ਰਾਏਸੇਨ : ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲ੍ਹੇ ਵਿੱਚ ਵੀਰਵਾਰ ਤੜਕੇ ਇੱਕ ਨਿੱਜੀ ਬੱਸ ਨੂੰ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਸੁਲਤਾਨਪੁਰ ਪੁਲਸ ਸਟੇਸ਼ਨ ਅਧੀਨ ਜਬਲਪੁਰ-ਜੈਪੁਰ ਹਾਈਵੇਅ 'ਤੇ ਬਮਹੋਰੀ ਨੇੜੇ ਵਾਪਰਿਆ, ਜਦੋਂ ਬੱਸ ਇੰਦੌਰ ਤੋਂ ਰੀਵਾ ਵੱਲ ਜਾ ਰਹੀ ਸੀ। ਖੁਸ਼ਕਿਸਮਤੀ ਰਹੀ ਕਿ ਬੱਸ ਵਿੱਚ ਸਵਾਰ 40 ਮੁਸਾਫਿਰ ਸੁਰੱਖਿਅਤ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ।
ਇੰਝ ਵਾਪਰਿਆ ਹਾਦਸਾ
ਜਾਣਕਾਰੀ ਅਨੁਸਾਰ, ਅੱਗ ਤੜਕੇ ਲਗਭਗ 2 ਵਜੇ ਬੱਸ ਦੇ ਪਿਛਲੇ ਟਾਇਰ ਤੋਂ ਸ਼ੁਰੂ ਹੋਈ ਤੇ ਦੇਖਦੇ ਹੀ ਦੇਖਦੇ ਸਿਰਫ਼ 20 ਮਿੰਟਾਂ 'ਚ ਪੂਰੀ ਬੱਸ ਅੱਗ ਦੀ ਲਪੇਟ 'ਚ ਆ ਗਈ। ਸੁਲਤਾਨਪੁਰ ਥਾਣਾ ਇੰਚਾਰਜ (SHO) ਸੰਤੋਸ਼ ਸਿੰਘ ਨੇ ਦੱਸਿਆ ਕਿ ਸ਼ੁਰੂ ਵਿੱਚ ਸਵਾਰੀਆਂ ਨੂੰ ਅੱਗ ਲੱਗਣ ਦਾ ਪਤਾ ਨਹੀਂ ਲੱਗਾ ਸੀ। ਇਸ ਦੌਰਾਨ ਪਿੱਛੇ ਆ ਰਹੇ ਇੱਕ ਟਰੱਕ ਡਰਾਈਵਰ ਨੇ ਅੱਗ ਦੀਆਂ ਲਪਟਾਂ ਦੇਖੀਆਂ, ਜਿਸ ਨੇ ਤੁਰੰਤ ਬੱਸ ਨੂੰ ਓਵਰਟੇਕ ਕਰਕੇ ਰੁਕਵਾਇਆ ਅਤੇ ਸ਼ੋਰ ਮਚਾ ਕੇ ਡਰਾਈਵਰ ਤੇ ਸਵਾਰੀਆਂ ਨੂੰ ਸੁਚੇਤ ਕੀਤਾ।
ਮੁਸਾਫਿਰਾਂ ਦਾ ਸਾਮਾਨ ਸੜ ਕੇ ਹੋਇਆ ਸੁਆਹ
ਅਚਾਨਕ ਲੱਗੀ ਅੱਗ ਕਾਰਨ ਮੁਸਾਫਿਰਾਂ ਵਿੱਚ ਹਫੜਾ-ਦਫੜੀ ਮਚ ਗਈ। ਬੱਸ ਦੀਆਂ ਬਰਥਾਂ 'ਤੇ ਸੁੱਤੇ ਹੋਏ ਮੁਸਾਫਿਰਾਂ ਨੂੰ ਤੁਰੰਤ ਜਗਾਇਆ ਗਿਆ ਅਤੇ ਬਾਹਰ ਕੱਢਿਆ ਗਿਆ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਮੁਸਾਫਿਰਾਂ ਦਾ ਸਾਰਾ ਕੀਮਤੀ ਸਾਮਾਨ ਅਤੇ ਹੋਰ ਵਸਤੂਆਂ ਬੱਸ ਦੇ ਨਾਲ ਹੀ ਸੜ ਕੇ ਸਵਾਹ ਹੋ ਗਈਆਂ। ਮੁਸਾਫਿਰ ਸੰਤੋਸ਼ ਕੁਸ਼ਵਾਹਾ ਅਤੇ ਇਰਫਾਨ ਖਾਨ ਨੇ ਆਪਣੇ ਨੁਕਸਾਨ 'ਤੇ ਚਿੰਤਾ ਪ੍ਰਗਟ ਕਰਦਿਆਂ ਸਵਾਲ ਚੁੱਕਿਆ ਕਿ ਉਹਨਾਂ ਦੇ ਨੁਕਸਾਨ ਦੀ ਭਰਪਾਈ ਕੌਣ ਕਰੇਗਾ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਟਰਾਂਸਪੋਰਟ ਕੰਪਨੀ ਦੇ ਦਫਤਰ ਨੂੰ ਕੀਤੇ ਗਏ ਫੋਨਾਂ ਦਾ ਕਈ ਘੰਟਿਆਂ ਤੱਕ ਕੋਈ ਜਵਾਬ ਨਹੀਂ ਮਿਲਿਆ।
ਪੁਲਸ ਕਾਰਵਾਈ
SHO ਸੰਤੋਸ਼ ਸਿੰਘ ਨੇ ਦੱਸਿਆ ਕਿ ਵੀਰਵਾਰ ਸਵੇਰੇ ਉਸੇ ਕੰਪਨੀ ਦੀ ਇੱਕ ਹੋਰ ਬੱਸ ਰਾਹੀਂ ਫਸੇ ਹੋਏ ਮੁਸਾਫਿਰਾਂ ਨੂੰ ਉਨ੍ਹਾਂ ਦੀ ਮੰਜ਼ਿਲ ਵੱਲ ਰਵਾਨਾ ਕੀਤਾ ਗਿਆ ਹੈ। ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਾਇਆਵਤੀ ਦੀ ਪ੍ਰੈਸ ਕਾਨਫਰੰਸ 'ਚ ਬੱਲਬ ਫਿਊਜ਼ ਹੋਣ ਨਾਲ ਸ਼ਾਰਟ ਸਰਕਟ, ਮਚੀ ਹਫ਼ੜਾ-ਦਫ਼ੜੀ
NEXT STORY