ਨਵੀਂ ਦਿੱਲੀ (ਏਜੰਸੀਆਂ, ਸੁਨੀਲ ਪਾਂਡੇ)- ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਬੈਠਕ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਵਰਕਰਾਂ ਨੂੰ ਆਮ ਲੋਕਾਂ ਦੇ ਮਨ ਦੇ ਭਰੋਸੇ ਦਾ ਪੁਲ ਬਣਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਦੇਸ਼ ਦੀ ਸਿਆਸਤ ਵਿਚ ਪਾਰਟੀ ਨੇ ਅੱਜ ਜਿਹੜੀ ਥਾਂ ਹਾਸਲ ਕੀਤੀ ਹੈ, ਉਸ ਦਾ ਬਹੁਤ ਵੱਡਾ ਕਾਰਨ ਲੋਕਾਂ ਨਾਲ ਉਸ ਦਾ ਜੁੜਨਾ ਹੀ ਰਿਹਾ ਹੈ। ਸਮਾਪਤੀ ਭਾਸ਼ਣ ਵਿਚ ਮੋਦੀ ਨੇ ਵਿਰੋਧੀ ਪਾਰਟੀਆਂ ਖਾਸ ਕਰ ਕੇ ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਭਾਜਪਾ ਕੋਈ ਪਰਿਵਾਰ ਆਧਾਰਿਤ ਪਾਰਟੀ ਨਹੀਂ ਹੈ। ਕੇਂਦਰੀ ਮੰਤਰੀ ਭੁਪਿੰਦਰ ਯਾਦਵ ਮੁਤਾਬਕ ਮੋਦੀ ਨੇ ਆਉਣ ਵਾਲੇ ਸਮੇਂ ’ਚ ਭਾਜਪਾ ਦੀ ਕੰਮ ਕਰਨ ਦੀ ਨੀਤੀ ਨੂੰ ਬਣਾਉਣ ਲਈ ਇਕ ਵੱਡਾ ਮੰਤਰ ਸਭ ਵਰਕਰਾਂ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਅੱਜ ਜੋ ਮੁਕਾਮ ਹਾਸਲ ਕੀਤਾ ਹੈ, ਉਸ ਦਾ ਬਹੁਤ ਵੱਡਾ ਕਾਰਨ ਇਹ ਹੈ ਕਿ ਪਾਰਟੀ ਆਪਣੇ ਸ਼ੁਰੂ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਆਮ ਲੋਕਾਂ ਨਾਲ ਜੁੜੀ ਰਹੀ ਹੈ। ਭਾਜਪਾ ਦੇ ਵਰਕਰਾਂ ਨੂੰ ਆਉਣ ਵਾਲੇ ਸਮੇਂ ’ਚ ਇਸ ਭਰੋਸੇ ਅਤੇ ਅਪਣੇਪਣ ਨੂੰ ਲੈ ਕੇ ਚੱਲਣਾ ਹੋਵੇਗਾ।
ਕਾਨੂੰਨ ਮੰਤਰੀ ਰਿਜਿਜੂ ਨੇ ਭਾਰਤ-ਚੀਨ ਸਰਹੱਦੀ ਮੁੱਦੇ ’ਤੇ ਕਾਂਗਰਸ ਨੂੰ ਲਿਆ ਨਿਸ਼ਾਨੇ ’ਤੇ
ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਭਾਰਤ-ਚੀਨ ਸਰਹੱਦੀ ਮੁੱਦੇ ’ਤੇ ਸਰਕਾਰ ਦੀ ਭਰੋਸੇਯੋਗਤਾ ’ਤੇ ਸਵਾਲ ਉਠਾਉਣ ਲਈ ਕਥਿਤ ਤੌਰ ’ਤੇ ਵਿਦੇਸ਼ੀ ਮੀਡੀਆ ਦੀਆਂ ਰਿਪੋਰਟਾਂ ਦਾ ਹਵਾਲਾ ਦੇਣ ਲਈ ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਸਾਬਕਾ ਰੱਖਿਆ ਮੰਤਰੀ ਏ. ਕੇ. ਐਂਟੋਨੀ ਦੀ ਲੋਕ ਸਭਾ ’ਚ ਚੀਨ ਬਾਰੇ ਕਥਿਤ ਟਿੱਪਣੀ ਦਾ ਇਕ ਛੋਟਾ ਵੀਡੀਓ ਦੁਬਾਰਾ ਸਾਂਝਾ ਕੀਤਾ। ਉਨ੍ਹਾਂ ਟਵੀਟ ਕੀਤਾ ਕਿ ਪਿਆਰੇ ਕਾਂਗਰਸੀਓ, ਚੀਨ ਨਾਲ ਸਰਹੱਦ ਦੇ ਮੁੱਦੇ ’ਤੇ ਬੋਲਣ ਤੋਂ ਪਹਿਲਾਂ ਕਾਂਗਰਸ ਸਰਕਾਰ ਦੇ ਰੱਖਿਆ ਮੰਤਰੀ ਦੀ ਗੱਲ ਸੁਣੋ।
ਬੈਠਕ ’ਚ 18 ਮੁੱਦਿਆਂ ’ਤੇ ਸਿਆਸੀ ਮਤੇ ਪਾਸ
ਭਾਜਪਾ ਦੀ ਕਾਰਜਕਾਰਨੀ ਦੀ ਬੈਠਕ ’ਚ 18 ਮੁੱਦਿਆਂ ’ਤੇ ਪਾਸ ਸਿਆਸੀ ਮਤਿਆਂ ’ਚ ਪੱਛਮੀ ਬੰਗਾਲ ’ਚ ਹੋ ਰਹੀ ਸਿਆਸੀ ਹਿੰਸਾ ਦੀ ਆਲੋਚਨਾ ਕੀਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪ੍ਰਸਤਾਵ ਰੱਖਿਆ ਅਤੇ ਤਾਮਿਲਨਾਡੂ ਦੇ ਭਾਜਪਾ ਪ੍ਰਧਾਨ ਅੰਨਾਮਲਾਈ ਨੇ ਪ੍ਰਸਤਾਵ ਦੀ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਉਨ੍ਹਾਂ ਦੀ ਲਾਗਤ ਦਾ ਡੇਢ ਗੁਣਾ ਕੀਤਾ ਹੈ। ਪ੍ਰਧਾਨ ਮੰਤਰੀ ਕਿਸਾਨ ਸਤਿਕਾਰ ਯੋਜਨਾ ਅਧੀਨ ਹੁਣ ਤੱਕ 1.53 ਲੱਖ ਕਰੋੜ ਰੁਪਏ 9 ਕਿਸ਼ਤਾਂ ’ਚ ਜਾਰੀ ਕੀਤੇ ਗਏ ਹਨ। ਜਦੋਂ 2014 ’ਚ ਭਾਜਪਾ ਦੀ ਕੇਂਦਰ ’ਚ ਸਰਕਾਰ ਆਈ ਸੀ ਤਾਂ ਕਿਸਾਨਾਂ ਲਈ ਬਜਟ ਵਿਚ ਸਿਰਫ 23 ਹਜ਼ਾਰ ਕਰੋੜ ਰੁਪਏ ਖਰਚ ਕਰਨ ਦੀ ਵਿਵਸਥਾ ਸੀ। ਪਿਛਲੇ ਬਜਟਾਂ ’ਚ ਕਿਸਾਨਾਂ ਲਈ 1 ਲੱਖ 23 ਹਜ਼ਾਰ ਕਰੋੜ ਦਾ ਪ੍ਰਬੰਧ ਕੀਤਾ ਗਿਆ।
ਬੰਗਾਲ ’ਚ ਲੋਕ ਰਾਜ ਅਤੇ ਸੰਵਿਧਾਨ ਨੂੰ ਬਹਾਲ ਕਰਨ ਲਈ ਸੰਘਰਸ਼ ਕਰੇਗੀ ਭਾਜਪਾ : ਨੱਢਾ
ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਕਿਹਾ ਕਿ ਪੱਛਮੀ ਬੰਗਾਲ ’ਚ ਲੋਕ ਰਾਜ ਅਤੇ ਸੰਵਿਧਾਨ ਨੂੰ ਬਹਾਲ ਕਰਨ ਲਈ ਭਾਜਪਾ ਲੋਕਰਾਜੀ ਢੰਗ ਨਾਲ ਸੰਘਰਸ਼ ਕਰੇਗੀ। ਪੱਛਮੀ ਬੰਗਾਲ ਵਿਚ ਭਾਜਪਾ ਜਿਸ ਤੇਜ਼ੀ ਨਾਲ ਵਧੀ ਹੈ, ਅਜਿਹੀ ਉਦਾਹਰਣ ਭਾਰਤੀ ਸਿਆਸਤ ਵਿਚ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ। ਪਾਰਟੀ ਪਿਛਲੇ 7 ਸਾਲ ਤੋਂ ਕੇਂਦਰ ਦੀ ਸੱਤਾ ਵਿਚ ਹੈ। ਪੂਰਬ ਤੋਂ ਲੈ ਕੇ ਪੱਛਮ ਅਤੇ ਉੱਤਰ ਤੋਂ ਲੈ ਕੇ ਦੱਖਣ ਤੱਕ ਕਈ ਸੂਬਿਆਂ ’ਚ ਭਾਜਪਾ ਦੀਆਂ ਸਰਕਾਰਾਂ ਹਨ। ਅਜੇ ਹੋਰ ਪ੍ਰਾਪਤੀਆਂ ਹਾਸਲ ਕਰਨੀਆਂ ਬਾਕੀ ਹਨ।ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਬੈਠਕ ’ਚ ਨੱਢਾ ਨੇ ਕੇਰਲ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਓਡਿਸ਼ਾ ਅਤੇ ਤੇਲੰਗਾਨਾ ’ਚ ਸੰਗਠਨ ਨੂੰ ਹੋਰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ।
ਪਦਮ ਸ਼੍ਰੀ ਨਾਲ ਸਨਮਾਨਤ ‘ਗੂੰਗਾ ਪਹਿਲਵਾਨ’ ਧਰਨੇ ’ਤੇ ਬੈਠਾ, ਖੱਟੜ ਸਰਕਾਰ ਨੂੰ ਲਾਈ ਇਹ ਗੁਹਾਰ
NEXT STORY