ਆਗਰ ਮਾਲਵਾ (ਭਾਸ਼ਾ)- ਵਿਵਾਦਿਤ ਤਾਂਤਰਿਕ ਨਾਮਦੇਵ ਦਾਸ ਤਿਆਗੀ ਉਰਫ਼ ‘ਕੰਪਿਊਟਰ ਬਾਬਾ’ ਨੇ ਸ਼ਨੀਵਾਰ ਨੂੰ ਮੱਧ ਪ੍ਰਦੇਸ਼ ’ਚ ਭਾਰਤ ਜੋੜੋ ਯਾਤਰਾ ’ਚ ਹਿੱਸਾ ਲਿਆ, ਜਿਸ ਨੂੰ ਲੈ ਕੇ ਭਾਜਪਾ ਨੇ ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਿਆ। ਸੱਤਾਧਾਰੀ ਭਾਜਪਾ ਇਸ ਗੱਲ ਨੂੰ ਲੈ ਕੇ ਹੈਰਾਨ ਹੈ ਕਿ ਪਿਛਲੇ ਸਮੇਂ ’ਚ ਨਾਜਾਇਜ਼ ਕਬਜ਼ੇ ਦੇ ਇਕ ਮਾਮਲੇ ’ਚ ਗ੍ਰਿਫ਼ਤਾਰ ਹੋ ਚੁੱਕੇ ਕੰਪਿਊਟਰ ਬਾਬਾ ਰਾਹੁਲ ਗਾਂਧੀ ਨਾਲ ਕਿਵੇਂ ਯਾਤਰਾ ’ਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਨੂੰ ਯਾਤਰਾ ’ਚ ਗਾਂਧੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਨਾਲ ਤੁਰਦੇ ਅਤੇ ਗੱਲਬਾਤ ਕਰਦੇ ਵੇਖਿਆ ਗਿਆ। ਉਹ ਕੁਝ ਮਿੰਟਾਂ ਤਕ ਯਾਤਰਾ ’ਤੇ ਉਨ੍ਹਾਂ ਦੇ ਨਾਲ ਰਹੇ।
ਹਾਲ ਹੀ ’ਚ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਭਾਜਪਾ ਨੇਤਾ ਨਰਿੰਦਰ ਸਲੂਜਾ ਨੇ ਕਿਹਾ,‘‘ਕਨ੍ਹਈਆ ਕੁਮਾਰ ਤੇ ਅਦਾਕਾਰਾ ਸਵਰਾ ਭਾਸਕਰ ਤੋਂ ਬਾਅਦ ਹੁਣ ਕੰਪਿਊਟਰ ਬਾਬਾ...? ਇਹ ਕਿਹੋ ਜਿਹੀ ਭਾਰਤ ਜੋੜੋ ਯਾਤਰਾ ਹੈ?’’ ਓਧਰ ਭਾਜਪਾ ਦੀ ਆਲੋਚਨਾ ਦਾ ਜਵਾਬ ਦਿੰਦਿਆਂ ਕਾਂਗਰਸ ਦੇ ਸਾਬਕਾ ਮੰਤਰੀ ਰਾਜਕੁਮਾਰ ਪਟੇਲ ਨੇ ਕਿਹਾ ਕਿ ਕਈ ਸੰਤ ਅਤੇ ਧਾਰਮਿਕ ਆਗੂ ਭਾਰਤ ਜੋੜੋ ਯਾਤਰਾ ਦਾ ਹਿੱਸਾ ਬਣ ਰਹੇ ਹਨ। ਯਾਤਰਾ ’ਚ ਸ਼ਾਮਲ ਹੋਣ ਲਈ ਸਾਰਿਆਂ ਦਾ ਸਵਾਗਤ ਹੈ ਕਿਉਂਕਿ ਇਹ ਦੇਸ਼ ਦੇ ਹਿੱਤ ’ਚ ਹੈ। ਮੁਕੱਦਮਿਆਂ ਦੇ ਬਾਵਜੂਦ ਕੰਪਿਊਟਰ ਬਾਬਾ ਦੇ ਯਾਤਰਾ ’ਚ ਸ਼ਾਮਲ ਹੋਣ ਦੇ ਸਵਾਲ ’ਤੇ ਪਟੇਲ ਨੇ ਕਿਹਾ,‘‘ਇਸ ਦਾ ਯਾਤਰਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ (ਭਾਜਪਾ) ਦੋਸ਼ਾਂ ਦੀ ਜਾਂਚ ਕਰਨ ਲਈ ਆਜ਼ਾਦ ਹਨ ਅਤੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਕਿਸੇ ਨੇ ਰੋਕਿਆ ਨਹੀਂ ਹੈ।’’
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਗੈਂਗਸਟਰ ਰਾਜੂ ਦੇ ਕਤਲ 'ਚ ਸ਼ਾਮਲ ਸਾਰੇ ਦੋਸ਼ੀ ਹਿਰਾਸਤ 'ਚ ਲਏ ਗਏ
NEXT STORY