ਨਵੀਂ ਦਿੱਲੀ- ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਕਾਂਗਰਸ ਲੋਕ ਸਭਾ ਦੀਆਂ 543 ਸੀਟਾਂ ’ਚੋਂ ਲੱਗਭਗ 300 ਸੀਟਾਂ ’ਤੇ ਚੋਣ ਲੜੇਗੀ। ਇਸ ਨੇ 2019 ’ਚ 423 ਤੇ 2014 ’ਚ 464 ਸੀਟਾਂ ’ਤੇ ਚੋਣ ਲੜੀ ਸੀ ਪਰ ਸਰਕਾਰ ਬਣਾਉਣ ’ਚ ਅਸਫਲ ਰਹੀ।
ਇਸੇ ਲਈ ਰਾਹੁਲ ਗਾਂਧੀ ਨੇ ਇਸ ਵਾਰ ਆਪਣੀ ਰਣਨੀਤੀ ਬਦਲ ਲਈ ਤੇ ਆਪਣੀਆਂ ਸਹਿਯੋਗੀ ਪਾਰਟੀਆਂ ਨੂੰ ਵਧੇਰੇ ਸੀਟਾਂ ਜਿੱਤਣ ਲਈ ਦਿੱਤੀਆਂ। ਜੇ ਕਾਂਗਰਸ ਦੇ ਵਾਰ-ਰੂਮ ਤੋਂ ਆ ਰਹੀਆਂ ਖਬਰਾਂ ਕੋਈ ਸੰਕੇਤ ਹਨ ਤਾਂ ਕਾਂਗਰਸ 300 ਤੋਂ ਘੱਟ ਸੀਟਾਂ ’ਤੇ ਚੋਣ ਲੜ ਸਕਦੀ ਹੈ।
ਕਾਂਗਰਸ ਨੇ ਪਿਛਲੀ ਵਾਰ ਯੂ. ਪੀ. ’ਚ ਲੋਕ ਸਭਾ ਦੀਆਂ 80 ’ਚੋਂ 67 ਸੀਟਾਂ ’ਤੇ ਚੋਣ ਲੜੀ ਸੀ ਪਰ ਉਹ ਸਿਰਫ਼ ਇੱਕ ਸੀਟ ਹੀ ਜਿੱਤ ਸਕੀ ਸੀ। ਇਸ ਵਾਰ ਉਹ ਸਿਰਫ 17 ਸੀਟਾਂ ’ਤੇ ਹੀ ਚੋਣ ਲੜੇਗੀ। ਉਸ ਨੂੰ ਜੇਤੂ ਸੀਟਾਂ ਦੀ ਗਿਣਤੀ ਦੇ ਘੱਟੋ-ਘੱਟ 5 ਤੱਕ ਪਹੁੰਚਣ ਦੀ ਉਮੀਦ ਹੈ।
ਕਾਂਗਰਸ ਨੇ 2019 ’ਚ ਪੱਛਮੀ ਬੰਗਾਲ ਦੀਆਂ 40 ਸੀਟਾਂ ’ਤੇ ਚੋਣ ਲੜੀ ਸੀ ਪਰ ਉਹ ਸਿਰਫ਼ 2 ਸੀਟਾਂ ਹੀ ਜਿੱਤ ਸਕੀ ਸੀ। ਇਸ ਵਾਰ ਕਾਂਗਰਸ ਸਿਰਫ ਉਨ੍ਹਾਂ ਹਲਕਿਆਂ ’ਚ ਆਪਣੇ ਉਮੀਦਵਾਰ ਖੜ੍ਹੇ ਕਰ ਸਕਦੀ ਹੈ ਜਿੱਥੇ ਉਸ ਨੂੰ ਜਿੱਤਣ ਦੀ ਸੰਭਾਵਨਾ ਹੈ। ਆਖਰੀ ਸਮੇਂ ਟੀ. ਐੱਮ. ਸੀ. ਦੀ ਮਮਤਾ ਬੈਨਰਜੀ ਨਾਲ ਗਠਜੋੜ ਨਾ ਹੋਇਆ ਤਾਂ ਐਡਜਸਟਮੈਂਟ ਦੀ ਉਮੀਦ ਹੈ ਪਰ ਇਸ ਸਬੰਧੀ ਕਿਸੋ ਨੂੰ ਕੋਈ ਯਕੀਨ ਨਹੀਂ ਹੈ।
ਇੱਕ ਵੱਡੇ ਘਟਨਾਚੱਕਰ ਅਧੀਨ ਕਾਂਗਰਸ ਨੇ ‘ਆਪ’ ਨੂੰ ਹਰਿਆਣਾ, ਦਿੱਲੀ ਤੇ ਗੁਜਰਾਤ ’ਚ ਐਡਜਸਟਮੈਂਟ ਅਧੀਨ ਸੀਟਾਂ ਦਿੱਤੀਆਂ ਹਨ। ਕਾਂਗਰਸ ਨੇ 2019 ’ਚ ਮਹਾਰਾਸ਼ਟਰ ’ਚ 25 ਸੀਟਾਂ ’ਤੇ ਚੋਣ ਲੜੀ ਸੀ। ਇਸ ਵਾਰ ਉਹ ਐੱਮ .ਵੀ. ਏ. ਦੇ ਸਹਿਯੋਗੀਆਂ ਨੂੰ ਹੋਰ ਸੀਟਾਂ ਦੇਣ ਦੀ ਤਿਆਰੀ ’ਚ ਹੈ ਤਾਂ ਜੋ ਵੱਧ ਸੀਟਾਂ ਜਿੱਤੀਆਂ ਜਾ ਸਕਣ।
ਉਹ ਤਾਮਿਲਨਾਡੂ, ਬਿਹਾਰ, ਕੇਰਲ ਤੇ ਝਾਰਖੰਡ ’ਚ ਵੀ ਗੱਠਜੋੜ ਨੂੰ ਅੰਤਿਮ ਰੂਪ ਦੇ ਰਹੀ ਹੈ। ਆਂਧਰਾ ਪ੍ਰਦੇਸ਼ ਤੇ ਓਡਿਸ਼ਾ ਵਰਗੇ ਕੁਝ ਸੂਬਿਆਂ ’ਚ ਕਾਂਗਰਸ ਦਾ ਮਾੜਾ ਹਾਲ ਹੈ। ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਹਿਮਾਚਲ ਤੇ ਉੱਤਰਾਖੰਡ ’ਚ ਇਸ ਦੀਆਂ ਗੰਭੀਰ ਸਮੱਸਿਆਵਾਂ ਹਨ । ਉੱਥੇ ਇਸ ਦਾ ਸਿੱਧਾ ਮੁਕਾਬਲਾ ਭਾਜਪਾ ਨਾਲ ਹੈ।
ਆਸਾਮ ਨੂੰ ਛੱਡ ਕੇ ਕਾਂਗਰਸ ਨੂੰ ਉੱਤਰ-ਪੂਰਬ ’ਚ ਲੜਾਈ ਲੜਨ ’ਚ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਹ ਤੇਲੰਗਾਨਾ ਤੇ ਕਰਨਾਟਕ ’ਚ ਆਪਣੀਆਂ ਸੀਟਾਂ ਵਧਾਉਣ ਦੀ ਉਮੀਦ ਕਰ ਸਕਦੀ ਹੈ। ਉੱਥੇ ਕਾਂਗਰਸ ਸੱਤਾ ’ਚ ਹੈ।
BJP ਨੂੰ ਵੱਡਾ ਝਟਕਾ, ਹਿਸਾਰ ਤੋਂ ਸੰਸਦ ਮੈਂਬਰ ਬ੍ਰਿਜੇਂਦਰ ਸਿੰਘ ਨੇ ਦਿੱਤਾ ਅਸਤੀਫ਼ਾ
NEXT STORY