ਨਵੀਂ ਦਿੱਲੀ— ਸੀ. ਬੀ. ਆਈ. ਨੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਖ਼ਿਲਾਫ਼ ਲੱਗੇ ਰਿਸ਼ਵਤਖੋਰੀ ਦੇ ਦੋਸ਼ਾਂ ’ਚ ਮਾਮਲਾ ਦਰਜ ਕਰ ਲਿਆ ਅਤੇ ਸ਼ਨੀਵਾਰ ਨੂੰ ਮੁੰਬਈ ’ਚ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ। ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਏਜੰਸੀ ਨੇ ਦੇਸ਼ਮੁੱਖ ਖ਼ਿਲਾਫ਼ ਮੁੰਬਈ ਦੇ ਸਾਬਕਾ ਪੁਲਸ ਕਮਿਸ਼ਨਰ ਪਰਮਬੀਰ ਸਿੰਘ ਵਲੋਂ ਲਾਏ ਗਏ ਦੋਸ਼ਾਂ ਦੀ ਜਾਂਚ ਕਰਨ ਸਬੰਧੀ ਬੰਬਈ ਹਾਈ ਕੋਰਟ ਦੇ ਆਦੇਸ਼ ’ਤੇ ਸ਼ੁਰੂਆਤੀ ਜਾਂਚ ਸ਼ੁਰੂ ਕੀਤੀ ਸੀ। ਅਧਿਕਾਰੀਆਂ ਮੁਤਾਬਕ ਜਾਂਚ-ਪੜਤਾਲ ਦੌਰਾਨ ਸੀ. ਬੀ. ਆਈ. ਨੂੰ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵਿਵਸਥਾਵਾਂ ਤਹਿਤ ਦੇਸ਼ਮੁੱਖ ਅਤੇ ਹੋਰ ਅਗਿਆਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰਨ ਲਈ ਉੱਚਿਤ ਸਮੱਗਰੀ ਮਿਲੀ। ਉਨ੍ਹਾਂ ਨੇ ਦੱਸਿਆ ਕਿ ਮਾਮਲਾ ਦਰਜ ਕਰਨ ਮਗਰੋਂ ਸੀ. ਬੀ. ਆਈ. ਨੇ ਮੁੰਬਈ ’ਚ ਕਈ ਥਾਵਾਂ ’ਤੇ ਛਾਪੇ ਮਾਰੇ। ਇਨ੍ਹਾਂ ’ਚ ਦੇਸ਼ਮੁੱਖ ਨਾਲ ਜੁੜੇ ਕੰਪਲੈਕਸ ਵੀ ਸ਼ਾਮਲ ਹਨ।
ਪਰਮਬੀਰ ਸਿੰਘ ਨੇ 25 ਮਾਰਚ ਨੂੰ ਦੇਸ਼ਮੁੱਖ ਖ਼ਿਲਾਫ਼ ਸੀ. ਬੀ. ਆਈ. ਜਾਂਚ ਦੀ ਬੇਨਤੀ ਕਰਦੇ ਹੋਏ ਅਪਰਾਧਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਸੀ, ਜਿਸ ’ਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਦੇਸ਼ਮੁੱਖ ਨੇ ਮੁਅੱਤਲ ਪੁਲਸ ਅਧਿਕਾਰੀ ਸਚਿਨ ਵਝੇ ਸਮੇਤ ਹੋਰ ਅਧਿਕਾਰੀਆਂ ਨੂੰ ਬਾਰ ਅਤੇ ਰੈਸਟੋਰੈਂਟਾਂ ਤੋਂ 100 ਕਰੋੜ ਰੁਪਏ ਦੀ ਵਸੂਲੀ ਕਰਨ ਨੂੰ ਕਿਹਾ ਸੀ। ਵਝੇ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਦੀ ਜਾਂਚ ਦਾ ਸਾਹਮਣਾ ਕਰ ਰਹੇ ਹਨ। ਇਹ ਜਾਂਚ ਮੁੰਬਈ ਵਿਚ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਨੇੜੇ ਧਮਾਕਾਖੇਜ਼ ਸਮੱਗਰੀ ਨਾਲ ਭਰੀ ਐੱਸ. ਯੂ. ਵੀ, ਮਿਲਣ ਦੇ ਮਾਮਲੇ ਨਾਲ ਜੁੜੀ ਹੈ।
ਪਰਮਬੀਰ ਸਿੰਘ ਨੇ ਸ਼ੁਰੂਆਤ ਵਿਚ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ, ਜਿਸ ਵਿਚ ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਦੇਸ਼ਮੁੱਖ ਦੇ ‘ਭ੍ਰਿਸ਼ਟ ਰਵੱਈਏ’ ਬਾਰੇ ਮੁੱਖ ਮੰਤਰੀ ਊਧਵ ਠਾਕਰੇ ਅਤੇ ਹੋਰ ਸੀਨੀਅਰ ਨੇਤਾਵਾਂ ਤੋਂ ਸ਼ਿਕਾਇਤ ਕਰਨ ਮਗਰੋਂ ਉਨ੍ਹਾਂ ਦਾ ਤਬਾਦਲਾ ਕੀਤਾ ਗਿਆ। ਸੁਪਰੀਮ ਕੋਰਟ ਨੇ ਮਾਮਲੇ ਨੂੰ ਗੰਭੀਰ ਦੱਸਿਆ ਸੀ ਪਰ ਸਿੰਘ ਨੂੰ ਹਾਈ ਕੋਰਟ ਦਾ ਰੁਖ਼ ਕਰਨ ਨੂੰ ਕਿਹਾ ਸੀ। ਇਸ ਤੋਂ ਬਾਅਦ ਸਿੰਘ ਨੇ ਹਾਈ ਕੋਰਟ ਵਿਚ ਜਨਹਿੱਤ ਪਟੀਸ਼ਨ ਦਾਇਰ ਕਰ ਕੇ ਦੇਸ਼ਮੁੱਖ ਖ਼ਿਲਾਫ਼ ਆਪਣੇ ਦੋਸ਼ਾਂ ਨੂੰ ਦੋਹਰਾਇਆ ਅਤੇ ਸੀ. ਬੀ. ਆਈ. ਨੂੰ ਤੁਰੰਤ ਅਤੇ ਨਿਰਪੱਖ ਜਾਂਚ ਦੀ ਬੇਨਤੀ ਕੀਤੀ। ਦੱਸ ਦੇਈਏ ਕਿ ਮਹਾਰਾਸ਼ਟਰ ਵਿਚ ਸ਼ਿਵਸੇਨਾ, ਰਾਕਾਂਪਾ ਅਤੇ ਕਾਂਗਰਸ ਦੀ ਗਠਜੋੜ ਦੀ ਸਰਕਾਰ ਹੈ।
ਕੋਰੋਨਾ: ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ’ਚ ਆਕਸੀਜਨ ਦੀ ਕਮੀ ਨਾਲ 20 ਮਰੀਜ਼ਾਂ ਦੀ ਮੌਤ
NEXT STORY