ਨਵੀਂ ਦਿੱਲੀ-ਪੂਰੀ ਦੁਨੀਆ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ, ਜਿਸ ਨੂੰ ਰੋਕਣ ਲਈ ਦੇਸ਼ ਭਰ 'ਚ 21 ਦਿਨਾਂ ਦਾ ਲਾਕਡਾਊਨ ਕੀਤਾ ਗਿਆ ਹੈ। ਕੋਰੋਨਾਵਾਇਰਸ ਨੇ ਜ਼ਿੰਦਗੀ ਦੀ ਰਫਤਾਰ ਰੋਕ ਦਿੱਤੀ ਹੈ, ਲੋਕ ਘਰਾਂ 'ਚ ਬੰਦ ਹਨ। ਦੇਸ਼ ਭਰ 'ਚ ਫੈਕਟਰੀਆਂ ਬੰਦ ਹੋਣ ਕਾਰਨ ਰੋਜ਼ਗਾਰ ਠੱਪ ਹੋ ਚੁੱਕਿਆ ਹੈ। ਪਬਲਿਕ ਟਰਾਂਸਪੋਰਟ , ਰੇਲ ਅਤੇ ਹਵਾਈ ਸਫਰ ਸਾਰਾ ਕੁਝ ਬੰਦ ਹੈ। ਇਸ ਦੌਰਾਨ ਸਭ ਤੋਂ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਦਿਹਾੜੀਦਾਰ ਮਜ਼ਦੂਰ ਕਰ ਰਹੇ ਹਨ, ਜੋ ਕਿ ਮਿਹਨਤ ਮਜ਼ਦੂਰੀ ਕਰ ਕੇ ਘਰ ਦਾ ਗੁਜ਼ਾਰਾ ਚਲਾਉਂਦੇ ਸੀ। ਕੋਰੋਨਾਵਾਇਰਸ ਨੂੰ ਰੋਕਣ ਲਈ ਦੇਸ਼ ਭਰ 'ਚ ਕੀਤੇ ਗਏ ਲਾਕਡਾਊਨ ਨੇ ਮਜ਼ਦੂਰ ਲੋਕਾਂ ਦੀਆਂ ਪਰੇਸ਼ਾਨੀਆਂ ਇਸ ਹੱਦ ਤੱਕ ਵਧਾ ਦਿੱਤੀਆਂ ਹਨ ਕਿ ਮਜ਼ਬੂਰ ਹੋਏ ਬੇਰੋਜ਼ਗਾਰ ਮਜ਼ਦੂਰ ਹੁਣ ਆਪਣੇ ਪਿੰਡਾਂ ਨੂੰ ਵਾਪਸ ਪਰਤਣ ਲੱਗੇ ਹਨ। ਲਾਕਡਾਊਨ ਦੇ ਚੱਲਦਿਆਂ ਕੋਈ ਪੈਦਲ ਅਤੇ ਕੋਈ ਰਿਕਸ਼ੇ ਰਾਹੀਂ ਆਪਣੇ ਪਿੰਡ ਵਾਪਸ ਪਰਤਣ ਵਾਲੇ ਇਹ ਪਰਿਵਾਰ ਉੱਤਰ ਪ੍ਰਦੇਸ਼ ਅਤੇ ਬਿਹਾਰ ਸਮੇਤ ਕਈ ਹੋਰ ਸੂਬਿਆਂ ਦੇ ਰਹਿਣ ਵਾਲੇ ਹਨ।
ਦੱਸਣਯੋਗ ਹੈ ਕਿ ਦਿੱਲੀ 'ਚ ਇਕ ਪਰਿਵਾਰ 3 ਰਿਕਸ਼ਿਆਂ 'ਤੇ ਸਵਾਰ ਹੋ ਕੇ ਆਪਣੇ ਪਿੰਡ ਮੋਤਿਹਾਰੀ(ਬਿਹਾਰ) ਲਈ ਰਾਵਾਨਾ ਹੋਇਆ ਹੈ। ਇਸ ਤੋਂ ਇਲਾਵਾ ਦਿੱਲੀ 'ਚੋ ਇਕ ਹੋਰ ਪਰਿਵਾਰ ਜੋ ਕਿ ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲੇ ਦਾ ਰਹਿਣ ਵਾਲਾ ਹੈ। ਇਸ ਪਰਿਵਾਰ ਦੇ ਲੋਕ ਪੈਦਲ ਹੀ ਆਪਣੇ ਪਿੰਡ ਲਈ ਤੁਰ ਪਏ। ਸਿਰ ਅਤੇ ਮੋਢਿਆਂ 'ਤੇ ਬੈਗ ਲੱਦ ਕੇ ਜਦੋਂ ਇਹ ਪਰਿਵਾਰ ਦਿੱਲੀ ਦੇ ਗਾਜੀਪੁਰ ਬਾਰਡਰ 'ਤੇ ਪਹੁੰਚੇ ਤਾਂ ਪੁਲਸ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਪੁੱਛਿਆ ਕਿ ਉਹ ਕਿੱਥੇ ਜਾ ਰਹੇ ਹਨ ਤਾਂ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲੇ 'ਚ ਸਥਿਤ ਆਪਣੇ ਪਿੰਡ ਵਾਪਸ ਜਾ ਰਹੇ ਹਨ। ਜਦੋਂ ਪੁਲਸ ਨੇ ਕਿਹਾ ਕਿ ਰੇਲ ਅਤੇ ਕੋਈ ਵੀ ਗੱਡੀ ਜਾਂ ਬੱਸ ਨਹੀਂ ਚੱਲ ਰਹੀ ਤਾਂ ਕਿਵੇਂ ਜਾਓਗੇ, ਤਾਂ ਪਰਿਵਾਰ ਨੇ ਜਵਾਬ ਦਿੱਤਾ ਕਿ ਪੈਦਲ ਹੀ ਪਿੰਡ ਪਹੁੰਚਾਂਗੇ। ਮਜ਼ਦੂਰ ਪਰਿਵਾਰ ਨੇ ਇਹ ਵੀ ਦੱਸਿਆ ਕਿ ਅਸੀਂ ਦਿਹਾੜੀਦਾਰ ਹਾਂ ਅਤੇ ਸਾਡੇ ਕੋਲ ਜ਼ਿਆਦਾ ਪੈਸਾ ਨਹੀਂ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ ਕਿਰਾਇਆ ਭਰਨ ਅਤੇ ਖਾਣ ਲਈ ਸਾਮਾਨ ਖ੍ਰੀਦਣ ਲਈ ਵੀ ਪੈਸਾ ਨਹੀਂ ਹੈ, ਜਿਸ ਕਾਰਨ ਉਹ ਆਪਣੇ ਪਿੰਡ ਵਾਪਸ ਜਾ ਰਹੇ ਹਨ।
ਕੋਰੋਨਾ ਵਾਇਰਸ ਵਿਰੁੱਧ ਜੰਗ ਲਈ ਹਰਿਆਣਾ ਸਰਕਾਰ ਨੇ ਲਿਆ ਅਹਿਮ ਫੈਸਲਾ
NEXT STORY