ਨਵੀਂ ਦਿੱਲੀ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਰਾਸ਼ਟਰਪਤੀ ਚੋਣਾਂ 'ਚ ਪਾਰਟੀ ਦੀਆਂ ਸਾਰੀਆਂ ਸੂਬਾ ਇਕਾਈਆਂ ਅਤੇ ਸਹਿਯੋਗੀਆਂ ਵਿਚਾਲੇ ਬਿਹਤਰ ਤਾਲਮੇਲ ਲਈ ਸ਼ੁੱਕਰਵਾਰ ਨੂੰ 14 ਮੈਂਬਰੀ ਦਲ (ਪ੍ਰਬੰਧਨ ਦਲ) ਦਾ ਗਠਨ ਕੀਤਾ ਹੈ। ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਇਸ ਟੀਮ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਪਾਰਟੀ ਵੱਲੋਂ ਜਾਰੀ ਨੋਟਿਸ ਅਨੁਸਾਰ ਭਾਜਪਾ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਅਤੇ ਸੀ.ਟੀ. ਰਵੀ ਇਸ ਦਲ 'ਚ ਸਹਿ-ਕਨਵੀਨਰ ਦੀ ਭੂਮਿਕਾ ਨਿਭਾਉਣਗੇ। ਪਾਰਟੀ ਦੇ ਇਕ ਹੋਰ ਜਨਰਲ ਸਕੱਤਰ ਤਰੁਣ ਚੁੱਘ ਵੀ ਦਲ ਦੇ ਮੈਂਬਰਾਂ ਨਾਲ ਸ਼ਾਮਲ ਹੋਣਗੇ। ਕੇਂਦਰੀ ਮੰਤਰੀਆਂ 'ਚ ਜੀ. ਕਿਸ਼ਨ ਰੈਡੀ, ਅਸ਼ਵਨੀ ਵੈਸ਼ਨਵ, ਸਰਬਾਨੰਦ ਸੋਨੋਵਾਲ, ਅਰਜੁਨ ਮੇਘਵਾਲ ਅਤੇ ਭਾਰਤੀ ਪਵਾਰ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਹੋਰਨਾਂ ਮੈਂਬਰਾਂ 'ਚ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਡੀ.ਕੇ. ਅਰੁਣਾ, ਰਾਸ਼ਟਰੀ ਸਕੱਤਰ ਰਿਤੁਰਾਜ ਸਿਨਹਾ, ਪਾਰਟੀ ਦੇ ਮਹਿਲਾ ਮੋਰਚਾ ਦੀ ਪ੍ਰਧਾਨ ਵਨਾਤੀ ਸ਼੍ਰੀਨਿਵਾਸਨ, ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਅਤੇ ਸੰਸਦ ਮੈਂਬਰ ਅਤੇ ਪਾਰਟੀ ਦੀ ਆਸਾਮ ਇਕਾਈ ਦੇ ਉਪ ਪ੍ਰਧਾਨ ਰਾਜਦੀਪ ਰਾਏ ਸ਼ਾਮਲ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਦਲ ਰਾਸ਼ਟਰਪਤੀ ਚੋਣ ਵਿਚ ਪਾਰਟੀ ਦੀਆਂ ਸਾਰੀਆਂ ਸੂਬਾ ਇਕਾਈਆਂ ਅਤੇ ਸਹਿਯੋਗੀ ਦਲਾਂ ਨਾਲ ਤਾਲਮੇਲ ਸਥਾਪਤ ਕਰੇਗਾ। ਨਾਲ ਹੀ, ਉਹ ਆਪਣੇ ਵੋਟਰਾਂ (ਚੋਣ ਮੰਡਲ ਦੇ ਮੈਂਬਰ) ਨੂੰ ਵੋਟਿੰਗ ਪ੍ਰਕਿਰਿਆ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਏਗਾ। ਇਸ ਤੋਂ ਪਹਿਲਾਂ ਐਤਵਾਰ ਨੂੰ ਭਾਜਪਾ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਪਾਰਟੀ ਪ੍ਰਧਾਨ ਜੇ.ਪੀ. ਨੱਡਾ ਨੂੰ ਰਾਸ਼ਟਰਪਤੀ ਚੋਣ ਲਈ ਵਿਰੋਧੀ ਧਿਰ ਸਮੇਤ ਵੱਖ-ਵੱਖ ਸਿਆਸੀ ਦਲਾਂ ਨਾਲ ਵਿਚਾਰ-ਵਟਾਂਦਰਾ ਕਰਨ ਲਈ ਅਧਿਕ੍ਰਿਤ ਕੀਤਾ ਸੀ। ਰਾਸ਼ਟਰਪਤੀ ਚੋਣ 'ਚ ਉਮੀਦਵਾਰ ਦੇ ਨਾਮ 'ਤੇ ਸਹਿਮਤੀ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਅਧੀਨ ਰਾਜਨਾਥ ਅਤੇ ਨੱਢਾ ਸਹਿਯੋਗੀ ਦਲਾਂ ਦੇ ਨਾਲ ਹੀ ਕੁਝ ਪ੍ਰਮੁੱਖ ਵਿਰੋਧੀ ਨੇਤਾਵਾਂ ਅਤੇ ਕੁਝ ਗੈਰ-ਐੱਨ.ਡੀ.ਏ. ਅਤੇ ਗੈਰ-ਯੂ.ਪੀ.ਏ. ਦਲਾਂ ਦੇ ਨੇਤਾਵਾਂ ਦੇ ਸੰਪਰਕ 'ਚ ਹਨ। ਵਿਚਾਰ-ਵਟਾਂਦਰੇ ਦੀ ਇਸ ਪ੍ਰਕਿਰਿਆ ਦੇ ਹਿੱਸੇ ਵਜੋਂ, ਰੱਖਿਆ ਮੰਤਰੀ ਨੇ ਹਾਲ ਹੀ ਵਿਚ ਕਾਂਗਰਸ ਨੇਤਾ ਅਤੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ, ਪੱਛਮੀ ਬੰਗਾਲ ਦੇ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ, ਬੀਜੂ ਜਨਤਾ ਦਲ (ਬੀ.ਜੇ.ਡੀ.) ਦੇ ਪ੍ਰਧਾਨ ਅਤੇ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਅਤੇ ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ ਸਮੇਤ ਕਈ ਹੋਰ ਪ੍ਰਮੁੱਖ ਨੇਤਾਵਾਂ ਨਾਲ ਗੱਲਬਾਤ ਕੀਤੀ। ਨੱਢਾ ਨੇ ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਅਤੇ ਨੈਸ਼ਨਲ ਪੀਪਲਜ਼ ਪਾਰਟੀ (ਐੱਨ.ਪੀ.ਪੀ.), ਨਾਗਾ ਪੀਪਲਜ਼ ਫਰੰਟ (ਐੱਨ.ਪੀ.ਐੱਫ.), ਆਲ ਝਾਰਖੰਡ ਸਟੂਡੈਂਟਸ ਯੂਨੀਅਨ (ਏ.ਜੇ.ਐੱਸ.ਯੂ.) ਆਦਿ ਦੇ ਨੇਤਾਵਾਂ ਨਾਲ ਗੱਲਬਾਤ ਕੀਤੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਅਗਨੀਪਥ ਯੋਜਨਾ : ਬਿਹਾਰ 'ਚ ਪ੍ਰਦਰਸ਼ਨਕਾਰੀਆਂ ਨੇ ਤਿੰਨ ਰੇਲ ਗੱਡੀਆਂ ਦੀਆਂ 26 ਬੋਗੀਆਂ 'ਚ ਲਗਾਈ ਅੱਗ
NEXT STORY