ਨਵੀਂ ਦਿੱਲੀ-ਚੱਕਰਵਾਤ ਤੂਫਾਨ 'ਅਮਫਾਨ' ਓਡੀਸ਼ਾ ਤੱਟ ਦੇ ਨੇੜੇ ਪਹੁੰਚਣ ਦੇ ਨਾਲ ਹੀ ਸੂਬੇ ਦੇ ਕਈ ਹਿੱਸਿਆ 'ਚ ਬਾਰਿਸ਼ ਹੋਈ ਹੈ। ਅੱਜ ਭਾਵ ਬੁੱਧਵਾਰ ਸਵੇਰਸਾਰ ਓਡੀਸ਼ਾ ਅਤੇ ਨੇੜੇ ਦੇ ਇਲਾਕਿਆਂ 'ਚ ਹਵਾ ਲਗਭਗ 85 ਕਿਲੋਮੀਟਰ ਦੀ ਰਫਤਾਰ ਨਾਲ ਚੱਲ ਰਹੀ ਹੈ। ਚੱਕਰਵਾਤ ਅਮਫਾਨ ਦੇ ਅੱਜ ਦੁਪਹਿਰ ਜਾਂ ਸ਼ਾਮ ਨੂੰ ਪੱਛਮੀ ਬੰਗਾਲ-ਬੰਗਲਾਦੇਸ਼ ਤੱਟਾਂ ਦੇ ਵਿਚਾਲੇ ਦੀਘਾ ਅਤੇ ਹਤੀਆ ਦੀਪ ਦੇ ਵਿਚਾਲੇ ਲੰਘਣ ਦੀ ਸੰਭਾਵਨਾ ਹੈ ਅਤੇ ਤੂਫਾਨ ਦੀ ਗਤੀ ਲਗਾਤਾਰ 155 ਤੋਂ 165 ਕਿਲੋਮੀਟਰ ਪ੍ਰਤੀ ਘੰਟਾ ਬਣੀ ਰਹੇਗੀ, ਜੋ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੱਕ ਵੀ ਪਹੁੰਚ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਚੱਕਰਵਾਤ ਦੀ ਰਫਤਾਰ ਕਾਫੀ ਤੇਜ਼ ਹੈ ਅਤੇ ਇਹ ਆਪਣੇ ਕੇਂਦਰ 'ਚ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਅੱਗੇ ਵੱਧ ਰਿਹਾ ਹੈ। ਅਮਫਾਨ ਓਡੀਸ਼ਾ ਸਮੇਤ ਤੱਟ ਨਾਲ ਲੱਗਦੇ 8 ਸੂਬਿਆਂ 'ਚ ਤਬਾਹੀ ਮਚਾ ਸਕਦਾ ਹੈ, ਜਿਸ ਦੇ ਕਾਰਨ ਬੰਗਾਲ, ਓਡੀਸ਼ਾ, ਆਂਧਰਾ ਪ੍ਰਦੇਸ਼, ਕੇਰਲ, ਤਾਮਿਲਨਾਡੂ 'ਚ ਪਹਿਲਾਂ ਤੋਂ ਹੀ ਅਲਰਟ ਜਾਰੀ ਕੀਤਾ ਗਿਆ ਹੈ।
ਓਡੀਸ਼ਾ ਅਤੇ ਪੱਛਮੀ ਬੰਗਾਲ 'ਚ ਐੱਨ.ਡੀ.ਆਰ.ਐੱਫ ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਇਸ ਤੂਫਾਨ 'ਤੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਦੇ ਡੋਪਲਰ ਵੈਦਰ ਰਡਾਰ ਦੇ ਮਾਧਿਅਮ ਰਾਹੀਂ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਭਾਰਤ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ) ਦੇ ਡਾਇਰੈਕਟਰ ਜਨਰਲ ਮ੍ਰਤੂਯੰਜਯ ਮਹਾਪਾਤਰਾ ਨੇ ਕਿਹਾ ਹੈ ਕਿ ਭਿਆਨਕ ਤੂਫਾਨ ਹੌਲੀ-ਹੌਲੀ ਕਮਜ਼ੋਰ ਪੈ ਰਿਹਾ ਹੈ। ਇਸ ਲਈ ਓਡੀਸ਼ਾ 'ਤੇ ਇਸ ਦਾ ਬਹੁਤ ਜਿਆਦਾ ਅਸਰ ਸ਼ਾਇਦ ਨਾ ਹੋਵੇ।
ਚੀਫ ਬਚਾਅ ਕਮਿਸ਼ਨਰ ਪੀ.ਕੇ.ਜੇਨਾ ਨੇ ਦੱਸਿਆ ਹੈ ਕਿ ਸੂਬਾ ਸਰਕਾਰ ਨੇ ਸਾਵਧਾਨੀ ਵਜੋਂ 11 ਲੱਖ ਲੋਕਾਂ ਨੂੰ ਉੱਥੋ ਸੁਰੱਖਿਅਤ ਸਥਾਨਾਂ 'ਤੇ ਪਹੁੰਚਾ ਦਿੱਤਾ ਹੈ। ਸਾਰੇ ਮਛੇਰੇ ਆਪਣੀਆਂ ਕਿਸ਼ਤੀਆਂ ਅਤੇ ਹੋਰ ਚੀਜ਼ਾਂ ਨੂੰ ਲੈ ਕੇ ਪਹਿਲਾਂ ਹੀ ਸਮੁੰਦਰ ਤੋਂ ਵਾਪਸ ਆ ਗਏ ਹਨ ਅਤੇ ਉਨ੍ਹਾਂ 21 ਮਈ ਤੱਕ ਸਮੁੰਦਰ 'ਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਆਸਾਮ ਸਰਕਾਰ ਨੇ ਚੱਕਰਵਾਤ ਅਮਫਾਨ ਨੂੰ ਲੈ ਕੇ ਹਾਈ ਅਲਰਟ ਜਾਰੀ ਕੀਤਾ ਹੈ ਅਤੇ ਸੂਬਾ ਆਫਤ ਪ੍ਰਬੰਧਨ ਅਥਾਰਟੀ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸਥਿਤੀ ਨਾਲ ਨਿਪਟਣ ਲਈ ਕੰਟਰੋਲ ਰੂਮ ਬਣਾਏ ਗਏ ਹਨ। ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਅੱਜ ਦੇ ਬੁਲੇਟਿਨ ਮੁਤਾਬਕ ਆਸਾਮ ਦੇ ਪੱਛਮੀ ਜ਼ਿਲਿਆਂ 'ਚ ਵੀਰਵਾਰ ਨੂੰ ਭਾਰੀ ਬਾਰਿਸ਼ ਹੋਵੇਗੀ।
ਦਿੱਲੀ : ਰੋਹਿਣੀ ਜੇਲ ਦਾ ਅਸਿਸਟੈਂਟ ਸੁਪਰਡੈਂਟ ਨਿਕਲਿਆ ਕੋਰੋਨਾ ਪਾਜ਼ੇਟਿਵ
NEXT STORY