ਨਵੀਂ ਦਿੱਲੀ— ਦੇਸ਼ ਵਿਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਇਸ ਵਾਰ ਸੰਸਦ ਦਾ ਸਰਦ ਰੁੱਤ ਇਜਲਾਸ ਨਹੀਂ ਬੁਲਾਇਆ ਜਾਵੇਗਾ। ਸਰਕਾਰ ਨੇ ਮੰਗਲਵਾਰ ਯਾਨੀ ਕਿ ਅੱਜ ਕਿਹਾ ਕਿ ਕੋਰੋਨਾ ਲਾਗ ਕਾਰਨ ਇਸ ਵਾਰ ਸੰਸਦ ਦੇ ਸਰਦ ਰੁੱਤ ਇਜਲਾਸ ਦਾ ਆਯੋਜਨ ਨਹੀਂ ਕੀਤਾ ਜਾਵੇਗਾ। ਇਸ ਬਾਬਤ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੂੰ ਚਿੱਠੀ ਲਿਖ ਕੇ ਦੱਸਿਆ ਕਿ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨਾਲ ਚਰਚਾ ਤੋਂ ਬਾਅਦ ਆਮ ਰਾਏ ਬਣੀ ਹੈ ਕਿ ਕੋਰੋਨਾ ਲਾਗ ਕਾਰਨ ਇਜਲਾਸ ਨਹੀਂ ਬੁਲਾਇਆ ਜਾਣਾ ਚਾਹੀਦਾ। ਪ੍ਰਹਿਲਾਦ ਨੇ ਚਿੱਠੀ 'ਚ ਕਿਹਾ ਕਿ ਸਰਦੀਆਂ ਦਾ ਮਹੀਨਾ ਕੋਵਿਡ-19 ਦੇ ਪ੍ਰਬੰਧਨ ਦੇ ਲਿਹਾਜ਼ ਨਾਲ ਬੇਹੱਦ ਅਹਿਮ ਹੈ, ਕਿਉਂਕਿ ਇਸ ਦੌਰਾਨ ਕੋਰੋਨਾ ਦੇ ਮਾਮਲਿਆਂ 'ਚ ਵਾਧਾ ਦਰਜ ਕੀਤਾ ਗਿਆ ਹੈ, ਖਾਸ ਕਰ ਕੇ ਦਿੱਲੀ ਵਿਚ।
ਦਰਅਸਲ ਕਾਂਗਰਸ ਨੇ ਕਿਸਾਨਾਂ ਦੇ ਮੁੱਦਿਆਂ 'ਤੇ ਚਰਚਾ ਲਈ ਇਜਲਾਸ ਬੁਲਾਉਣ ਦੀ ਮੰਗ ਕੀਤੀ ਸੀ, ਜਿਸ ਦੇ ਜਵਾਬ ਵਿਚ ਸਰਕਾਰ ਨੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਦੇਸ਼ 'ਚ ਕੋਰੋਨਾ ਦੇ ਕੇਸ ਵਧ ਰਹੇ ਹਨ, ਅਜਿਹੇ ਵਿਚ ਸਰਦ ਰੁੱਤ ਇਜਲਾਸ ਨਹੀਂ ਹੋਵੇਗਾ। ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਹੈ ਕਿ ਸਾਰੇ ਪੱਖ ਇਜਲਾਸ ਨੂੰ ਰੋਕਣ 'ਤੇ ਸਹਿਮਤ ਹਨ। ਅਜਿਹੇ ਵਿਚ ਜਨਵਰੀ 2021 ਵਿਚ ਸਿੱਧੇ ਬਜਟ ਸੈਸ਼ਨ ਬੁਲਾਇਆ ਜਾਵੇਗਾ।
ਦੱਸਣਯੋਗ ਹੈ ਕਿ ਕੋਵਿਡ-19 ਦੇ 22,065 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ 'ਚ ਇਨਫੈਕਸ਼ਨ ਦੇ ਕੁੱਲ ਮਾਮਲੇ 99,06,165 ਹੋ ਗਏ। ਉੱਥੇ ਹੀ 354 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1,43,709 ਹੋ ਗਈ। ਅੰਕੜਿਆਂ ਅਨੁਸਾਰ 94,22,636 ਲੋਕਾਂ ਦੇ ਸਿਹਤਯਾਬ ਹੋਣ ਨਾਲ ਦੇਸ਼ 'ਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵੱਧ ਕੇ 95.12 ਫੀਸਦੀ ਹੋ ਗਈ। ਉੱਥੇ ਹੀ ਕੋਵਿਡ-19 ਨਾਲ ਮੌਤ ਦਰ 1.45 ਫੀਸਦੀ ਹੈ।
ਨੋਟ: ਕੀ ਸਰਦ ਰੁੱਤ ਇਜਲਾਸ ਨਾ ਬੁਲਾਉਣਾ ਸਰਕਾਰ ਦਾ ਸਹੀ ਫ਼ੈਸਲਾ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਜਲ ਸੈਨਾ ਦੇ ਵਾਈਸ ਐਡਮਿਰਲ ਸ਼੍ਰੀਕਾਂਤ ਦਾ ਕੋਰੋਨਾ ਨਾਲ ਦਿਹਾਂਤ
NEXT STORY