ਨਵੀਂ ਦਿੱਲੀ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉੱਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਇਤਿਹਾਸਿਕ ਬੈਠਕ ਦੇ ਲਈ ਸਿੰਗਾਪੁਰ 'ਚ ਹਨ। ਦੋਵਾਂ ਨੇਤਾਵਾਂ ਦੇ ਵਿਚਾਲੇ ਮੰਗਲਵਾਰ ਨੂੰ ਮੁਲਾਕਾਤ ਹੋਵੇਗੀ। ਪਰ ਇਸ ਮੁਲਾਕਾਤ ਤੋਂ ਪਹਿਲਾਂ ਹੀ ਚੀਨ ਨੂੰ ਡਰ ਸਤਾ ਰਿਹਾ ਹੈ ਕਿ ਇਸ ਮੁਲਾਕਾਤ ਤੋਂ ਬਾਅਦ ਉੱਤਰ ਕੋਰੀਆ ਉਸ ਤੋਂ ਕਿਤੇ ਕਿਨਾਰਾ ਨਾ ਕਰ ਲਵੇ।
ਟਰੰਪ-ਕਿਮ ਮੁਲਾਕਾਤ ਤੋਂ ਪਹਿਲਾਂ ਦੋ ਵਾਰ ਕਿਮ ਜੋਂਗ ਉਨ ਦੀ ਮੇਜ਼ਬਾਨੀ ਕਰ ਚੁੱਕੇ ਚੀਨ ਨੂੰ ਅਜਿਹਾ ਇਸ ਲਈ ਲੱਗ ਰਿਹਾ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਨਾਲ ਮੁਲਾਕਾਤ 'ਚ ਕਈ ਅਜਿਹੇ ਆਫਰਾਂ 'ਤੇ ਸਹਿਮਤੀ ਹੋ ਸਕਦੀ ਹੈ। ਜਿਸ 'ਚ ਸਭ ਤੋਂ ਅਹਿਮ ਹੈ ਉੱਤਰ ਕੋਰੀਆ ਦਾ ਆਪਣੇ ਪ੍ਰਮਾਣੂ ਹਥਿਆਰਾਂ ਦੇ ਪ੍ਰੋਗਰਾਮ ਨੂੰ ਬੰਦ ਕਰਨ 'ਤੇ ਹਾਮੀ ਭਰਨਾ। ਚੀਨ ਨੂੰ ਇਹ ਡਰ ਸਤਾ ਰਿਹਾ ਹੈ ਕਿ ਅਮਰੀਕਾ ਦੱਖਣੀ ਕੋਰੀਆ ਤੇ ਉੱਤਰ ਕੋਰੀਆ ਦੇ ਨਾਲ ਮਿਲ ਕੇ ਚੀਨ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਅਮਰੀਕਾ ਚੀਨ 'ਤੇ ਉੱਤਰ ਕੋਰੀਆ ਦੀ ਨਿਰਭਰਤਾ ਨੂੰ ਖਤਮ ਕਰ ਦੇਵੇਗਾ।
ਉੱਤਰ ਕੋਰੀਆ ਮਾਮਲਿਆਂ ਦੇ ਚੀਨੀ ਇਤਿਹਾਸਕਾਰ ਸ਼ੇਨ ਜਿਹੂਆ ਨੇ ਦੱਸਿਆ ਕਿ ਉੱਤਰ ਕੋਰੀਆ ਨੇ ਕਦੇ ਵੀ ਚੀਨ ਦਾ ਭਰੋਸਾ ਨਹੀਂ ਕੀਤਾ। ਉੱਤਰ ਕੋਰੀਆ ਹਮੇਸ਼ਾ ਤੋਂ ਬਦਲੇ ਦੀ ਭਾਵਨਾ ਰੱਖਦਾ ਹੈ। ਅਜਿਹੇ 'ਚ ਅਮਰੀਕਾ, ਉੱਤਰ ਕੋਰੀਆ ਤੇ ਦੱਖਣੀ ਕੋਰੀਆ ਮਿਲਕੇ ਚੀਨ ਨੂੰ ਅਲੱਗ-ਥਲੱਗ ਕਰ ਸਕਦੇ ਹਨ। ਦੱਸਣਯੋਗ ਹੈ ਕਿ ਇਸ ਸਦੀ ਦੀ ਸਭ ਤੋਂ ਚਰਚਿਤ ਸਿਖਰ ਬੈਠਕ ਦੇ ਤਹਿਤ ਟਰੰਪ ਤੇ ਕਿਮ ਸਿੰਗਾਪੁਰ ਦੇ ਸੇਂਟੋਸਾ ਟਾਪੂ 'ਚ ਪਹਿਲੀ ਵਾਰ ਮਿਲਣਗੇ। ਇਕ ਦੂਜੇ ਨੂੰ ਤਬਾਹ ਕਰਨ ਦੀਆਂ ਕਸਮਾਂ ਖਾਣ ਵਾਲੇ ਦੁਸ਼ਮਣ ਦੇਸ਼ਾਂ ਦੇ ਚੋਟੀ ਦੇ ਨੇਤਾ ਜਦੋਂ ਮਿਲਣਗੇ ਤਾਂ ਉਨ੍ਹਾਂ 'ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਹੋਣਗੀਆਂ ਕਿਉਂਕਿ ਇਨ੍ਹਾਂ ਦੋਵਾਂ ਨੇਤਾਵਾਂ ਦੀਆਂ ਹਰਕਤਾਂ ਨਾਲ ਨਾ ਸਿਰਫ ਅਮਰੀਕਾ ਤੇ ਉੱਤਰ ਕੋਰੀਆ ਬਲਕਿ ਪੂਰੀ ਦੁਨੀਆ ਦੀ ਸੁਰੱਖਿਆ 'ਤੇ ਖਤਰਾ ਮੰਡਰਾ ਰਿਹਾ ਸੀ।
ਟਰੱਕ ਪਲਟਣ ਨਾਲ 24 ਪਸ਼ੂਆਂ ਦੀ ਮੌਤ, ਚਾਲਕ ਫਰਾਰ
NEXT STORY