ਨਾਗਪੁਰ, (ਭਾਸ਼ਾ)– ਮਹਾਰਾਸ਼ਟਰ ਦੀ 288 ਮੈਂਬਰੀ ਵਿਧਾਨ ਸਭਾ ਵਿਚ ਵਿਦਰਭ ਹਲਕੇ ਦੀਆਂ 62 ਸੀਟਾਂ ਨੇ ਇਤਿਹਾਸਕ ਰੂਪ ਨਾਲ ਸਰਕਾਰ ਬਣਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਇਹੀ ਕਾਰਨ ਹੈ ਕਿ ਸੱਤਾਧਾਰੀ ਭਾਜਪਾ ਤੇ ਵਿਰੋਧੀ ਕਾਂਗਰਸ ਮੁੰਬਈ ’ਚ ਸਥਿਤ ਮੰਤਰਾਲੇ (ਸੂਬਾ ਸਕੱਤਰੇਤ) ’ਤੇ ਆਪਣਾ ਦਾਅਵਾ ਮਜ਼ਬੂਤ ਕਰਨ ਲਈ ਇਨ੍ਹਾਂ ਸੀਟਾਂ ’ਤੇ ਵੱਧ ਤੋਂ ਵੱਧ ਬੜ੍ਹਤ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਕਦੇ ਕਾਂਗਰਸ ਦਾ ਗੜ੍ਹ ਰਹੇ ਪੂਰਬੀ ਮਹਾਰਾਸ਼ਟਰ ਦੇ ਇਸ ਖੇਤਰ ਵਿਚ 1990 ਦੇ ਦਹਾਕੇ ’ਚ ਭਾਜਪਾ ਨੇ ਦਬਦਬਾ ਬਣਾਇਆ ਸੀ।
ਇਸੇ ਇਲਾਕੇ ਵਿਚ ਭਾਜਪਾ ਨੂੰ ਆਪਣਾ ਪਹਿਲਾ ਮੁੱਖ ਮੰਤਰੀ (ਦੇਵੇਂਦਰ ਫੜਨਵੀਸ) ਬਣਾਉਣ ’ਚ ਮਦਦ ਮਿਲੀ ਸੀ। ਫੜਨਵੀਸ 2014 ਤੋਂ 2019 ਤਕ ਸੂਬੇ ਦੇ ਮੁੱਖ ਮੰਤਰੀ ਰਹੇ ਸਨ। ਵਿਦਰਭ ਦੇ ਨਾਗਪੁਰ ਵਿਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦਾ ਹੈੱਡਕੁਆਰਟਰ ਹੈ। ਸੂਬਾ ਵਿਧਾਨ ਸਭਾ ਲਈ 20 ਨਵੰਬਰ ਨੂੰ ਪੋਲਿੰਗ ਹੋਵੇਗੀ। ਉਪ-ਮੁੱਖ ਮੰਤਰੀ ਫੜਨਵੀਸ (ਨਾਗਪੁਰ ਦੱਖਣ-ਪੱਛਮ) ਤੋਂ ਇਲਾਵਾ ਕਈ ਵੱਡੇ ਨੇਤਾ ਵਿਦਰਭ ਦੀਆਂ ਵੱਖ-ਵੱਖ ਵਿਧਾਨ ਸਭਾ ਸੀਟਾਂ ’ਤੇ ਚੋਣ ਲੜ ਰਹੇ ਹਨ। ਆਸ ਕੀਤੀ ਜਾ ਰਹੀ ਹੈ ਕਿ ਵਿਦਰਭ ਇਕ ਵਾਰ ਮੁੜ ਇਹ ਤੈਅ ਕਰਨ ’ਚ ਅਹਿਮ ਭੂਮਿਕਾ ਨਿਭਾਏਗਾ ਕਿ ਮੁੰਬਈ ’ਚ ਮੰਤਰਾਲੇ (ਸੂਬਾ ਸਕੱਤਰੇਤ) ਦਾ ਕੰਟਰੋਲ ਕਿਸ ਦੇ ਹੱਥਾਂ ਵਿਚ ਹੋਵੇਗਾ।
ਵਿਦਰਭ ਤੋਂ ਕਿਸਮਤ ਅਜ਼ਮਾ ਰਹੇ ਧਾਕੜਾਂ ਵਿਚ ਸੂਬਾ ਕਾਂਗਰਸ ਪ੍ਰਧਾਨ ਨਾਨਾ ਪਟੋਲੇ (ਭੰਡਾਰਾ ਜ਼ਿਲੇ ਦੀ ਸਾਕੋਲੀ ਸੀਟ ਤੋਂ), ਸੂਬਾ ਭਾਜਪਾ ਪ੍ਰਧਾਨ ਚੰਦਰ ਸ਼ੇਖਰ ਬਾਵਨਕੁਲੇ (ਨਾਗਪੁਰ ਜ਼ਿਲੇ ਦੀ ਕੈਂਪਟੀ ਸੀਟ), ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸੀ ਉਮੀਦਵਾਰ ਵਿਜੇ ਵਡੇਟੀਵਾਰ (ਚੰਦਰਪੁਰ ਜ਼ਿਲੇ ਦੀ ਬ੍ਰਹਮਪੁਰੀ ਸੀਟ ਤੋਂ) ਅਤੇ ਭਾਜਪਾ ਦੇ ਜੰਗਲਾਤ ਮੰਤਰੀ ਸੁਧੀਰ ਮੁਨਗੰਟੀਵਾਰ (ਚੰਦਰਪੁਰ ਜ਼ਿਲੇ ਦੀ ਬੱਲਾਰਪੁਰ ਸੀਟ ਤੋਂ) ਸ਼ਾਮਲ ਹਨ।
ਸਿਆਸੀ ਵਿਸ਼ਲੇਸ਼ਕ ਤੇ ਸੀਨੀਅਰ ਪੱਤਰਕਾਰ ਰਾਮੂ ਭਾਗਵਤ ਦਾ ਕਹਿਣਾ ਹੈ ਕਿ ਇਤਿਹਾਸਕ ਰੂਪ ਨਾਲ ਜਿਹੜੀ ਸਿਆਸੀ ਪਾਰਟੀ ਵਿਦਰਭ ’ਚ ਵੱਧ ਤੋਂ ਵੱਧ ਸੀਟਾਂ ਜਿੱਤਦੀ ਹੈ, ਉਹੀ ਮਹਾਰਾਸ਼ਟਰ ਦੀ ਸੱਤਾ ’ਤੇ ਕਾਬਜ਼ ਹੁੰਦੀ ਹੈ। ਇਹੀ ਕਾਰਨ ਹੈ ਕਿ ਦੋਵੇਂ ਕੌਮੀ ਪਾਰਟੀਆਂ ਭਾਜਪਾ ਤੇ ਕਾਂਗਰਸ ਵਿਦਰਭ ਦੇ 11 ਜ਼ਿਲਿਆਂ ’ਤੇ ਧਿਆਨ ਕੇਂਦਰਤ ਕਰ ਰਹੀਆਂ ਹਨ, ਜਿਨ੍ਹਾਂ ਵਿਚ 62 ਵਿਧਾਨ ਸਭਾ ਸੀਟਾਂ ਹਨ।
ਤੇਜ਼ ਰਫ਼ਤਾਰ ਰੋਡਵੇਜ਼ ਦੀ ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 3 ਨੌਜਵਾਨਾਂ ਦੀ ਮੌਤ
NEXT STORY