ਹਾਲਾਂਕਿ ਇਹ ਗੱਲ ਕਹੀ ਜਾਂਦੀ ਹੈ ਕਿ ਭਾਰਤੀਆਂ ਨੂੰ ਸੋਨਾ ਬਹੁਤ ਪਸੰਦ ਹੈ ਪਰ ਅਸਲੀਅਤ ਇਹ ਹੈ ਕਿ ਅੱਜਕੱਲ ਵਿਸ਼ਵ ’ਚ ਇਸ ਸੁਨਹਿਰੀ ਧਾਤੂ ਦਾ ਸਭ ਤੋਂ ਵੱਡਾ ਉਤਪਾਦਕ ਅਤੇ ਖਪਤਕਾਰ ਇਸ ਸਾਲ ਚੀਨ ਹੈ ਅਤੇ ਚੀਨ ਦੇ ਸ਼ਾਸਕ ਲਗਾਤਾਰ ਸੋਨਾ ਇਕੱਠਾ ਕਰਦੇ ਜਾ ਰਹੇ ਹਨ। ਇਸ ਦਾ ਸੋਨਾ ਉਤਪਾਦਨ ਪਿਛਲੇ ਸਾਲ ਸੰਸਾਰਕ ਉਤਪਾਦਨ ਦਾ 10 ਫੀਸਦੀ ਸੀ ਜਿਸਦਾ ਅਰਥ ਹੈ ਕਿ ਉਸ ਦੇ ਕੋਲ ਆਪਣੇ ਭੰਡਾਰ ਲਈ ਘਰੇਲੂ ਪੱਧਰ ’ਤੇ ਸੋਨਾ ਖਰੀਦਣ ਦਾ ਬਦਲ ਵੀ ਹੈ।
ਚੀਨ ਦਾ ਕੇਂਦਰੀ ਬੈਂਕ ਇਸ ਸੰਬੰਧ ’ਚ ਕੁਝ ਦੱਸਦਾ ਨਹੀਂ ਹੈ ਪਰ ਚੀਨ ਨੂੰ ਆਪਣੀਆਂ ਖਾਨਾਂ ਦੇ ਨਾਲ-ਨਾਲ ਜਿੱਥੇ ਕਿਤਿਓਂ ਵੀ ਸੋਨਾ ਮਿਲ ਰਿਹਾ ਹੈ, ਉਹ ਸੋਨਾ ਖਰੀਦਣ ਚਲੇ ਜਾਂਦੇ ਹਨ। ਵਿਸ਼ਲੇਸ਼ਕਾਂ ਅਨੁਸਾਰ ਚੀਨ ਦੇ ਕੇਂਦਰੀ ਬੈਂਕ ਨੇ ਜੂਨ ’ਚ 2.2 ਟਨ, ਜੁਲਾਈ ’ਚ 1.9 ਟਨ ਅਤੇ ਅਗਸਤ ’ਚ ਵੀ 1.9 ਟਨ ਸੋਨੇ ਦੀ ਖਰੀਦ ਦੀ ਗੱਲ ਕਹੀ ਹੈ ਪਰ ਬਹੁਤ ਘੱਟ ਲੋਕ ਹੀ ਇਨ੍ਹਾਂ ਅੰਕੜਿਆਂ ’ਤੇ ਵਿਸ਼ਵਾਸ ਕਰਦੇ ਹਨ।
‘ਸੋਸਾਇਟੀ ਜਰਨਲ’ ਦੇ ਵਿਸ਼ਲੇਸ਼ਕਾਂ ਅਨੁਸਾਰ ਇਸ ਸਾਲ ਚੀਨ ਵਲੋਂ ਸੋਨੇ ਦੀ ਖਰੀਦ 250 ਟਨ ਤਕ ਪਹੁੰਚ ਸਕਦੀ ਹੈ ਜੋ ਚੀਨ ਦੇ ਕੇਂਦਰੀ ਬੈਂਕ ਦੀ ਮੰਗ ਦੇ ਇਕ ਤਿਹਾਈ ਤੋਂ ਵੀ ਵੱਧ ਹੈ।
ਚੀਨ ਦੇ ਸ਼ਾਸਕ ਅਜਿਹਾ ਇਸ ਲਈ ਕਰ ਰਹੇ ਹਨ ਕਿਉਂਕਿ ਉਹ ਵਪਾਰ ਲਈ ਅਮਰੀਕੀ ਡਾਲਰ, ਜਿਸ ਨੂੰ ਅਜੇ ਤੱਕ ਐਕਸਚੇਂਜ ਲਈ ਇਕੋ-ਇਕ ਮਾਨਤਾ ਪ੍ਰਾਪਤ ਮੁਦਰਾ ਮੰਨਿਆ ਜਾਂਦਾ ਹੈ, ’ਤੇ ਨਿਰਭਰ ਨਹੀਂ ਰਹਿਣਾ ਚਾਹੁੰਦੇ ਅਤੇ ਚੁੱਪਚਾਪ ਵਪਾਰ ਲਈ ਅਦਾਇਗੀ ਮਾਧਿਅਮ ਦੇ ਰੂਪ ’ਚ ਡਾਲਰ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰ ਰਹੇ ਹਨ।
‘ਜਾਪਾਨ ਬੁਲੀਅਨ ਮਾਰਕੀਟ ਐਸੋਸੀਏਸ਼ਨ’ ਦੇ ਅਨੁਸਾਰ ਚੀਨ ਦਾ ਸਵਰਣ ਭੰਡਾਰ ਇਸ ਸਮੇਂ 5000 ਟਨ ਦੇ ਨੇੜੇ-ਤੇੜੇ ਹੈ ਜੋ ਚੀਨ ਦੇ ਸ਼ਾਸਕਾਂ ਵਲੋਂ ਦੱਸੀ ਗਈ ਮਾਤਰਾ ਦੇ ਦੁੱਗਣੇ ਦੇ ਲਗਭਗ ਹੈ ਜਦਕਿ ਅਮਰੀਕਾ ਕੋਲ 8,133.46 ਟਨ, ਜਰਮਨੀ ਕੋਲ 3,350.25, ਰੂਸ ਕੋਲ 2295.4, ਜਾਪਾਨ ਕੋਲ 765 ਅਤੇ ਭਾਰਤ ਕੋਲ 880 ਟਨ ਸੋਨਾ ਹੈ।
‘ਵਿਸ਼ਵ ਸਵਰਣ ਪ੍ਰੀਸ਼ਦ’ ਦੇ ਅੰਕੜਿਆਂ ਅਨੁਸਾਰ ਪਿਛਲੇ ਇਕ ਦਹਾਕੇ ’ਚ ਅਮਰੀਕਾ ਤੋਂ ਬਾਹਰ ਸੰਸਾਰਕ ਭੰਡਾਰ ’ਚ ਸੋਨੇ ਦਾ ਹਿੱਸਾ 10 ਫੀਸਦੀ ਤੋਂ ਵਧ ਕੇ 26 ਫੀਸਦੀ ਹੋ ਗਿਆ ਹੈ ਜਿਸ ਨਾਲ ਇਹ ਅਮਰੀਕੀ ਡਾਲਰ ਦੇ ਬਾਅਦ ਦੂਜੀ ਸਭ ਤੋਂ ਵੱਡੀ ਰਾਖਵੀਂ ਸੰਪੱਤੀ (ਰਿਜ਼ਰਵ ਪ੍ਰਾਪਰਟੀ) ਬਣ ਗਈ ਹੈ।
ਕੌਮਾਂਤਰੀ ਲੈਣ-ਦੇਣ ਨੂੰ ਆਸਾਨ ਬਣਾਉਣ ਅਤੇ ਵਟਾਂਦਰਾ ਦਰ ਜੋਖਮ ਨੂੰ ਘੱਟ ਕਰਨ ਲਈ ਕੇਂਦਰੀ ਬੈਂਕਾਂ ਵਲੋਂ ਇਕ ਰਾਖਵੀਂ ਮੁਦਰਾ ਰੱਖੀ ਜਾਂਦੀ ਹੈ। ਜਿਉਂ-ਜਿਉਂ ਦੂਜੀ ਵਿਸ਼ਵ ਜੰਗ ਖਾਤਮੇ ਵੱਲ ਵਧ ਰਹੀ ਸੀ, 1944 ਦੇ ‘ਬ੍ਰੇਟਨ ਵੁਡਸ’ ਸਮਝੌਤੇ ਦੇ ਬਾਅਦ, ਅਮਰੀਕੀ ਡਾਲਰ ਦੁਨੀਆ ਦੀ ਪਹਿਲੀ ਰਾਖਵੀਂ ਮੁਦਰਾ ਬਣ ਗਿਆ। ਹਾਲਾਂਕਿ ਰਾਸ਼ਟਰਪਤੀ ਨਿਕਸਨ ਦੇ ਸਮੇਂ ’ਚ ਡਾਲਰ ਨੂੰ ਸਵਰਣ ਮਾਣਕ ਤੋਂ ਅਲੱਗ ਕਰਨ ਦੇ ਕਾਰਨ ਵਟਾਂਦਰਾ ਦਰਾਂ ਅਸਥਿਰ ਹੋ ਗਈਆਂ ਅਤੇ ਸੰਸਾਰਕ ਵਿੱਤੀ ਗਤੀਸ਼ੀਲਤਾ ਪ੍ਰਭਾਵਿਤ ਹੋਈ। ਡੀ.ਡਾਲਰੀਕਰਨ ਵਰਗੀਆਂ ਚੁਣੌਤੀਆਂ ਦੇ ਬਾਵਜੂਦ, ਅਮਰੀਕੀ ਡਾਲਰ ਨੇ ਆਪਣੀ ਸਥਿਰਤਾ ਅਤੇ ਤਰਲਤਾ ਦੇ ਕਾਰਨ ਮੋਹਰੀ ਰਾਖਵੀਂ ਮੁਦਰਾ ਦਾ ਦਰਜਾ ਬਣਾਈ ਰੱਖਿਆ ਹੈ।
ਵਿਸ਼ਵ ਦਾ ਸਭ ਤੋਂ ਵੱਡਾ ਸੋਨੇ ਦਾ ਖਨਨ ਕਰਤਾ ਹੋਣ ਦੇ ਬਾਵਜੂਦ ਜਿਉਂ-ਜਿਉਂ ਚੀਨ ਆਪਣੇ ਸੋਨੇ ਦੇ ਭੰਡਾਰ ਦਾ ਵਿਸਥਾਰ ਕਰਦਾ ਜਾ ਰਿਹਾ ਹੈ, ਉਹ ਵਿਕਾਸਸ਼ੀਲ ਦੇੇਸ਼ਾਂ ਨੂੰ ਵੀ ਇਸ ਨੂੰ ਆਪਣੇ ਇੱਥੇ (ਚੀਨ ’ਚ) ਜਮ੍ਹਾ ਕਰਨ ਦੀ ਅਪੀਲ ਕਰ ਰਿਹਾ ਹੈ।
ਚੀਨ ਦੇ ਸ਼ਾਸਕਾਂ ਦੀ ਇਸੇ ਇੱਛਾ ਦੇ ਅਨੁਸਾਰ ਕੰਬੋਡੀਆ ਨੇ ਹਾਲ ਹੀ ’ਚ ਰੇਨ ਬਿਨਬੀ ’ਚ ਭੁਗਤਾਨ ਕੀਤੇ ਗਏ ਨਵੇਂ ਖਰੀਦੇ ਸੋਨੇ ਨੂੰ ਸ਼ੇਨਜੇਨ ਸਥਿਤ ‘ਸ਼ੰਘਾਈ ਗੋਲਡ ਐਕਸਚੇਂਜ’ ਦੇ ਸੋਨੇ ਦੇ ਭੰਡਾਰ ’ਚ ਰੱਖਣ ’ਤੇ ਸਹਿਮਤੀ ਜਤਾਈ ਹੈ।
ਵਰਣਨਯੋਗ ਹੈ ਕਿ ਇਸ ਸਾਲ ਪੋਲੈਂਡ, ਤੁਰਕੀ ਅਤੇ ਚੀਨ ਨੇ ਸੋਨੇ ਦੀ ਸਭ ਤੋਂ ਵੱਧ ਖਰੀਦ ਕੀਤੀ ਹੈ ਪਰ ਉਨ੍ਹਾਂ ਦੇ ਕੇਂਦਰੀ ਬੈਂਕ ਸਿਆਸੀ ਅਤੇ ਹੋਰਨਾਂ ਕਾਰਨਾਂ ਕਰ ਕੇ ਇਸ ਸੰਬੰਧ ’ਚ ਪੂਰੀ ਜਾਣਕਾਰੀ ਉਜਾਗਰ ਨਹੀਂ ਕਰਦੇ। ਹਾਲਾਂਕਿ ਬ੍ਰਾਜ਼ੀਲ ਕੋਲ ਵੀ ਕਾਫੀ ਸੋਨਾ ਹੈ ਪਰ ਚੀਨ ਕੋਲ ਸਭ ਤੋਂ ਵੱਧ ਹੈ।
ਚੀਨ ਜਿੰਨਾ ਵਿਸ਼ਵ ਦਾ ਸਭ ਤੋਂ ਵੱਡਾ ਸੋਨੇ ਦਾ ਉਤਪਾਦਕ ਹੈ, ਓਨਾ ਹੀ ਘੱਟ ਪਾਰਦਰਸ਼ੀ ਹੈ। ਚੀਨ ਨੇ ਕੁਝ ਸਮਾਂ ਪਹਿਲਾਂ ਆਪਣੇ ਮਿੱਤਰ ਦੇਸ਼ਾਂ ਦੇ ਨਾਲ ਵਪਾਰ ’ਚ ਆਪਣੀ ਮੁਦਰਾ ‘ਯੁਆਨ’ ’ਚ ਭੁਗਤਾਨ ਦੀ ਸ਼ੁਰੂਆਤ ਕੀਤੀ। ਉਦੋਂ ਅਮਰੀਕਾ ਨੇ ਚੀਨ ’ਤੇ ਟੈਰਿਫ ਲਗਾ ਦਿੱਤੇ ਸਨ, ਕਿਉਂਕਿ ਅਮਰੀਕਾ ਡਾਲਰ ਦੀ ਸ਼ਕਤੀ ਨੂੰ ਹੱਥੋਂ ਜਾਣ ਨਹੀਂ ਦੇਣਾ ਚਾਹੁੰਦਾ।
ਇਸ ਦੇ ਬਦਲੇ ’ਚ ਚੀਨ ਦੇ ਸ਼ਾਸਕਾਂ ਦਾ ਕਹਿਣਾ ਹੈ ਕਿ ਉਹ ਸੋਨੇ ਨੂੰ ਵਪਾਰ ਦਾ ਮਾਧਿਅਮ ਬਣਾ ਲੈਣਗੇ। ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਇਹ ਸਾਰਾ ਸੋਨਾ ਸਵਿਟਜ਼ਰਲੈਂਡ ਜਾਂ ਦੱਖਣੀ ਅਫਰੀਕਾ ’ਚ ਰਿਫਾਇੰਡ ਕਰ ਕੇ ਸ਼ਿਪ ਰਾਹੀਂ ਬ੍ਰਿਟੇਨ ਭੇਜਿਆ ਗਿਆ, ਜਿੱਥੋਂ ਇਸ ਨੂੰ ਜਹਾਜ਼ ਰਾਹੀਂ ਚੀਨ ਭੇਜਿਆ ਜਾ ਰਿਹਾ ਹੈ। ਇਹ ਸੋਨਾ ਆਮ ਤੌਰ ’ਤੇ ਸ਼ੰਘਾਈ ਜਾਂ ਬੀਜਿੰਗ ’ਚ ਰੱਖਿਆ ਜਾਂਦਾ ਹੈ।
ਚੀਨ ’ਚ ਸੋਨੇ ਦੀ ਅਣਐਲਾਨੀ ਖਰੀਦ ਦਾ ਪੈਮਾਨਾ ਵਪਾਰੀਆਂ ਦੇ ਸਾਹਮਣੇ ਵਧਦੀਆਂ ਚੁਣੌਤੀਆਂ ਨੂੰ ਉਜਾਗਰ ਕਰਦਾ ਹੈ, ਜੋ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀਮਤਾਂ ਅੱਗੇ ਕਿੱਥੋਂ ਤੱਕ ਜਾਣਗੀਆਂ ਕਿਉਂਕਿ ਬਾਜ਼ਾਰ ’ਚ ਚੀਨ ਦੇ ਕੇਂਦਰੀ ਬੈਂਕ ਦੀ ਖਰੀਦ ਦਾ ਪ੍ਰਭੂਤਵ ਵਧਦਾ ਜਾ ਰਿਹਾ ਹੈ, ਅਜਿਹਾ ਪ੍ਰਤੀਤ ਹੁੰਦਾ ਹੈ ਕਿ ਵਟਾਂਦਰੇ ਦੇ ਸਰੋਤ ਦੇ ਰੂਪ ’ਚ ਅਮਰੀਕੀ ਡਾਲਰ ’ਚ ਬਦਲਾਅ ਦੀ ਹਵਾ ਚੱਲ ਰਹੀ ਹੈ ਪਰ ਇਸ ’ਤੇ ਬਹੁਤ ਸਾਵਧਾਨੀ ਨਾਲ ਨਜ਼ਰ ਰੱਖਣ ਦੀ ਲੋੜ ਹੈ।
ਆਸਾਮ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ-ਵਿਰੋਧੀ ਮੋਰਚਾ ਬਣਾਉਣ ’ਚ ਜੁਟੀ ਕਾਂਗਰਸ
NEXT STORY