ਨਵੀਂ ਦਿੱਲੀ/ਕਾਬੁਲ— ਦੁਨੀਆ ਭਰ ਦੇ ਤਮਾਮ ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਜਿਹੀ ਮਹਾਮਾਰੀ ਨਾਲ ਜੂਝ ਰਹੇ ਹਨ। ਭਾਰਤ ਵੀ ਇਸ ਵਾਇਰਸ ਵਿਰੁੱਧ ਲੜਾਈ ਲੜ ਰਿਹਾ ਹੈ। ਕੋਰੋਨਾ ਵਾਇਰਸ ਦੇ ਕਹਿਰ ਦਰਮਿਆਨ ਸੋਮਵਾਰ ਭਾਵ ਅੱਜ ਅਫਗਾਨਿਸਤਾਨ ਦੇ ਕਾਬੁਲ ਤੋਂ ਫਲਾਈਟ ਜ਼ਰੀਏ 35 ਭਾਰਤੀਆਂ ਦਾ ਇਕ ਜੱਥਾ ਭਾਰਤ ਪੁੱਜਾ ਹੈ। ਸੋਮਵਾਰ ਭਾਵ ਅੱਜ ਦੁਪਹਿਰ 2.40 ਵਜੇ 35 ਭਾਰਤੀ ਦਿੱਲੀ ਹਵਾਈ ਅੱਡੇ 'ਤੇ ਪੁੱਜੇ। ਇਨ੍ਹਾਂ ਭਾਰਤੀਆਂ ਨੂੰ ਦਿੱਲੀ ਸਥਿਤਾ ਛਾਵਲਾ ਭਾਰਤੀ-ਤਿੱਬਤ ਬਾਰਡਰ ਪੁਲਸ (ਆਈ. ਟੀ. ਬੀ. ਪੀ.) ਦੇ ਕੈਂਪ 'ਚ ਰੱਖਿਆ ਗਿਆ ਹੈ। ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦਿਆਂ ਇਨ੍ਹਾਂ ਭਾਰਤੀਆਂ ਨੂੰ ਕੈਂਪ ਅੰਦਰ 14 ਦਿਨਾਂ ਲਈ ਕੁਆਰੰਟਾਈਨ ਕੀਤਾ ਜਾਵੇਗਾ।
ਅਧਿਕਾਰੀਆਂ ਮੁਤਾਬਕ 'ਕਾਮ ਏਅਰ ਫਲਾਈਟ' ਕਾਬੁਲ ਤੋਂ ਦੁਪਹਿਰ ਦੇ ਸਮੇਂ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ 'ਤੇ ਉਤਰੀ। ਇਸ ਫਲਾਈਟ 'ਚ 35 ਭਾਰਤੀ ਯਾਤਰੀਆਂ ਦਾ ਜੱਥਾਂ ਸਵਾਰ ਸੀ, ਜਿਨ੍ਹਾਂ ਦਾ ਆਈ. ਟੀ. ਬੀ. ਪੀ. ਅਧਿਕਾਰੀਆਂ ਵਲੋਂ ਤਾਪਮਾਨ ਗੰਨ ਨਾਲ ਸਕ੍ਰੀਨਿੰਗ ਕੀਤੀ ਗਈ। ਜਿਸ ਤੋਂ ਬਾਅਦ ਇਨ੍ਹਾਂ ਭਾਰਤੀਆਂ ਨੂੰ ਦੱਖਣੀ-ਪੱਛਮੀ ਦਿੱਲੀ ਸਥਿਤ ਛਾਵਲਾ ਕੈਂਪ 'ਚ ਕੁਆਰੰਟਾਈਨ ਕੀਤਾ ਜਾਵੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ 481 ਭਾਰਤੀ ਇਟਲੀ ਦੇ ਸ਼ਹਿਰ ਰੋਮ ਤੋਂ ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਲਿਆਂਦੇ ਗਏ ਸਨ। ਇਹ ਸਾਰੇ ਵੀ ਇਸੇ ਕੈਂਪ 'ਚ ਰਹਿ ਰਹੇ ਹਨ। ਇਟਲੀ ਵਾਇਰਸ ਦੀ ਸਭ ਤੋਂ ਜ਼ਿਆਦਾ ਮਾਰ ਝੱਲ ਰਿਹਾ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਹਾਲ ਹੀ 'ਚ ਕਾਬੁਲ ਸਥਿਤ ਗੁਰਦੁਆਰਾ ਸਾਹਿਬ 'ਚ ਇਕ ਅੱਤਵਾਦੀ ਹਮਲਾ ਹੋਇਆ ਹੈ, ਜਿਸ 'ਚ 25 ਸਿੱਖ ਮਾਰੇ ਗਏ ਹਨ। ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਲਈ ਸੀ।
ਲਾਕ ਡਾਊਨ ਦਾ ਪਾਲਣ ਨਾ ਹੋਇਆ ਤਾਂ ਅਸੀਂ ਫੇਲ ਹੋ ਜਾਵਾਂਗੇ : ਸਿਹਤ ਮੰਤਰਾਲਾ
NEXT STORY