ਰਾਏਪੁਰ/ਨਵੀਂ ਦਿੱਲੀ- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਬੁੱਧਵਾਰ ਨੂੰ 6,000 ਕਰੋੜ ਰੁਪਏ ਦੇ ਮਹਾਦੇਵ ਐਪ ਘਪਲੇ ਦੇ ਸਬੰਧ 'ਚ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਘਰ ਛਾਪੇ ਮਾਰੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਛਾਪੇਮਾਰੀ ਕਾਂਗਰਸ ਦੀ ਮੀਟਿੰਗ ਲਈ ਬਘੇਲ ਦੇ ਨਵੀਂ ਦਿੱਲੀ ਦੇ ਪ੍ਰਸਤਾਵਿਤ ਦੌਰੇ ਤੋਂ ਪਹਿਲਾਂ ਕੀਤੀ ਗਈ ਹੈ। ਇਸ ਦੌਰਾਨ ਸੂਬਾ ਕਾਂਗਰਸ ਨੇ ਕਿਹਾ ਕਿ ਭਾਜਪਾ ਨੇ ਬਘੇਲ ਤੋਂ ਡਰ ਕੇ ਇਹ ਛਾਪੇਮਾਰੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਟੀਮਾਂ ਨੇ ਬਘੇਲ ਦੇ ਰਾਏਪੁਰ ਅਤੇ ਭਿਲਾਈ ਸਥਿਤ ਘਰ ਦੇ ਨਾਲ-ਨਾਲ ਕੁਝ ਸੀਨੀਅਰ ਪੁਲਸ ਅਧਿਕਾਰੀਆਂ ਅਤੇ ਸਾਬਕਾ ਮੁੱਖ ਮੰਤਰੀ ਦੇ ਇਕ ਕਰੀਬੀ ਸਹਿਯੋਗੀ ਦੇ ਰਿਹਾਇਸ਼ੀ ਕੰਪਲੈਕਸਾਂ 'ਤੇ ਛਾਪੇਮਾਰੀ ਕੀਤੀ। ਸੀਬੀਆਈ ਨੇ ਛੱਤੀਸਗੜ੍ਹ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਤੋਂ ਜਾਂਚ ਆਪਣੇ ਹੱਥਾਂ 'ਚ ਲੈ ਲਈ ਹੈ। ਇਸ ਤੋਂ ਪਹਿਲਾਂ ਛੱਤੀਸਗੜ੍ਹ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ (EOW) ਨੇ ਆਪਣੀ ਐੱਫਆਈਆਰ 'ਚ ਕਾਂਗਰਸ ਨੇਤਾ ਬਘੇਲ, ਐਪ ਪ੍ਰਮੋਟਰ ਰਵੀ ਉੱਪਲ, ਸੌਰਭ ਚੰਦਰਾਕਰ, ਸ਼ੁਭਮ ਸੋਨੀ ਅਤੇ ਅਨਿਲ ਕੁਮਾਰ ਅਗਰਵਾਲ ਅਤੇ 14 ਹੋਰਾਂ ਨੂੰ ਨਾਮਜ਼ਦ ਕੀਤਾ ਸੀ। ਬਘੇਲ ਨੇ EOW ਦੀ FIR ਨੂੰ 'ਰਾਜਨੀਤੀ ਤੋਂ ਪ੍ਰੇਰਿਤ' ਦੱਸਿਆ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦੋਸ਼ ਲਗਾਇਆ ਹੈ ਕਿ ਜਾਂਚ ਦੌਰਾਨ ਛੱਤੀਸਗੜ੍ਹ ਦੇ ਕਈ ਚੋਟੀ ਦੇ ਸਿਆਸਤਦਾਨਾਂ ਅਤੇ ਨੌਕਰਸ਼ਾਹਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ : ਵਿਆਹ ਦੇ 15ਵੇਂ ਦਿਨ ਹੀ ਮਰਵਾ ਦਿੱਤਾ ਪਤੀ... ਮੂੰਹ ਦਿਖਾਈ 'ਚ ਮਿਲੇ ਪੈਸਿਆਂ ਨਾਲ ਦਿੱਤੀ ਕਤਲ ਦੀ ਸੁਪਾਰੀ
ਈਡੀ ਦਾ ਦਾਅਵਾ ਹੈ ਕਿ ਇਹ ਐਪ ਇਕ ਵਿਆਪਕ ਸਿੰਡੀਕੇਟ ਹੈ, ਜੋ ਗੈਰ-ਕਾਨੂੰਨੀ ਸੱਟੇਬਾਜ਼ੀ ਵੈੱਬਸਾਈਟਾਂ ਲਈ ਯੂਜ਼ਰ ਆਈਡੀ ਬਣਾਉਣ ਅਤੇ 'ਬੇਨਾਮੀ' ਬੈਂਕ ਖਾਤਿਆਂ ਰਾਹੀਂ ਮਨੀ ਲਾਂਡਰਿੰਗ ਕਰਨ ਲਈ ਆਨਲਾਈਨ ਪਲੇਟਫਾਰਮ ਦੀ ਵਿਵਸਥਾ ਕਰਦਾ ਹੈ। ਈਡੀ ਨੇ ਪਹਿਲਾਂ ਕਿਹਾ ਸੀ ਕਿ ਕਥਿਤ ਘਪਲੇ ਦੀ ਅਨੁਮਾਨਤ ਰਕਮ ਲਗਭਗ 6,000 ਕਰੋੜ ਰੁਪਏ ਹੈ। ਇਸ ਦੌਰਾਨ ਬਘੇਲ ਦੇ ਦਫ਼ਤਰ ਨੇ ਕਿਹਾ ਹੈ ਕਿ ਇਹ ਕਾਰਵਾਈ ਅਗਲੇ ਮਹੀਨੇ ਗੁਜਰਾਤ 'ਚ ਹੋਣ ਵਾਲੀ ਏਆਈਸੀਸੀ ਮੀਟਿੰਗ ਲਈ ਡਰਾਫਟਿੰਗ ਕਮੇਟੀ ਦੀ ਮੀਟਿੰਗ 'ਚ ਸ਼ਾਮਲ ਹੋਣ ਲਈ ਬਘੇਲ ਦੇ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਕੀਤੀ ਗਈ ਹੈ। ਉਨ੍ਹਾਂ ਦੇ ਦਫ਼ਤਰ ਨੇ 'ਐਕਸ' 'ਤੇ ਲਿਖਿਆ ਹੈ,''ਹੁਣ ਸੀਬੀਆਈ ਆਈ ਹੈ। ਆਉਣ ਵਾਲੀ 8 ਅਤੇ 9 ਅਪ੍ਰੈਲ ਨੂੰ ਅਹਿਮਦਾਬਾਦ (ਗੁਜਰਾਤ) 'ਚ ਹੋਣ ਵਾਲੀ ਏ.ਆਈ.ਸੀ.ਸੀ. ਦੀ ਬੈਠਕ ਲਈ ਗਠਿਤ 'ਡ੍ਰਾਫਟਿੰਗ ਕਮੇਟੀ' ਦੀ ਮੀਟਿੰਗ ਲਈ ਅੱਜ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦਾ ਦਿੱਲੀ ਜਾਣ ਦਾ ਪ੍ਰੋਗਰਾਮ ਹੈ।'' ਉੱਥੇ ਹੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਡੀਆ ਵਿਭਾਗ ਦੇ ਪ੍ਰਧਾਨ ਸੁਸ਼ੀਲ ਆਨੰਦ ਸ਼ੁਕਲਾ ਨੇ ਕਿਹਾ,''ਜਦੋਂ ਤੋਂ ਭੁਪੇਸ਼ ਬਘੇਲ ਜੀ ਪੰਜਾਬ ਦੇ ਇੰਚਾਰਜ ਬਣੇ ਹਨ ਭਾਜਪਾ ਡਰ ਗਈ ਹੈ। ਪਹਿਲਾਂ ਉਨ੍ਹਾਂ ਦੇ ਘਰ ਈਡੀ ਨੂੰ ਭੇਜਿਆ ਗਿਆ, ਅੱਜ ਉਨ੍ਹਾਂ ਦੇ ਘਰ ਸੀਬੀਆਈ ਆਈ ਹੈ। ਇਹ ਭਾਰਤੀ ਜਨਤਾ ਪਾਰਟੀ ਦਾ ਡਰ ਦਿਖਾਉਂਦਾ ਹੈ। ਭਾਜਪਾ ਰਾਜਨੀਤੀ ਦੇ ਮਾਧਿਅਮ ਨਾਲ ਮੁਕਾਬਲਾ ਨਹੀਂ ਕਰ ਪਾਉਂਦੀ ਹੈ, ਉਦੋਂ ਕੇਂਦਰੀ ਏਜੰਸੀ ਦੇ ਮਾਧਿਅਮ ਨਾਲ ਡਰਾਉਣ ਦਾ ਕੰਮ ਕਰਦੀ ਹੈ। ਇਸ ਨਾਲ ਨਾ ਭੁਪੇਸ਼ ਬਘੇਲ ਜੀ ਅਤੇ ਨਾ ਹੀ ਕਾਂਗਰਸ ਪਾਰਟੀ ਡਰਨ ਵਾਲੀ ਹੈ। ਭਾਜਪਾ ਦੀਆਂ ਇਨ੍ਹਾਂ ਦਮਨਕਾਰੀ ਨੀਤੀਆਂ ਨੂੰ ਪ੍ਰਦੇਸ਼ ਅਤੇ ਦੇਸ਼ ਦੀ ਜਨਤਾ ਚੰਗੀ ਤਰ੍ਹਾਂ ਸਮਝ ਰਹੀ ਹੈ।'' ਸੂਤਰਾਂ ਨੇ ਦੱਸਿਆ ਕਿ ਪਾਰਟੀ ਦੇ ਕੁਝ ਹੋਰ ਆਗੂਆਂ ਅਤੇ ਰਾਏਪੁਰ ਅਤੇ ਦੁਰਗ ਜ਼ਿਲ੍ਹਿਆਂ ਦੇ ਪੁਲਸ ਅਧਿਕਾਰੀਆਂ ਦੇ ਕੰਪਲੈਕਸਾਂ 'ਤੇ ਵੀ ਛਾਪੇ ਮਾਰੇ ਗਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਨਸੇ ਵਰਕਰਾਂ ਨੇ ਮਰਾਠੀ ਨਾ ਬੋਲਣ 'ਤੇ ਸੁਪਰਮਾਰਕੀਟ ਦੇ ਕਰਮਚਾਰੀ ਨੂੰ ਮਾਰਿਆ ਥੱਪੜ
NEXT STORY