ਨੈਸ਼ਨਲ ਡੈਸਕ- ਜੰਮੂ-ਕਸ਼ਮੀਰ ਦੀ ਸਿਆਸਤ ਵਿੱਚ ਅੱਜ ਇੱਕ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ, ਜਿੱਥੇ ਸੱਤਾਧਾਰੀ ਨੈਸ਼ਨਲ ਕਾਨਫਰੰਸ (NC) ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਪੀਪਲਜ਼ ਡੈਮੋਕ੍ਰੇਟਿਕ ਪਾਰਟੀ (PDP) ਨੇ ਅੱਜ ਬਡਗਾਮ ਜ਼ਿਮਨੀ ਚੋਣਾਂ 'ਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। 1957 ਤੋਂ ਬਾਅਦ ਇਹ ਸਿਰਫ਼ ਦੂਜੀ ਵਾਰ ਹੈ ਜਦੋਂ NC ਨੇ ਆਪਣੀ ਪ੍ਰਮੁੱਖ ਸੀਟ ਨੂੰ ਗੁਆਇਆ ਹੈ।
ਪੀਡੀਪੀ ਦੇ ਉਮੀਦਵਾਰ ਆਗਾ ਮੁਨਤਜ਼ਿਰ ਨੇ ਇਹ ਜ਼ਿਮਨੀ ਚੋਣ 4,478 ਵੋਟਾਂ ਦੇ ਫਰਕ ਨਾਲ ਜਿੱਤੀ, ਜਿਸ ਨਾਲ ਨੈਸ਼ਨਲ ਕਾਨਫਰੰਸ ਦੇ ਰਵਾਇਤੀ ਗੜ੍ਹ ਵਿੱਚ ਉਸ ਨੂੰ ਵੱਡਾ ਝਟਕਾ ਲੱਗਾ। ਨਤੀਜਿਆਂ ਅਨੁਸਾਰ, ਪੀ.ਡੀ.ਪੀ. ਦੇ ਮੁਨਤਜ਼ਿਰ ਨੇ 21,576 ਵੋਟਾਂ ਹਾਸਲ ਕੀਤੀਆਂ, ਜਦੋਂ ਕਿ NC ਦੇ ਉਮੀਦਵਾਰ ਆਗਾ ਮਹਿਮੂਦ 17,098 ਵੋਟਾਂ ਨਾਲ ਦੂਜੇ ਸਥਾਨ 'ਤੇ ਰਹੇ। ਇਸ ਤੋਂ ਇਲਾਵਾ ਭਾਜਪਾ ਦੇ ਆਗਾ ਮੋਹਸਿਨ ਨੇ 2,619 ਵੋਟਾਂ ਅਤੇ ਆਜ਼ਾਦ ਉਮੀਦਵਾਰ ਜਿਬਰਾਨ ਡਾਰ ਨੇ 7,152 ਵੋਟਾਂ ਪ੍ਰਾਪਤ ਕੀਤੀਆਂ। ਇਸ ਮੁਕਾਬਲੇ ਵਿੱਚ 7 ਆਜ਼ਾਦ ਸਮੇਤ ਕੁੱਲ 17 ਉਮੀਦਵਾਰ ਮੈਦਾਨ ਵਿੱਚ ਸਨ।
ਇਹ ਜ਼ਿਮਨੀ ਚੋਣ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਬਡਗਾਮ ਸੀਟ ਖਾਲੀ ਕਰਨ ਕਾਰਨ ਜ਼ਰੂਰੀ ਹੋ ਗਈ ਸੀ। ਉਮਰ ਅਬਦੁੱਲਾ ਨੇ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਵਿੱਚ ਬਡਗਾਮ ਅਤੇ ਗੰਦਰਬਲ ਦੋਵੇਂ ਸੀਟਾਂ ਜਿੱਤੀਆਂ ਸਨ, ਪਰ ਉਨ੍ਹਾਂ ਨੇ ਗੰਦਰਬਲ ਨੂੰ ਬਰਕਰਾਰ ਰੱਖਣ ਦਾ ਫੈਸਲਾ ਕੀਤਾ।
ਬਡਗਾਮ ਸੀਟ ਨੂੰ ਕਈ ਦਹਾਕਿਆਂ ਤੋਂ NC ਦੇ ਗੜ੍ਹ ਵਜੋਂ ਦੇਖਿਆ ਜਾਂਦਾ ਰਿਹਾ ਹੈ। 1972 ਨੂੰ ਛੱਡ ਕੇ NC ਨੇ 1957 ਤੋਂ ਲੈ ਕੇ 2024 ਤੱਕ ਇਸ ਸੀਟ 'ਤੇ ਲਗਾਤਾਰ ਕਬਜ਼ਾ ਕੀਤਾ ਹੈ ਤੇ ਇਨ੍ਹਾਂ ਚੋਣਾਂ 'ਚ ਹਾਰ ਇਸ ਸੀਟ 'ਤੇ 1972 ਤੋਂ ਬਾਅਦ ਸਿਰਫ਼ ਦੂਜੀ ਹਾਰ ਹੈ।
Bihar Elections ; ਜੇਲ੍ਹ 'ਚ ਬੈਠੇ-ਬੈਠੇ ਬਣ ਗਏ MLA, 6ਵੀਂ ਵਾਰ ਮੋਕਾਮਾ ਦੀ ਸੀਟ 'ਤੇ ਕਾਬਜ਼ ਹੋਏ ਅਨੰਤ ਸਿੰਘ
NEXT STORY