ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਪੁਣੇ 'ਚ ਇਕ ਔਰਤ ਦੀ ਸਨਸਨੀਖੇਜ਼ ਹੱਤਿਆ ਦੇ ਮਾਮਲੇ 'ਚ ਪੁਲਸ ਨੇ ਇਕ ਜੋੜੇ ਨੂੰ ਗ੍ਰਿਫਤਾਰ ਕੀਤਾ ਹੈ। ਇਸ ਹਫ਼ਤੇ ਦੇ ਸ਼ੁਰੂ ਵਿੱਚ, ਪੁਣੇ ਸ਼ਹਿਰ ਵਿੱਚ ਇੱਕ ਨਦੀ ਦੇ ਕੰਢੇ ਇੱਕ ਔਰਤ ਦੀ ਸਿਰ ਵੱਢੀ ਹੋਈ ਲਾਸ਼ ਮਿਲੀ ਸੀ। ਇਸ ਮਾਮਲੇ 'ਚ ਜਦੋਂ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਤਾਂ ਕਈ ਹੈਰਾਨ ਕਰਨ ਵਾਲੇ ਖੁਲਾਸੇ ਸਾਹਮਣੇ ਆਏ। ਔਰਤ ਦੀ ਪਛਾਣ ਸਕੀਨਾ ਖਾਨ (48) ਵਜੋਂ ਹੋਈ ਹੈ।
ਸੰਯੁਕਤ ਪੁਲਸ ਕਮਿਸ਼ਨਰ ਰੰਜਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੁਣੇ ਸਿਟੀ ਪੁਲਸ ਨੇ ਮੁਥਾ ਨਦੀ ਦੇ ਕਿਨਾਰੇ ਤੋਂ ਇੱਕ ਔਰਤ ਦਾ ਧੜ ਬਰਾਮਦ ਕੀਤਾ ਹੈ। ਲਾਸ਼ 'ਤੇ ਕੋਈ ਕੱਪੜਾ ਨਹੀਂ ਸੀ ਅਤੇ ਦੋਸ਼ੀਆਂ ਨੇ ਸਬੂਤ ਨਸ਼ਟ ਕਰਨ ਲਈ ਇਸ ਨੂੰ ਨਦੀ 'ਚ ਸੁੱਟਣ ਤੋਂ ਪਹਿਲਾਂ ਉਸ ਦੇ ਟੁਕੜੇ ਕਰ ਦਿੱਤੇ ਸਨ। ਜਾਂਚ 'ਚ ਸਾਹਮਣੇ ਆਇਆ ਕਿ ਪੀੜਤ ਸਕੀਨਾ ਦਾ ਆਪਣੇ ਭਰਾ ਨਾਲ ਸ਼ਿਵਾਜੀ ਨਗਰ ਇਲਾਕੇ ਦੀ ਝੁੱਗੀ 'ਚ ਝਗੜਾ ਹੋਇਆ ਸੀ।
ਦੋਵੇਂ ਇੱਕ ਕਮਰੇ ਦੇ ਮਾਲਕੀ ਹੱਕ ਨੂੰ ਲੈ ਕੇ ਲੜ ਰਹੇ ਸਨ। ਇਸ ਦੌਰਾਨ ਸਕੀਨਾ ਅਚਾਨਕ ਲਾਪਤਾ ਹੋ ਗਈ। ਸੂਚਨਾ ਮਿਲਣ 'ਤੇ ਪੁਲਸ ਨੇ ਉਸ ਦੇ ਭਰਾ ਅਸ਼ਫਾਕ ਅਤੇ ਭਰਜਾਈ ਹਮੀਦਾ ਨੂੰ ਹਿਰਾਸਤ 'ਚ ਲੈ ਲਿਆ। ਜਦੋਂ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਸਾਰਾ ਮਾਮਲਾ ਸਾਹਮਣੇ ਆਇਆ। ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਪੀੜਤਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਸਬੂਤ ਮਿਟਾਉਣ ਲਈ ਲਾਸ਼ ਦੇ ਟੁਕੜੇ ਕਰ ਦਿੱਤੇ ਗਏ।
ਪੁਲਸ ਨੇ ਮੁਲਜ਼ਮ ਜੋੜੇ ਖ਼ਿਲਾਫ਼ ਕੇਸ ਦਰਜ ਕਰ ਲਿਆ। ਇਸ ਮਾਮਲੇ ਸਬੰਧੀ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਔਰਤ ਦੀ ਲਾਸ਼ ਮਿਲਣ ਦੀ ਪਹਿਲੀ ਸੂਚਨਾ 26 ਅਗਸਤ ਨੂੰ ਸਵੇਰੇ 11 ਵਜੇ ਮਿਲੀ ਸੀ। ਉਸ ਦੀ ਲਾਸ਼ ਨੂੰ ਦੇਖ ਕੇ ਸਾਫ਼ ਹੁੰਦਾ ਸੀ ਕਿ ਉਸ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ।
ਦੱਸ ਦੇਈਏ ਕਿ ਪਿਛਲੇ ਮਹੀਨੇ ਪੁਣੇ ਤੋਂ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਇੱਕ ਨੌਜਵਾਨ ਨੂੰ ਪੱਥਰ ਨਾਲ ਕੁਚਲ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਵੀਡੀਓ ਦੀ ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਇੱਕ ਪ੍ਰੇਮਿਕਾ ਆਪਣੇ ਦੋਸਤ ਨਾਲ ਮਿਲ ਕੇ ਆਪਣੇ ਬੁਆਏਫ੍ਰੈਂਡ ਦਾ ਕਤਲ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਇਹ ਘਟਨਾ ਪੁਣੇ ਪਿੰਪਰੀ-ਚਿੰਚਵਾੜ ਸ਼ਹਿਰ ਦੇ ਚਿਖਲੀ ਕੁਦਲਵਾੜੀ ਇਲਾਕੇ ਦੀ ਸੀ।
ਪੀੜਤ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਪੀੜਤ ਨੌਜਵਾਨ ਦੀ ਪਛਾਣ ਅਬਦੁਲ ਕਲਾਮ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰੇਮੀ ਪਹਿਲਾਂ ਤੋਂ ਹੀ ਸ਼ਾਦੀਸ਼ੁਦਾ ਹੈ ਅਤੇ ਇਕੱਠੇ ਰਹਿਣ ਨੂੰ ਲੈ ਕੇ ਦੋਹਾਂ ਵਿਚਾਲੇ ਝਗੜਾ ਚੱਲ ਰਿਹਾ ਸੀ। ਇਸ ਤੋਂ ਬਾਅਦ ਪ੍ਰੇਮਿਕਾ ਨੇ ਆਪਣੇ ਦੋਸਤ ਨਾਲ ਮਿਲ ਕੇ ਉਸ ਨੂੰ ਪੱਥਰ ਨਾਲ ਕੁਚਲ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਕਿਸਮਤ ਨਾਲ ਉਹ ਬਚ ਗਿਆ।
ਮੱਝਾਂ ਚੋਰ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ
NEXT STORY