲ ਹੀ ਨਵੀਂ ਸਰਕਾਰ ਦੇ ਗਠਨ ਵਿਚ ਖੱਟੜ ਦੇ ਕਰੀਬੀ ਨਾਇਬ ਸਿੰਘ ਸੈਣੀ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਇਆ ਗਿਆ। ਹੁਣ ਸਵਾਲ ਉੱਠ ਰਹੇ ਹਨ ਕਿ ਭਾਜਪਾ ਨੇ ਆਮ ਚੋਣਾਂ ਤੋਂ ਠੀਕ ਪਹਿਲਾਂ ਅਜਿਹਾ ਕਿਉਂ ਕੀਤਾ? ਤੁਹਾਨੂੰ ਦੱਸ ਦੇਈਏ ਕਿ ਭਾਜਪਾ ਨੇ ਅਜਿਹੇ ਕਈ ਪ੍ਰਯੋਗ ਕੀਤੇ ਹਨ।
ਪਿਛਲੇ ਕੁਝ ਸਾਲਾਂ ਦੌਰਾਨ ਕਈ ਸੂਬਿਆਂ ’ਚ ਇਹ ਵੇਖਿਆ ਗਿਆ ਕਿ ਭਾਜਪਾ ਲੀਡਰਸ਼ਿਪ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਬੰਧਤ ਸੂਬੇ ਦੇ ਮੁੱਖ ਮੰਤਰੀ ਨੂੰ ਬਦਲ ਕੇ ਨਵੇਂ ਚਿਹਰੇ ਨੂੰ ਥਾਂ ਦਿੱਤੀ।
ਹਰਿਆਣਾ ਤੋਂ ਪਹਿਲਾਂ ਭਾਜਪਾ ਨੇ ਗੁਜਰਾਤ ਤੇ ਉਤਰਾਖੰਡ ’ਚ ਵੀ ਆਪਣੇ ਮੁੱਖ ਮੰਤਰੀ ਬਦਲੇ ਸਨ। ਇਸ ਤੋਂ ਬਾਅਦ ਹੋਈਆਂ ਚੋਣਾਂ ’ਚ ਪਾਰਟੀ ਨੂੰ ਕਾਫੀ ਫਾਇਦਾ ਮਿਲਿਆ ਅਤੇ ਭਾਜਪਾ ਨੇ ਦੋਹਾਂ ਸੂਬਿਆਂ ’ਚ ਮੁੜ ਸਰਕਾਰ ਬਣਾਈ।
ਗੁਜਰਾਤ ’ਚ ਰੂਪਾਣੀ ਦੀ ਥਾਂ ਭੂਪੇਂਦਰ ਬਣੇ ਸਨ ਮੁੱਖ ਮੰਤਰੀ
ਗੁਜਰਾਤ ’ਚ 2022 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ 15 ਮਹੀਨੇ ਪਹਿਲਾਂ ਭਾਜਪਾ ਲੀਡਰਸ਼ਿਪ ਨੇ ਅਚਾਨਕ ਉਸ ਵੇਲੇ ਦੇ ਮੁੱਖ ਮੰਤਰੀ ਵਿਜੇ ਰੂਪਾਣੀ ਨੂੰ ਬਦਲ ਦਿੱਤਾ ਸੀ। 11 ਸਤੰਬਰ, 2021 ਨੂੰ ਵਿਜੇ ਰੂਪਾਣੀ ਨੇ ਰਾਜਪਾਲ ਨਾਲ ਮੁਲਾਕਾਤ ਕਰਨ ਪਿੱਛੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਰੂਪਾਣੀ ਤੋਂ ਬਾਅਦ ਭੂਪੇਂਦਰ ਪਟੇਲ ਨੂੰ ਗੁਜਰਾਤ ਦਾ ਨਵਾਂ ਮੁੱਖ ਮੰਤਰੀ ਬਣਾਇਆ ਗਿਆ। ਫਿਰ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਬੰਪਰ ਜਿੱਤ ਮਿਲੀ। ਵਿਜੇ ਰੂਪਾਣੀ ਨੂੰ ਅਹੁਦੇ ਤੋਂ ਹਟਾਉਣ ਦਾ ਕੋਈ ਅਧਿਕਾਰਤ ਕਾਰਨ ਨਹੀਂ ਦੱਸਿਆ ਗਿਆ ਸੀ ਪਰ ਇਹ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਜਿਸ ਤਰ੍ਹਾਂ ਗੁਜਰਾਤ ਤੋਂ ਲੋਕਾਂ ਦੀਆਂ ਮੌਤਾਂ ਦੀਆਂ ਰਿਪੋਰਟਾਂ ਸਾਹਮਣੇ ਆਈਆਂ, ਲੋਕਾਂ ’ਚ ਭਾਜਪਾ ਸਰਕਾਰ ਅਤੇ ਖਾਸ ਕਰ ਕੇ ਵਿਜੇ ਰੂਪਾਣੀ ਖਿਲਾਫ ਕਾਫੀ ਨਾਰਾਜ਼ਗੀ ਸੀ।
ਇਸ ਤੋਂ ਇਲਾਵਾ ਸੂਤਰਾਂ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਗੁਜਰਾਤ ਦੇ ਕਈ ਭਾਜਪਾ ਵਿਧਾਇਕ ਵੀ ਖੁਸ਼ ਨਹੀਂ ਹਨ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਖ਼ਿਲਾਫ਼ ਕਈ ਸ਼ਿਕਾਇਤਾਂ ਕੀਤੀਆਂ ਹਨ। ਇਸ ਕਾਰਨ 2021 ’ਚ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਵਿਜੇ ਰੂਪਾਣੀ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
ਉੱਤਰਾਖੰਡ ’ਚ ਰਾਵਤ ਦੀ ਥਾਂ ਧਾਮੀ
ਗੁਜਰਾਤ ਦੇ ਨਾਲ ਹੀ ਉੱਤਰਾਖੰਡ ’ਚ ਵੀ ਭਾਜਪਾ ਨੇ ਚੋਣਾਂ ਤੋਂ ਪਹਿਲਾਂ ਆਪਣਾ ਮੁੱਖ ਮੰਤਰੀ ਬਦਲ ਦਿੱਤਾ ਸੀ। ਜੁਲਾਈ, 2021 ’ਚ ਉਦੋਂ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਸੀ।
ਅਸਤੀਫਾ ਦਿੰਦੇ ਸਮੇਂ ਤੀਰਥ ਸਿੰਘ ਰਾਵਤ ਨੇ ਕਿਹਾ ਸੀ ਕਿ ਕੋਰੋਨਾ ਕਾਰਨ ਉਪ ਚੋਣ ਨਹੀਂ ਹੋ ਸਕਦੀ। ਸੰਵਿਧਾਨਕ ਸੰਕਟ ਤੋਂ ਬਚਣ ਲਈ ਮੈਂ ਅਸਤੀਫ਼ਾ ਦੇਣਾ ਸਹੀ ਸਮਝਿਆ। ਅਗਲੇ ਸਾਲ 2022 ’ਚ ਉੱਤਰਾਖੰਡ ’ਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ। ਭਾਜਪਾ ਨੇ 47 ਸੀਟਾਂ ਜਿੱਤ ਕੇ ਪੁਸ਼ਕਰ ਸਿੰਘ ਧਾਮੀ ਦੀ ਅਗਵਾਈ ਹੇਠ ਮੁੜ ਸਰਕਾਰ ਬਣਾਈ।
ਤੀਰਥ ਸਿੰਘ ਰਾਵਤ ਸਿਰਫ਼ 4 ਮਹੀਨੇ ਹੀ ਮੁੱਖ ਮੰਤਰੀ ਰਹਿ ਸਕੇ
ਤੀਰਥ ਸਿੰਘ ਰਾਵਤ ਸਿਰਫ 4 ਮਹੀਨੇ ਹੀ ਮੁੱਖ ਮੰਤਰੀ ਦੇ ਅਹੁਦੇ ’ਤੇ ਰਹਿ ਸਕੇ। ਉਸ ਸਮੇਂ ਉਹ ਪੌੜੀ ਤੋਂ ਸੰਸਦ ਮੈਂਬਰ ਸਨ। ਮੁੱਖ ਮੰਤਰੀ ਦੇ ਅਹੁਦੇ ’ਤੇ ਬਣੇ ਰਹਿਣ ਲਈ ਉਨ੍ਹਾਂ ਦਾ 10 ਸਤੰਬਰ ਤੱਕ ਵਿਧਾਨ ਸਭਾ ਦਾ ਮੈਂਬਰ ਬਣਨਾ ਜ਼ਰੂਰੀ ਸੀ ਪਰ ਕੋਰੋਨਾ ਕਾਰਨ ਉਪ ਚੋਣ ਨਹੀਂ ਹੋ ਸਕੀ।
ਕੁਝ ਮਹੀਨਿਆਂ ਬਾਅਦ ਹੀ ਵਿਧਾਨ ਸਭਾ ਦੀਆਂ ਚੋਣਾਂ ਵੀ ਹੋਣੀਆਂ ਸਨ। ਇਸ ਲਈ ਉਪ ਚੋਣ ਕਰਵਾਉਣੀ ਔਖੀ ਸਮਝੀ ਜਾ ਰਹੀ ਸੀ। ਇਸ ਤੋਂ ਇਲਾਵਾ ਤੀਰਥ ਸਿੰਘ ਰਾਵਤ ਨੇ ਜੀਨਸ ਪਹਿਨਣ ਵਾਲੀਆਂ ਕੁੜੀਆਂ ਨੂੰ ਲੈ ਕੇ ਵਾਦ-ਵਿਵਾਦ ਵਾਲਾ ਬਿਆਨ ਦਿੱਤਾ ਸੀ। ਇਸ ਕਾਰਨ ਕਾਫੀ ਹੰਗਾਮਾ ਹੋਇਆ ਸੀ।
ਇਸ ਤੋਂ ਬਾਅਦ ਕਈ ਹੋਰ ਕਾਰਨਾਂ ਕਾਰਨ ਤੀਰਥ ਸਿੰਘ ਖ਼ਿਲਾਫ਼ ਲੋਕਾਂ ’ਚ ਕਥਿਤ ਤੌਰ ’ਤੇ ਰੋਸ ਪਾਇਆ ਜਾ ਰਿਹਾ ਸੀ। ਇਸ ਲਈ ਪਾਰਟੀ ਲੀਡਰਸ਼ਿਪ ਨੇ ਤੀਰਥ ਸਿੰਘ ਦੀ ਥਾਂ ਖਟੀਮਾ ਤੋਂ ਵਿਧਾਇਕ ਪੁਸ਼ਕਰ ਸਿੰਘ ਧਾਮੀ ਨੂੰ ਸੂਬੇ ਦੀ ਕਮਾਨ ਸੌਂਪ ਦਿੱਤੀ ਸੀ।
CAA ਨਾਲ ਜੁੜੇ ਨਿਯਮਾਂ ਨੂੰ ਨੋਟੀਫਾਈ ਕਰ ਕੇ ਭਾਜਪਾ ਨੇ ਮੁਸਲਮਾਨਾਂ ਨੂੰ ਦਿੱਤਾ ਰਮਜ਼ਾਨ ਦਾ ਤੋਹਫ਼ਾ : ਉਮਰ ਅਬਦੁੱਲਾ
NEXT STORY