ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਨੇ ਬੁੱਧਵਾਰ ਨੂੰ ਅਰੁਣਾਚਲ ਪ੍ਰਦੇਸ਼ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਸਾਰੀਆਂ 60 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਮੁੱਖ ਮੰਤਰੀ ਪੇਮਾ ਖਾਂਡੂ ਇੱਕ ਵਾਰ ਫਿਰ ਮੁਕਤੋ ਸੀਟ ਤੋਂ ਚੋਣ ਲੜਨਗੇ। ਭਾਜਪਾ ਦੇ ਜਨਰਲ ਸਕੱਤਰ ਅਰੁਣ ਸਿੰਘ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਹਾਲ ਹੀ ਵਿੱਚ ਹੋਈ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਵਿੱਚ ਸਾਰੀਆਂ 60 ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ।
ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ.ਪੀ. ਨੱਡਾ ਅਤੇ ਹੋਰ ਆਗੂ ਸ਼ਾਮਲ ਹੋਏ। ਸੂਚੀ ਮੁਤਾਬਕ ਪਾਰਟੀ ਨੇ ਚਾਰ ਔਰਤਾਂ ਨੂੰ ਉਮੀਦਵਾਰ ਬਣਾਇਆ ਹੈ। ਸ਼ੇਰਿੰਗ ਲਾਮੂ ਨੂੰ ਲੁਮਲਾ ਤੋਂ, ਬਾਸਰ ਤੋਂ ਨਿਆਬੀ ਜਿਨੀ ਦਿਰਚੀ, ਹਯੁਲਿਯਾਂਗ ਤੋਂ ਦਾਸਾਂਗਲੂ ਪੁਲ ਅਤੇ ਖੋਂਸਾ ਪੱਛਮੀ ਸੀਟ ਤੋਂ ਚੱਕਟ ਅਬੋਹ ਨੂੰ ਉਮੀਦਵਾਰ ਬਣਾਇਆ ਗਿਆ ਹੈ। ਪਾਰਟੀ ਨੇ ਦਿਰਾਂਗ ਤੋਂ ਸੂਬਾ ਸਰਕਾਰ ਦੇ ਮੰਤਰੀ ਫੁਰਪਾ ਸ਼ੇਰਿੰਗ ਨੂੰ ਟਿਕਟ ਦਿੱਤੀ ਹੈ।
2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਅਰੁਣਾਚਲ ਪ੍ਰਦੇਸ਼ ਦੀਆਂ 60 ਵਿਧਾਨ ਸਭਾ ਸੀਟਾਂ ਵਿੱਚੋਂ 41 ਸੀਟਾਂ ਜਿੱਤੀਆਂ ਸਨ। ਜਨਤਾ ਦਲ (ਯੂਨਾਈਟਿਡ) ਨੂੰ 7, ਨੈਸ਼ਨਲ ਪੀਪਲਜ਼ ਪਾਰਟੀ (ਐੱਨ.ਪੀ.ਪੀ.) ਨੂੰ 5, ਕਾਂਗਰਸ ਨੂੰ 4, ਪੀਪਲਜ਼ ਪਾਰਟੀ ਆਫ਼ ਅਰੁਣਾਚਲ (ਪੀ.ਪੀ.ਏ.) ਨੂੰ 1 ਅਤੇ ਆਜ਼ਾਦ ਉਮੀਦਵਾਰਾਂ ਨੂੰ 2 ਸੀਟਾਂ ਮਿਲੀਆਂ ਸਨ। ਜੇ.ਡੀ. (ਯੂ) ਦੇ ਸਾਰੇ 7 ਵਿਧਾਇਕ ਅਤੇ ਪੀਪੀਏ ਵਿਧਾਇਕ ਬਾਅਦ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ। ਸੂਬੇ ਵਿੱਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਹੋਣੀਆਂ ਹਨ।
ਫੌਜ ਨੂੰ ਤਾਕਤ ਦੇਵੇਗਾ ਵਿਕਸਤ ਰਾਜਸਥਾਨ : ਮੋਦੀ
NEXT STORY