ਨਵੀਂ ਦਿੱਲੀ — ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ 'ਤੇ ਦਿੱਲੀ ਦੇ ਮੁੱਖ ਸਕੱਤਰ ਨਾਲ ਕਥਿਤ ਤੌਰ 'ਤੇ ਕੁੱਟਮਾਰ ਕਰਨ ਵਾਲੇ ਆਪ ਵਿਧਾਇਕ ਅਮਾਨਤੁੱਲਾ ਖਾਨ ਅਤੇ ਪ੍ਰਕਾਸ਼ ਜਰਵਾਲ ਨੂੰ ਅੱਜ ਪੁਲਸ ਨੇ ਤੀਹ ਹਜਾਰੀ ਕੋਰਟ ਵਿਚ ਪੇਸ਼ ਕੀਤਾ। ਪੁਲਸ ਨੇ ਅਮਾਨਤੁੱਲਾ ਨੂੰ ਹਿਰਾਸਤ 'ਚ ਲੈ ਕੇ ਉੱਤਰੀ ਦਿੱਲੀ ਲਿਆ ਕੇ ਕੋਰਟ ਵਿਚ ਪੇਸ਼ ਕੀਤਾ। ਅਜਿਹੇ 'ਚ ਇਸ ਪੂਰੇ ਮਾਮਲੇ ਬਾਰੇ ਅਮਾਨਤੁੱਲਾ ਨੇ ਕਿਹਾ ਕਿ ਉਸ ਨੇ ਕੁਝ ਗਲਤ ਨਹੀਂ ਕੀਤਾ ਹੈ। ਮੁੱਖ ਸਕੱਤਰ ਇਹ ਸਭ ਕੁਝ ਭਾਜਪਾ ਦੇ ਇਸ਼ਾਰੇ 'ਤੇ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ 'ਮੈਨੂੰ ਪੁਲਸ ਨੇ ਗ੍ਰਿਫਤਾਰ ਨਹੀਂ ਕੀਤਾ ਸਗੋਂ ਮੈਂ ਖੁਦ ਸਰੰਡਰ ਕੀਤਾ ਹੈ।'
ਜ਼ਿਕਰਯੋਗ ਹੈ ਕਿ ਆਪ ਵਿਧਾਇਕ ਪ੍ਰਕਾਸ਼ ਜਰਵਾਲ ਨੂੰ ਪੁਲਸ ਨੇ ਮੰਗਲਵਾਰ ਰਾਤ ਹਿਰਾਸਤ ਵਿਚ ਲੈ ਲਿਆ ਸੀ। ਪੁਲਸ ਨੇ ਜਰਵਾਲ ਨੂੰ ਉਸ ਦੀ ਰਿਹਾਇਸ਼ ਤੋਂ ਹਿਰਾਸਤ 'ਚ ਲਿਆ ਸੀ।
ਕੀ ਹੈ ਮਾਮਲਾ
ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨੇ ਦੋਸ਼ ਲਗਾਇਆ ਹੈ ਕਿ ਸੋਮਵਾਰ ਰਾਤ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਇਕ ਬੈਠਕ ਦੌਰਾਨ ਆਪ ਵਿਧਾਇਕ ਅਮਾਨਤੁੱਲਾ ਖਾਨ ਅਤੇ ਹੋਰਾਂ ਨੇ ਉਨ੍ਹਾਂ 'ਤੇ ਹਮਲਾ ਕੀਤਾ। ਅੰਸ਼ੂ ਦੀਆਂ ਸ਼ਿਕਾਇਤਾਂ ਦੇ ਅਧਾਰ 'ਤੇ ਦਿੱਲੀ ਪੁਲਸ ਨੇ ਖਾਨ ਅਤੇ ਹੋਰਾਂ ਦੇ ਖਿਲਾਫ ਇਕ ਐੱਫ.ਆਈ.ਆਰ. ਦਰਜ ਕੀਤੀ। ਇਸ ਤੋਂ ਪਹਿਲਾਂ ਦੇਵਲੀ ਦੇ ਵਿਧਾਇਕ ਜਰਵਾਲ ਅਤੇ ਅੰਬੇਦਕਰ ਨਗਰ ਦੇ ਆਪ ਵਿਧਾਇਕ ਅਜੈ ਦੱਤ ਨੇ ਦਾਅਵਾ ਕੀਤਾ ਕਿ ਨੌਕਰਸ਼ਾਹ ਨੇ ਜਾਤੀ ਅਧਾਰਤ ਟਿੱਪਣੀਆਂ ਕੀਤੀਆਂ। ਉਨ੍ਹਾਂ ਨੇ ਦਿੱਲੀ ਪੁਲਸ ਅਤੇ ਅਨੁਸੂਚਿਤ ਜਾਤੀਆਂ ਲਈ ਕੌਮੀ ਕਮਿਸ਼ਨ ਵਿਚ ਵੀ ਉਨ੍ਹਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ।
ਸਰਕਾਰੀ ਆਦੇਸ਼ਾਂ ਦੇ ਆਉਣ ਨਾਲ ਪ੍ਰਾਇਵੇਟ ਬੈਂਕਾਂ ਨੂੰ ਲੱਗਾ ਤਗੜਾ ਝਟਕਾ
NEXT STORY