ਮਹਿੰਦਰਗੜ੍ਹ- ਹਰਿਆਣਾ 'ਚ ਇਸ ਸਾਲ ਦੇ ਅਖ਼ੀਰ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਜਿਸ ਨੂੰ ਲੈ ਕੇ ਸਿਆਸੀ ਪਾਰਟੀਆਂ ਹੁਣ ਤੋਂ ਹੀ ਸਰਗਰਮ ਹੁੰਦੀਆਂ ਨਜ਼ਰ ਆ ਰਹੀਆਂ ਹਨ। 90 ਮੈਂਬਰੀ ਹਰਿਆਣਾ ਵਿਧਾਨ ਸਭਾ ਦਾ 5 ਸਾਲ ਦਾ ਕਾਰਜਕਾਲ 3 ਨਵੰਬਰ ਨੂੰ ਖਤਮ ਹੋ ਰਿਹਾ ਹੈ। ਇਸ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੰਗਲਵਾਰ ਨੂੰ ਹਰਿਆਣਾ ਪਹੁੰਚੇ ਹਨ, ਜਿੱਥੇ ਉਨ੍ਹਾਂ ਨੇ ਸੂਬਾ ਪੱਧਰੀ ਪਿਛੜੀਆਂ ਸ਼੍ਰੇਣੀਆਂ (ਬੀ.ਸੀ.) ਨੂੰ ਲੁਭਾਉਣ ਲਈ ਮਹਿੰਦਰਗੜ੍ਹ ਦਾ ਦੌਰਾ ਕੀਤਾ। ਸ਼ਾਹ ਨੇ ਹਰਿਆਣਾ ਦੇ ਮਹਿੰਦਰਗੜ੍ਹ 'ਚ ‘ਪਿਛੜਾ ਵਰਗ ਸ਼੍ਰੇਣੀਆਂ ਦਾ ਸਨਮਾਨ’ ਕਾਨਫਰੰਸ ਨੂੰ ਸੰਬੋਧਿਤ ਕੀਤਾ। ਦੱਸ ਦੇਈਏ ਕਿ ਹਰਿਆਣਾ ਵਿਚ 2014 ਤੋਂ ਭਾਜਪਾ ਸੱਤਾ ਵਿਚ ਹੈ।
ਆਪਣੇ ਸੰਬੋਧਨ ਵਿਚ ਸ਼ਾਹ ਨੇ ਕਿਹਾ ਕਿ ਹਰਿਆਣਆ ਦੇ ਪਿਛੜਾ ਵਰਗ ਨੇ ਹਮੇਸ਼ਾ ਭਾਜਪਾ ਨੂੰ ਆਸ਼ੀਰਵਾਦ ਦਿੱਤਾ ਹੈ। ਹੁਣ ਭਾਜਪਾ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿੰਨਾ ਤੁਸੀਂ ਕੀਤਾ ਹੈ, ਉਸ ਤੋਂ ਵੱਧ ਕੰਮ ਕਰ ਕੇ ਅਸੀਂ ਤੁਹਾਡੇ ਕੋਲ ਆਈਏ। ਸ਼ਾਹ ਨੇ ਅੱਗੇ ਕਿਹਾ ਕਿ ਨਾਇਬ ਸੈਣੀ ਜੀ ਦੀ ਕੈਬਨਿਟ ਨੇ ਤਿੰਨ ਫ਼ੈਸਲੇ ਲਏ ਹਨ। ਕ੍ਰੀਮੀ ਲੇਅਰ ਦੀ ਲੇਅਰ ਦੀ ਸੀਮਾ 6 ਲੱਖ ਤੋਂ ਵਧਾ ਕੇ 8 ਲੱਖ ਕਰ ਦਿੱਤੀ ਹੈ। ਇਨ੍ਹਾਂ 8 ਲੱਖ ਵਿਚ ਤਨਖਾਹ ਅਤੇ ਖੇਤੀ ਦੀ ਆਮਦਨ ਨਹੀਂ ਗਿਣੀ ਜਾਵੇਗੀ। ਹੁਣ ਹਰ ਬੱਚੇ ਨੂੰ OBC ਦਾ ਫਾਇਦਾ ਮਿਲੇਗਾ। 2014 ਵਿਚ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪੂਰੇ ਦੇਸ਼ ਨੂੰ ਕਿਹਾ ਸੀ ਕਿ ਮੇਰੀ ਇਹ ਸਰਕਾਰ ਦਲਿਤਾਂ, ਗਰੀਬਾਂ ਅਤੇ ਪਿਛੜੇ ਵਰਗ ਲੋਕਾਂ ਦੀ ਸਰਕਾਰ ਹੈ। ਦੇਸ਼ ਨੂੰ ਪਹਿਲਾ ਮਜ਼ਬੂਤ ਪਿਛੜਾ ਵਰਗ ਦਾ ਪ੍ਰਧਾਨ ਮੰਤਰੀ ਦੇਣ ਦਾ ਕੰਮ ਭਾਜਪਾ ਨੇ ਕੀਤਾ ਹੈ। 71 ਵਿਚੋਂ 27 ਮੰਤਰੀ ਪਿਛੜੀਆਂ ਸ਼੍ਰੇਣੀਆਂ ਵਿਚੋਂ ਨਿਯੁਕਤ ਕਰਕੇ ਨਰਿੰਦਰ ਮੋਦੀ ਜੀ ਨੇ ਹਰਿਆਣਾ ਅਤੇ ਦੇਸ਼ ਦੇ ਓ.ਬੀ.ਸੀ. ਦਾ ਸਨਮਾਨ ਕਰਨ ਦਾ ਕੰਮ ਕੀਤਾ ਹੈ।
ਸ਼ਾਹ ਨੇ ਕਾਂਗਰਸ 'ਤੇ ਤੰਜ਼ ਕੱਸਦਿਆਂ ਕਿਹਾ ਕਿ ਕਾਂਗਰਸ ਹਮੇਸ਼ਾ ਪਿਛੜੀਆਂ ਸ਼੍ਰੇਣੀਆਂ ਦੇ ਖਿਲਾਫ ਰਹੀ ਹੈ। ਓ.ਬੀ. ਸੀ ਰਿਜ਼ਰਵੇਸ਼ਨ ਲਈ 1957 ਵਿਚ ਕਾਕਾ ਕਾਲੇਲਕਰ ਕਮਿਸ਼ਨ ਬਣਾਇਆ ਗਿਆ ਸੀ ਪਰ ਕਾਂਗਰਸ ਨੇ ਸਾਲਾਂ ਤੱਕ ਇਸ ਨੂੰ ਲਾਗੂ ਨਹੀਂ ਕੀਤਾ। 1980 'ਚ ਇੰਦਰਾ ਗਾਂਧੀ ਨੇ ਮੰਡਲ ਕਮਿਸ਼ਨ ਨੂੰ ਠੰਡੇ ਬਸਤੇ ਵਿਚ ਪਾ ਦਿੱਤਾ। 1990 'ਚ ਜਦੋਂ ਇਹ ਲਿਆਂਦਾ ਗਿਆ ਸੀ ਤਾਂ ਰਾਜੀਵ ਗਾਂਧੀ ਨੇ 2 ਘੰਟੇ 43 ਮਿੰਟ ਤਕ ਭਾਸ਼ਣ ਦੇ ਕੇ ਓ.ਬੀ.ਸੀ ਰਿਜ਼ਰਵੇਸ਼ਨ ਦਾ ਵਿਰੋਧ ਕੀਤਾ ਸੀ। ਭਾਜਪਾ ਨੇ ਓ.ਬੀ.ਸੀ ਕਮਿਸ਼ਨ ਨੂੰ ਸੰਵਿਧਾਨਕ ਮਾਨਤਾ ਦੇ ਕੇ ਤੁਹਾਨੂੰ ਸੰਵਿਧਾਨਕ ਅਧਿਕਾਰ ਦੇਣ ਦਾ ਕੰਮ ਨਰਿੰਦਰ ਮੋਦੀ ਜੀ ਦੀ ਅਗਵਾਈ ਵਿਚ ਕੀਤਾ। ਸਾਡੇ ਨੇਤਾ ਨਰਿੰਦਰ ਮੋਦੀ ਜੀ ਨੇ ਪਹਿਲੀ ਵਾਰ ਕੇਂਦਰੀ ਵਿਦਿਆਲਿਆ, ਨਵੋਦਿਆ ਵਿਦਿਆਲਿਆ, ਸੈਨਿਕ ਸਕੂਲ ਅਤੇ NEET ਪ੍ਰੀਖਿਆਵਾਂ ਵਿਚ 27 ਫ਼ੀਸਦੀ ਰਾਖਵਾਂਕਰਨ ਦੇਣ ਦਾ ਕੰਮ ਕੀਤਾ।
ਸ਼ਾਹ ਨੇ ਕਿਹਾ ਕਿ ਕਾਂਗਰਸ ਨੇ ਜਾਤੀਵਾਦ ਅਤੇ ਭ੍ਰਿਸ਼ਟਾਚਾਰ ਤੋਂ ਸਿਵਾਏ ਹਰਿਆਣਾ ਨੂੰ ਕੁਝ ਨਹੀਂ ਦਿੱਤਾ। ਕਾਂਗਰਸ ਦੀਆਂ ਸਰਕਾਰਾਂ ਬਣਦੀਆਂ ਸਨ, ਤਾਂ ਇਕ ਸਰਕਾਰ ਦੇ ਆਉਣ 'ਤੇ ਭ੍ਰਿਸ਼ਟਾਚਾਰ ਸਿਖਰ 'ਤੇ ਪਹੁੰਚ ਜਾਂਦਾ ਸੀ, ਦੂਜੀ ਸਰਕਾਰ ਆਉਂਦੀ ਸੀ ਤਾਂ ਗੁੰਡਾਗਰਦੀ ਸਿਖਰ 'ਤੇ ਪਹੁੰਚ ਜਾਂਦੀ ਸੀ। ਕਾਂਗਰਸ ਨੇ ਕਰਨਾਟਕ ਵਿਚ ਪਿਛੜੀਆਂ ਸ਼੍ਰੇਣੀਆਂ ਤੋਂ ਰਾਖਵਾਂਕਰਨ ਖੋਹ ਕੇ ਮੁਸਲਮਾਨਾਂ ਨੂੰ ਦੇ ਦਿੱਤਾ ਹੈ। ਜੇਕਰ ਕਾਂਗਰਸ ਇੱਥੇ ਆਈ ਤਾਂ ਇੱਥੇ ਵੀ ਅਜਿਹਾ ਹੀ ਕਰਨਗੇ। ਮੈਂ ਤੁਹਾਨੂੰ ਸਾਰਿਆਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਅਸੀਂ ਕਿਸੇ ਵੀ ਹਾਲਤ ਵਿਚ ਹਰਿਆਣਾ 'ਚ ਮੁਸਲਿਮ ਰਾਖਵਾਂਕਰਨ ਲਾਗੂ ਨਹੀਂ ਹੋਣ ਦੇਵਾਂਗੇ।
ਅਮਰੀਕਾ ਦੇ ਇਨ੍ਹਾਂ ਸ਼ਹਿਰਾਂ ਲਈ ਮਿਲੇਗੀ ਸਿੱਧੀਆਂ ਉਡਾਣਾਂ, Air India ਬਣਾ ਰਹੀ ਹੈ ਯੋਜਨਾ
NEXT STORY