ਮੁੰਬਈ (ਭਾਸ਼ਾ) : ਸਾਈਬਰ ਅਪਰਾਧੀਆਂ ਨੇ ਮੁੰਬਈ ਵਿੱਚ ਇੱਕ 60 ਸਾਲਾ ਕਾਰੋਬਾਰੀ ਨੂੰ ਧੋਖਾ ਦੇਣ ਦਾ ਇੱਕ ਨਵਾਂ ਅਤੇ ਹੈਰਾਨ ਕਰਨ ਵਾਲਾ ਤਰੀਕਾ ਅਪਣਾਇਆ ਹੈ। ਦੱਖਣੀ ਮੁੰਬਈ ਦੇ ਇਸ ਕਾਰੋਬਾਰੀ ਨੂੰ ਸਾਈਬਰ ਠੱਗਾਂ ਨੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦਾ ਸੀਨੀਅਰ ਅਧਿਕਾਰੀ ਹੋਣ ਦਾ ਝੂਠਾ ਦਾਅਵਾ ਕਰਦਿਆਂ, ਪੂਰੀ ਰਾਤ ‘ਡਿਜੀਟਲ ਅਰੈਸਟ' ਵਿੱਚ ਰੱਖਿਆ ਅਤੇ ਉਸ ਕੋਲੋਂ ਕਥਿਤ ਤੌਰ 'ਤੇ 53 ਲੱਖ ਰੁਪਏ ਠੱਗ ਲਏ।
ਕਿਵੇਂ ਹੋਇਆ ਡਿਜੀਟਲ ਅਰੈਸਟ?
ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ 2 ਨਵੰਬਰ ਨੂੰ ਅਗਰੀਪਾੜਾ ਦੇ ਇਸ ਕਾਰੋਬਾਰੀ ਨੂੰ ਇੱਕ ਵਿਅਕਤੀ ਨੇ ਫੋਨ ਕੀਤਾ, ਜਿਸ ਨੇ ਖੁਦ ਨੂੰ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (TRAI) ਦਾ ਅਧਿਕਾਰੀ ਰਾਜੀਵ ਸਿਨਹਾ ਦੱਸਿਆ। ਉਸ ਨੇ ਕਾਰੋਬਾਰੀ ਨੂੰ ਦੋ ਘੰਟਿਆਂ ਦੇ ਅੰਦਰ ਦਿੱਲੀ ਪੁਲਸ ਅੱਗੇ ਪੇਸ਼ ਹੋਣ ਲਈ ਕਿਹਾ, ਕਿਉਂਕਿ ਉਸਦੇ ਨਾਮ 'ਤੇ ਰਜਿਸਟਰਡ ਇੱਕ ਸਿਮ ਕਾਰਡ ਦੀ ਵਰਤੋਂ ਧੋਖਾਧੜੀ ਦੀਆਂ ਗਤੀਵਿਧੀਆਂ ਵਿੱਚ ਕੀਤੀ ਗਈ ਸੀ।
ਜਦੋਂ ਕਾਰੋਬਾਰੀ ਨੇ ਦਿੱਲੀ ਪਹੁੰਚਣ ਵਿੱਚ ਅਸਮਰੱਥਾ ਪ੍ਰਗਟਾਈ ਤਾਂ ਫੋਨ ਕਰਨ ਵਾਲੇ ਨੇ ਧਮਕੀ ਦਿੱਤੀ ਕਿ ਦਿੱਲੀ ਵਿੱਚ ਉਸਦੇ ਵਿਰੁੱਧ ਅਪਰਾਧ ਦਰਜ ਹੈ ਅਤੇ ਪੁਲਸ ਉਸਨੂੰ ਫੋਨ ਕਰੇਗੀ। ਫਿਰ ਕਾਰੋਬਾਰੀ ਨੂੰ ਇੱਕ ਵਿਅਕਤੀ ਨੇ ਵੀਡੀਓ ਕਾਲ ਕੀਤੀ, ਜਿਸ ਨੇ ਖੁਦ ਨੂੰ ਦਿੱਲੀ ਪੁਲਸ ਦਾ ਅਧਿਕਾਰੀ ਵਿਜੇ ਖੰਨਾ ਦੱਸਿਆ। ਉਸਨੇ ਦੋਹਰਾਇਆ ਕਿ ਉਸਦਾ ਨਾਮ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ ਆਇਆ ਹੈ। ਠੱਗਾਂ ਨੇ ਦਾਅਵਾ ਕੀਤਾ ਕਿ ਉਸਦੇ ਆਧਾਰ ਕਾਰਡ ਦੀ ਵਰਤੋਂ ਦਿੱਲੀ ਦੇ ਦਰਿਆਗੰਜ ਸਥਿਤ ਇੱਕ ਰਾਸ਼ਟਰੀਕ੍ਰਿਤ ਬੈਂਕ ਵਿੱਚ ਖਾਤਾ ਖੋਲ੍ਹਣ ਲਈ ਕੀਤੀ ਗਈ ਸੀ।
ਰਾਤ ਭਰ ਚੱਲੀ ਪੁੱਛਗਿੱਛ
ਅਧਿਕਾਰੀ ਮੁਤਾਬਕ ਠੱਗਾਂ ਨੇ ਕਾਰੋਬਾਰੀ ਨੂੰ ਘੰਟਿਆਂ ਬੱਧੀ ਭੁਲੇਖੇ ਵਿੱਚ ਰੱਖਿਆ। ਕਾਲ 'ਤੇ ਕਈ ਵਿਅਕਤੀ ਆਏ ਜਿਨ੍ਹਾਂ ਨੇ ਆਪਣੇ ਆਪ ਨੂੰ ਸੀਨੀਅਰ ਅਧਿਕਾਰੀ ਦੱਸਿਆ ਅਤੇ ਉਸ ਨੂੰ 'ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ', 'ਨਿਰੀਖਣ ਵਿਭਾਗ' ਅਤੇ 'ਪ੍ਰਵਰਤਨ ਨਿਰਦੇਸ਼ਕ' ਦੇ ਲੈਟਰਹੈੱਡਾਂ 'ਤੇ ਜਾਰੀ ਫਰਜ਼ੀ ਨੋਟਿਸ ਵੀ ਦਿਖਾਏ।
ਉਨ੍ਹਾਂ ਨੇ ਰਾਤ ਭਰ ਕਾਰੋਬਾਰੀ ਤੋਂ ਪੁੱਛਗਿੱਛ ਕੀਤੀ ਅਤੇ ਉਸਦੀ ਚੱਲ-ਅਚੱਲ ਜਾਇਦਾਦ ਦਾ ਪੂਰਾ ਵੇਰਵਾ ਲੈ ਲਿਆ। ਕਾਰੋਬਾਰੀ ਨੂੰ ਇਹ ਕਹਿ ਕੇ ਪੂਰੀ ਰਾਤ ਵੀਡੀਓ ਕਾਲ 'ਤੇ ਰਹਿਣ ਲਈ ਮਜਬੂਰ ਕੀਤਾ ਗਿਆ ਕਿ ਅਗਲੇ ਦਿਨ ਅਦਾਲਤ ਵਿੱਚ ਉਸਦੀ ਆਨਲਾਈਨ ਜ਼ਮਾਨਤ 'ਤੇ ਸੁਣਵਾਈ ਹੋਣੀ ਹੈ।
ਫਰਜ਼ੀ ਅਦਾਲਤੀ ਹੁਕਮ ਅਤੇ 53 ਲੱਖ ਦੀ ਠੱਗੀ
ਅਗਲੇ ਦਿਨ ਦੀ ‘ਆਨਲਾਈਨ ਸੁਣਵਾਈ’ ਦੌਰਾਨ, "ਅਦਾਲਤ" ਨੇ ਕਥਿਤ ਤੌਰ 'ਤੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਹੁਕਮ ਦਿੱਤਾ ਕਿ ਉਸਦੇ ਸਾਰੇ ਬੈਂਕ ਖਾਤੇ 'ਫ੍ਰੀਜ਼' ਕਰ ਦਿੱਤੇ ਜਾਣ ਅਤੇ ਪੈਸਾ ਰਾਸ਼ਟਰੀਕ੍ਰਿਤ ਬੈਂਕਾਂ ਵਿੱਚ ਤਬਦੀਲ ਕਰ ਦਿੱਤਾ ਜਾਵੇ। ਠੱਗਾਂ ਵਿੱਚੋਂ ਇੱਕ ਨੇ ਕਾਰੋਬਾਰੀ ਨੂੰ ਸੁਪਰੀਮ ਕੋਰਟ ਦੇ ਨਾਮ 'ਤੇ ਇੱਕ ਫਰਜ਼ੀ ਨੋਟਿਸ ਅਤੇ ਇੱਕ ਬੈਂਕ ਖਾਤੇ ਦਾ ਵੇਰਵਾ ਭੇਜਿਆ, ਜਿਸ ਵਿੱਚ ਪੀੜਤ ਨੂੰ 53 ਲੱਖ ਰੁਪਏ ਜਮ੍ਹਾਂ ਕਰਵਾਉਣ ਲਈ ਮਜਬੂਰ ਕੀਤਾ ਗਿਆ।
ਜਦੋਂ ਥੋੜ੍ਹੀ ਦੇਰ ਬਾਅਦ ਫੋਨ ਕਰਨ ਵਾਲੇ ਨੇ ਹੋਰ ਪੈਸੇ ਦੀ ਮੰਗ ਕੀਤੀ ਤਾਂ ਕਾਰੋਬਾਰੀ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਧੋਖਾ ਹੋ ਰਿਹਾ ਹੈ। ਉਸ ਨੇ ਪਖਾਨੇ ਜਾਣ ਦਾ ਬਹਾਨਾ ਬਣਾ ਕੇ ਪੁਲਸ ਹੈਲਪਲਾਈਨ 1930 'ਤੇ ਕਾਲ ਕਰਕੇ 'ਡਿਜੀਟਲ ਅਰੈਸਟ' ਬਾਰੇ ਸੂਚਿਤ ਕੀਤਾ।
ਪੁਲਸ ਅਨੁਸਾਰ, 'ਡਿਜੀਟਲ ਅਰੈਸਟ' ਸਾਈਬਰ ਅਪਰਾਧ ਦਾ ਇੱਕ ਵਧਦਾ ਹੋਇਆ ਰੂਪ ਹੈ, ਜਿਸ ਵਿੱਚ ਠੱਗ ਆਡੀਓ/ਵੀਡੀਓ ਕਾਲਾਂ ਰਾਹੀਂ ਭੋਲੇ-ਭਾਲੇ ਲੋਕਾਂ ਨੂੰ ਡਰਾਉਂਦੇ ਹਨ ਅਤੇ ਉਨ੍ਹਾਂ ਨੂੰ ਬੰਧਕ ਬਣਾ ਕੇ ਪੈਸੇ ਦੇਣ ਲਈ ਦਬਾਅ ਪਾਉਂਦੇ ਹਨ।
Paytm ਨੇ ਲਾਂਚ ਕੀਤਾ ਨਵਾਂ ਐਪ, ਹਰ ਪੇਮੈਂਟ 'ਤੇ ਮਿਲੇਗਾ 'Gold Coin'
NEXT STORY