ਅਗਰਤਲਾ- ਪੱਛਮੀ ਤ੍ਰਿਪੁਰਾ ਦੇ ਰਾਣੀਬਾਜ਼ਾਰ ਖੇਤਰ 'ਚ ਮੂਰਤੀ ਖੰਡਿਤ ਹੋਣ ਮਗਰੋਂ ਅਣਪਛਾਤੇ ਲੋਕਾਂ ਨੇ 12 ਘਰਾਂ ਅਤੇ ਕੁਝ ਵਾਹਨਾਂ ਨੂੰ ਅੱਗ ਲਾ ਦਿੱਤੀ। ਰਾਣੀਬਾਜ਼ਾਰ ਅਧੀਨ ਜੀਰਾਨੀਆ ਸਬ-ਡਿਵੀਜ਼ਨ 'ਚ ਭਾਰਤੀ ਸਿਵਲ ਸੁਰੱਖਿਆ ਕੋਡ ਦੀ ਧਾਰਾ 163 ਦੇ ਤਹਿਤ ਪਾਬੰਦੀ ਦੇ ਹੁਕਮ ਲਾਗੂ ਕੀਤੇ ਗਏ ਹਨ। ਤਣਾਅ ਨੂੰ ਘੱਟ ਕਰਨ ਲਈ ਇਲਾਕੇ 'ਚ ਭਾਰੀ ਸੁਰੱਖਿਆ ਫੋਰਸ ਤਾਇਨਾਤ ਕੀਤੀ ਗਈ ਹੈ। ਸਹਾਇਕ ਇੰਸਪੈਕਟਰ ਜਨਰਲ (ਕਾਨੂੰਨ ਅਤੇ ਵਿਵਸਥਾ) ਅਨੰਤ ਦਾਸ ਨੇ ਦੱਸਿਆ ਕਿ ਕੈਤੂਰਬਾੜੀ 'ਚ ਦੇਵੀ ਕਾਲੀ ਦੀ ਮੂਰਤੀ ਦੇ ਖੰਡਿਤ ਹੋਣ ਮਗਰੋਂ ਐਤਵਾਰ ਦੇਰ ਰਾਤ ਨੂੰ ਸ਼ਰਾਰਤੀ ਅਨਸਰਾਂ ਨੇ ਰਾਣੀਬਾਜ਼ਾਰ ਵਿਚ ਲਗਭਗ 12 ਘਰਾਂ ਨੂੰ ਅੱਗ ਲਗਾ ਦਿੱਤੀ।
ਅੱਗ 'ਚ ਕੁਝ ਮੋਟਰਸਾਈਕਲ ਅਤੇ ਪਿਕਅੱਪ ਗੱਡੀਆਂ ਵੀ ਸੜ ਕੇ ਸੁਆਹ ਹੋ ਗਈਆਂ। ਇਸ ਘਟਨਾ 'ਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਗੁੱਸੇ ਵਿਚ ਆਈ ਭੀੜ ਨੂੰ ਦੇਖ ਕੇ ਲੋਕ ਘਰਾਂ 'ਚੋਂ ਭੱਜ ਗਏ। ਅਨੰਤ ਦਾਸ ਨੇ ਕਿਹਾ ਕਿ ਤਣਾਅ ਨੂੰ ਘੱਟ ਕਰਨ ਲਈ ਵੱਡੀ ਗਿਣਤੀ ਵਿਚ ਸੁਰੱਖਿਆ ਫੋਰਸਾਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਪੁਲਸ ਡਾਇਰੈਕਟਰ ਜਨਰਲ (ਖੁਫ਼ੀਆ) ਅਨੁਰਾਗ ਧਨਖੜ ਅਤੇ ਪੱਛਮੀ ਤ੍ਰਿਪੁਰਾ ਦੇ ਪੁਲਸ ਸੁਪਰਡੈਂਟ ਕਿਰਨ ਕੁਮਾਰ ਨੇ ਖੇਤਰ ਦਾ ਦੌਰਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜਾਇਦਾਦ ਦੇ ਨੁਕਸਾਨ ਦਾ ਮੁਲਾਂਕਣ ਪੂਰਾ ਹੋਣ ਤੋਂ ਬਾਅਦ ਪੁਲਸ ਖੁਦ ਨੋਟਿਸ ਲਵੇਗੀ ਅਤੇ ਕੇਸ ਦਰਜ ਕਰੇਗੀ। ਸਥਿਤੀ ਕਾਬੂ ਹੇਠ ਹੈ। ਪਾਬੰਦੀ ਦੇ ਹੁਕਮਾਂ ਤਹਿਤ ਸਬ-ਡਿਵੀਜ਼ਨ ਵਿਚ 5 ਜਾਂ 5 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਹੋਵੇਗੀ।
ਸਿੱਖ ਸੰਗਠਨ ਜੰਮੂ ਕਸ਼ਮੀਰ 'ਚ 3 ਸੀਟਾਂ 'ਤੇ ਲੜੇਗਾ ਚੋਣਾਂ
NEXT STORY