ਨਵੀਂ ਦਿੱਲੀ (ਭਾਸ਼ਾ)— ਚੀਨ 'ਚ ਫੈਲੇ ਕੋਰੋਨਾ ਵਾਇਰਸ ਨੇ ਦੁਨੀਆ ਭਰ 'ਚ ਦਸਤਕ ਦੇ ਦਿੱਤੀ ਹੈ। ਇਸ ਵਾਇਰਸ ਕਾਰਨ ਹਰ ਪਾਸੇ ਦਹਿਸ਼ਤ ਹੈ। ਵਾਇਰਸ ਕਾਰਨ ਇਕੱਲੇ ਚੀਨ ਵਿਚ 200 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਦਾ ਸ਼ਹਿਰ ਵੁਹਾਨ ਕੋਰੋਨਾ ਵਾਇਰਸ ਫੈਲਣ ਦਾ ਕੇਂਦਰ ਹੈ। ਚੀਨ 'ਚ ਰਹਿੰਦੇ ਭਾਰਤੀਆਂ ਲਈ ਇਹ ਵਾਇਰਸ ਵੱਡੀ ਪਰੇਸ਼ਾਨੀ ਬਣ ਗਿਆ ਹੈ, ਕਿਉਂਕਿ ਵੱਡੀ ਗਿਣਤੀ 'ਚ ਭਾਰਤੀ ਵਿਦਿਆਰਥੀਆਂ ਚੀਨ ਸਥਿਤ ਯੂਨੀਵਰਸਿਟੀਆਂ 'ਚ ਪੜ੍ਹਨ ਲਈ ਗਏ ਹੋਏ ਹਨ। ਇਨ੍ਹਾਂ ਵਿਦਿਆਰਥੀਆਂ ਅਤੇ ਹੋਰ ਭਾਰਤੀਆਂ ਨੂੰ ਚੀਨ ਤੋਂ ਵਾਪਸ ਭਾਰਤ ਲਿਆਂਦਾ ਜਾ ਰਿਹਾ ਹੈ। ਸ਼ੁੱਕਰਵਾਰ ਦੇਰ ਰਾਤ ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਚੀਨ ਦੇ ਵੁਹਾਨ ਤੋਂ 324 ਭਾਰਤੀਆਂ ਨੂੰ ਲੈ ਕੇ ਸ਼ਨੀਵਾਰ ਦੀ ਸਵੇਰ ਨੂੰ ਦਿੱਲੀ ਪੁੱਜਾ ਹੈ। ਏਅਰ ਇੰਡੀਆ ਨੇ ਕਿਹਾ ਹੈ ਕਿ ਚੀਨ ਵਿਚ ਕੋਰੋਨਾ ਵਾਇਰਸ ਨਾਲ ਸਭ ਤੋਂ ਵਧ ਪ੍ਰਭਾਵਿਤ ਵੁਹਾਨ ਤੋਂ ਭਾਰਤੀਆਂ ਨੂੰ ਲਿਆਉਣ ਲਈ ਇਕ ਹੋਰ ਵਿਸ਼ੇਸ਼ ਜਹਾਜ਼ ਸ਼ਨੀਵਾਰ ਦੀ ਦੁਪਹਿਰ ਨੂੰ ਦਿੱਲੀ ਹਵਾਈ ਅੱਡੇ ਤੋਂ ਰਵਾਨਾ ਹੋਵੇਗਾ।

ਏਅਰ ਇੰਡੀਆ ਦੇ ਬੁਲਾਰੇ ਨੇ ਸ਼ਨੀਵਾਰ ਨੂੰ ਕਿਹਾ ਕਿ ਇਕ ਹੋਰ ਜਹਾਜ਼ ਅੱਜ ਦੁਪਹਿਰ 12 ਵਜ ਕੇ 50 ਮਿੰਟ 'ਤੇ ਦਿੱਲੀ ਤੋਂ ਵੁਹਾਨ ਲਈ ਰਵਾਨਾ ਹੋਵੇਗਾ, ਜਿਸ ਵਿਚ ਡਾਕਟਰਾਂ ਦੀ ਟੀਮ ਉਹ ਹੀ ਹੋਵੇਗੀ ਪਰ ਚਾਲਕ ਦਲ ਦੇ ਮੈਂਬਰ ਅਤੇ ਜਹਾਜ਼ ਵੱਖਰਾ ਹੋਵੇਗਾ। ਬਚਾਅ ਟੀਮ ਦੀ ਅਗਵਾਈ ਇਕ ਵਾਰ ਫਿਰ ਏਅਰ ਇੰਡੀਆ ਦੇ ਪਰਿਚਾਲਨ ਡਾਇਰੈਕਟਰ, ਕੈਪਟਨ ਅਮਿਤਾਭ ਸਿੰਘ ਕਰਨਗੇ। ਇੱਥੇ ਦੱਸ ਦੇਈਏ ਕਿ ਏਅਰ ਇੰਡੀਆ ਦਾ ਪਹਿਲਾ ਜਹਾਜ਼ ਵੁਹਾਨ ਸ਼ਹਿਰ ਤੋਂ 324 ਯਾਤਰੀਆਂ ਨੂੰ ਵਾਪਸ ਭਾਰਤ ਲਿਆਇਆ ਸੀ। ਉਸ 'ਚ ਰਾਮ ਮਨੋਹਰ ਲੋਹੀਆ ਹਸਪਤਾਲ ਦੇ 5 ਡਾਕਟਰਾਂ ਦੀ ਟੀਮ, ਇਕ ਪੈਰਾਮੈਡੀਕਸ, ਕੋਕਪਿਟ ਚਾਲਕ ਦਲ ਦੇ 5 ਮੈਂਬਰ ਅਤੇ ਕੈਬਿਨ ਚਾਲਕ ਦਲ ਦੇ 15 ਮੈਂਬਰ ਸਨ। ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ 324 ਯਾਤਰੀਆਂ 'ਚੋਂ 211 ਵਿਦਿਆਰਥੀ, 110 ਪੇਸ਼ੇਵਰ ਅਤੇ 3 ਨਾਬਾਲਗ ਸ਼ਾਮਲ ਸਨ।
ਨਿਰਭਯਾ ਕੇਸ : ਦੋਸ਼ੀ ਵਿਨੇ ਸ਼ਰਮਾ ਦੀ ਦਯਾ ਪਟੀਸ਼ਨ ਰਾਸ਼ਟਰਪਤੀ ਨੇ ਕੀਤੀ ਖਾਰਜ
NEXT STORY