ਨਵੀਂ ਦਿੱਲੀ/ਬੈਂਗਲੁਰੂ - ਭਾਰਤ ਵਿਚ ਆਬਾਦੀ ਵਾਧੇ ਦੀ ਰਫ਼ਤਾਰ ਲਗਾਤਾਰ ਹੌਲੀ ਹੋ ਰਹੀ ਹੈ। ਭਾਰਤ ਦੇ ਰਜਿਸਟ੍ਰਾਰ ਜਨਰਲ ਅਤੇ ਮਰਦਮਸ਼ੁਮਾਰੀ ਕਮਿਸ਼ਨਰ ਦੇ ਦਫ਼ਤਰ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਸੈਂਪਲ ਰਜਿਸਟ੍ਰੇਸ਼ਨ ਸਿਸਟਮ (ਐੱਸ.ਆਰ.ਐੱਸ.) ਦੀ ਰਿਪੋਰਟ ਮੁਤਾਬਕ, ਦੇਸ਼ ਦੀ ਕੁੱਲ ਪ੍ਰਜਨਣ ਦਰ (ਟੀ.ਐੱਫ.ਆਰ.) ਘਟ ਕੇ 1.9 ਬੱਚੇ ਪ੍ਰਤੀ ਔਰਤ ਰਹਿ ਗਈ ਹੈ। ਇਹ ਉਸ 2.1 ਦੇ ਬਦਲਵੇਂ ਪੱਧਰ ਤੋਂ ਹੇਠਾਂ ਹੈ, ਜਿਸ ਨੂੰ ਕਿਸੇ ਆਬਾਦੀ ਨੂੰ ਸਥਿਰ ਬਣਾਈ ਰੱਖਣ ਲਈ ਜ਼ਰੂਰੀ ਮੰਨਿਆ ਜਾਂਦਾ ਹੈ। ਮਾਹਰਾਂ ਅਨੁਸਾਰ ਸਾਲ 2000 ਦੇ ਦਹਾਕੇ ਵਿਚ ਭਾਰਤ ਦੀ ਪ੍ਰਜਨਣ ਦਰ ਲੱਗਭਗ 3.3 ਸੀ, ਜੋ ਹੁਣ ਤੇਜ਼ੀ ਨਾਲ ਘਟ ਕੇ ਨਵੇਂ ਪੱਧਰ ’ਤੇ ਪਹੁੰਚ ਗਈ ਹੈ। ਅਲਜਜ਼ੀਰਾ ਦੀ ਇਕ ਰਿਪੋਰਟ ਮੁਤਾਬਕ ਬਦਲਦੀ ਸਮਾਜਿਕ ਸੋਚ ਅਤੇ ਆਰਥਿਕ ਆਜ਼ਾਦੀ ਕਾਰਨ ਅੱਜ ਦੀ ਨੌਜਵਾਨ ਪੀੜ੍ਹੀ ਵਿਆਹ ਅਤੇ ਬੱਚਿਆਂ ਨੂੰ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਨਹੀਂ ਮੰਨ ਰਹੀ ਹੈ, ਉਹ ਆਪਣੇ ਕਰੀਅਰ ਅਤੇ ਕਾਰੋਬਾਰ ਨੂੰ ਪਹਿਲ ਦਿੰਦੀ ਹੈ।
ਔਰਤਾਂ ਦੀ ਵੀ ਬਦਲ ਰਹੀ ਹੈ ਸੋਚ
ਰਿਪੋਰਟ ਮੁਤਾਬਕ ਅਜਿਹੇ ਕਈ ਨੌਜਵਾਨ ਜੋੜੇ ਹਨ ਜੋ ਮੰਨਦੇ ਹਨ ਕਿ ਸਮਾਜ ਵਿਚ ਵੱਡਾ ਯੋਗਦਾਨ ਪਾਉਣ, ਕਰੀਅਰ ਬਣਾਉਣ ਅਤੇ ਨਿੱਜੀ ਟੀਚਿਆਂ ਨੂੰ ਹਾਸਲ ਕਰਨ ਲਈ ਬੱਚਿਆਂ ਦੀ ਜ਼ਿੰਮੇਵਾਰੀ ਤੋਂ ਦੂਰ ਰਹਿਣਾ ਇਕ ਬਿਹਤਰ ਬਦਲ ਹੋ ਸਕਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਉੱਚ ਸਿੱਖਿਆ ਅਤੇ ਵਿਸ਼ਵੀਕਰਨ ਨੇ ਔਰਤਾਂ ਦੀ ਸੋਚ ਵਿਚ ਵੱਡੀ ਤਬਦੀਲੀ ਲਿਆਂਦੀ ਹੈ। ਪਹਿਲਾਂ ਜਿੱਥੇ ਵਿਆਹ ਅਤੇ ਮਾਂ ਬਣਨ ਨੂੰ ਔਰਤਾਂ ਦੇ ਜੀਵਨ ਦੀ ਆਖਰੀ ਪ੍ਰਾਪਤੀ ਮੰਨਿਆ ਜਾਂਦਾ ਸੀ, ਉੱਥੇ ਹੀ ਹੁਣ ਪੜ੍ਹੀਆਂ-ਲਿਖੀਆਂ ਅਤੇ ਆਰਥਿਕ ਤੌਰ ’ਤੇ ਆਤਮਨਿਰਭਰ ਔਰਤਾਂ ਆਪਣੇ ਜੀਵਨ ਨਾਲ ਜੁੜੇ ਫੈਸਲੇ ਖੁਦ ਲੈਣਾ ਚਾਹੁੰਦੀਆਂ ਹਨ। ਇਸਤਰੀ ਰੋਗ ਮਾਹਰਾਂ ਦਾ ਮੰਨਣਾ ਹੈ ਕਿ 30 ਤੋਂ 40 ਸਾਲ ਦੀ ਉਮਰ ਵਰਗ ਦੀਆਂ ਔਰਤਾਂ ਹੁਣ ਇਹ ਸਵਾਲ ਪੁੱਛ ਰਹੀਆਂ ਹਨ ਕਿ ਕੀ ਬੱਚਿਆਂ ਦਾ ਹੋਣਾ ਸੱਚਮੁੱਚ ਉਨ੍ਹਾਂ ਦੀ ਜ਼ਿੰਦਗੀ ਵਿਚ ਜ਼ਰੂਰੀ ਹੈ ਜਾਂ ਇਹ ਸਿਰਫ਼ ਸਮਾਜਿਕ ਦਬਾਅ ਦਾ ਨਤੀਜਾ ਹੈ।
ਕਰੀਅਰ ਅਤੇ ਮਾਂ ਬਣਨ ਦੇ ਵਿਚਾਲੇ ਸੰਤੁਲਨ ਦੀ ਚੁਣੌਤੀ
ਅੱਜ ਕਈ ਜੋੜੇ ਬੱਚਿਆਂ ਦੀ ਯੋਜਨਾ ਆਪਣੇ ਕਰੀਅਰ ਦੀ ਸਥਿਤੀ ਨੂੰ ਦੇਖਦੇ ਹੋਏ ਬਣਾ ਰਹੇ ਹਨ। ਕੁਝ ਲੋਕ ਕਰੀਅਰ ਸਥਾਪਿਤ ਹੋਣ ਤੋਂ ਬਾਅਦ ਦੇਰ ਨਾਲ ਮਾਤਾ-ਪਿਤਾ ਬਣਨ ਦਾ ਬਦਲ ਚੁਣ ਰਹੇ ਹਨ, ਜਦਕਿ ਕੁਝ ਲੋਕ ਘੱਟ ਉਮਰ ਵਿਚ ਬੱਚੇ ਪੈਦਾ ਕਰ ਕੇ ਬਾਅਦ ਵਿਚ ਪੇਸ਼ੇਵਰ ਜ਼ਿੰਦਗੀ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਮਾਹਰਾਂ ਅਨੁਸਾਰ ਕਰੀਅਰ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਵਿਚਕਾਰ ਸੰਤੁਲਨ ਬਣਾਉਣਾ ਆਧੁਨਿਕ ਜੋੜਿਆਂ ਲਈ ਇਕ ਵੱਡੀ ਚੁਣੌਤੀ ਬਣ ਗਿਆ ਹੈ।
ਐੱਗ ਫ੍ਰੀਜ਼ਿੰਗ ਦਾ ਵਧਦਾ ਰੁਝਾਨ
ਬਦਲਦੀ ਜੀਵਨ ਸ਼ੈਲੀ ਦੇ ਵਿਚਕਾਰ ਭਾਰਤ ਵਿਚ ਐੱਗ ਫ੍ਰੀਜ਼ਿੰਗ ਦਾ ਰੁਝਾਨ ਵੀ ਤੇਜ਼ੀ ਨਾਲ ਵਧ ਰਿਹਾ ਹੈ। ਦੇਸ਼ ਵਿਚ ਦੋ ਹਜ਼ਾਰ ਤੋਂ ਵੱਧ ਪ੍ਰਜਨਣ ਕੇਂਦਰ (ਫਰਟੀਲਿਟੀ ਸੈਂਟਰ) ਇਹ ਸਹੂਲਤ ਉਪਲੱਬਧ ਕਰਵਾ ਰਹੇ ਹਨ। ਇਸ ਤਕਨੀਕ ਦੀ ਮਦਦ ਨਾਲ ਔਰਤਾਂ ਮਾਂ ਬਣਨ ਨੂੰ ਕੁਝ ਸਾਲਾਂ ਲਈ ਟਾਲ ਸਕਦੀਆਂ ਹਨ ਅਤੇ ਆਪਣੇ ਕਰੀਅਰ ਜਾਂ ਹੋਰ ਟੀਚਿਆਂ ’ਤੇ ਧਿਆਨ ਦੇ ਸਕਦੀਆਂ ਹਨ। ਮਾਹਰਾਂ ਦਾ ਮੰਨਣਾ ਹੈ ਕਿ ਇਸ ਨਾਲ ਔਰਤਾਂ ਨੂੰ ਆਪਣੇ ਜੀਵਨ ਦੇ ਮਹੱਤਵਪੂਰਨ ਫੈਸਲੇ ਲੈਣ ਵਿਚ ਵਧੇਰੇ ਆਜ਼ਾਦੀ ਮਿਲੀ ਹੈ।
ਵਧਦੀ ਮਹਿੰਗਾਈ ਵੀ ਵੱਡੀ ਵਜ੍ਹਾ
ਰਿਪੋਰਟ ਮੁਤਾਬਕ ਸਿਰਫ਼ ਕਰੀਅਰ ਹੀ ਨਹੀਂ, ਸਗੋਂ ਵਧਦੀ ਰਹਿਣ-ਸਹਿਣ ਦੀ ਲਾਗਤ ਵੀ ਜਨਮ ਦਰ ਵਿਚ ਗਿਰਾਵਟ ਦਾ ਵੱਡਾ ਕਾਰਨ ਬਣ ਰਹੀ ਹੈ। ਸਿੱਖਿਆ, ਸਿਹਤ, ਰਿਹਾਇਸ਼ ਅਤੇ ਬੱਚਿਆਂ ਦੀ ਦੇਖਭਾਲ ’ਤੇ ਵਧਦੇ ਖ਼ਰਚੇ ਕਾਰਨ ਕਈ ਨੌਜਵਾਨ ਜੋੜੇ ਪਰਿਵਾਰ ਵਧਾਉਣ ਤੋਂ ਪਹਿਲਾਂ ਆਰਥਿਕ ਸਥਿਰਤਾ ਹਾਸਲ ਕਰਨਾ ਚਾਹੁੰਦੇ ਹਨ। ਕਈ ਲੋਕਾਂ ਦਾ ਮੰਨਣਾ ਹੈ ਕਿ ਅੱਜ ਬੱਚਿਆਂ ਨੂੰ ਬਿਹਤਰ ਸਿੱਖਿਆ ਅਤੇ ਜੀਵਨ ਪੱਧਰ ਉਪਲੱਬਧ ਕਰਵਾਉਣਾ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਮਹਿੰਗਾ ਹੋ ਗਿਆ ਹੈ।
ਲਾਈਫਸਟਾਈਲ ’ਤੇ ਖ਼ਰਚੇ ਨੂੰ ਮਿਲ ਰਹੀ ਪਹਿਲ
ਮਾਹਰਾਂ ਦਾ ਕਹਿਣਾ ਹੈ ਕਿ ਨੌਜਵਾਨ ਪੀੜ੍ਹੀ ਹੁਣ ਆਪਣੀ ਕਮਾਈ ਦਾ ਵੱਡਾ ਹਿੱਸਾ ਘੁੰਮਣ-ਫਿਰਨ, ਮਨੋਰੰਜਨ, ਬਾਹਰ ਖਾਣਾ ਖਾਣ ਅਤੇ ਬਿਹਤਰ ਜੀਵਨ ਸ਼ੈਲੀ ’ਤੇ ਖ਼ਰਚ ਕਰਨਾ ਪਸੰਦ ਕਰ ਰਹੀ ਹੈ। ਅਜਿਹੇ ਵਿਚ ਬੱਚਿਆਂ ਦੀ ਜ਼ਿੰਮੇਵਾਰੀ ਚੁੱਕਣ ਦੀ ਇੱਛਾ ਪਹਿਲਾਂ ਵਰਗੀ ਨਹੀਂ ਰਹਿ ਗਈ ਹੈ। ਕਈ ਨੌਜਵਾਨਾਂ ਦਾ ਮੰਨਣਾ ਹੈ ਕਿ ਸੀਮਤ ਕਮਾਈ ਵਿਚ ਪਰਿਵਾਰ ਵਧਾਉਣ ਦੀ ਬਜਾਏ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਵਧੇਰੇ ਵਿਹਾਰਕ ਬਦਲ ਹੈ।
ਗਰਭ ਨਿਰੋਧਕਾਂ ਦੀ ਆਸਾਨ ਉਪਲੱਬਧਤਾ
ਮਾਹਰਾਂ ਅਨੁਸਾਰ ਗਰਭ ਨਿਰੋਧਕ ਗੋਲੀਆਂ ਅਤੇ ਪਰਿਵਾਰ ਨਿਯੋਜਨ ਸੇਵਾਵਾਂ ਦੀ ਆਸਾਨ ਉਪਲੱਬਧਤਾ ਨੇ ਵੀ ਔਰਤਾਂ ਨੂੰ ਵਧੇਰੇ ਜਾਗਰੂਕ ਅਤੇ ਸਮਰੱਥ ਬਣਾਇਆ ਹੈ। ਹੁਣ ਸਿਰਫ਼ ਸ਼ਹਿਰੀ ਹੀ ਨਹੀਂ, ਸਗੋਂ ਛੋਟੇ ਸ਼ਹਿਰਾਂ ਅਤੇ ਪੇਂਡੂ ਖੇਤਰਾਂ ਦੀਆਂ ਔਰਤਾਂ ਵੀ ਪਰਿਵਾਰ ਨਿਯੋਜਨ ਨਾਲ ਜੁੜੇ ਫੈਸਲੇ ਵਧੇਰੇ ਸੋਚ-ਸਮਝ ਕੇ ਲੈ ਰਹੀਆਂ ਹਨ।
ਸੂਬਿਆਂ ਨੇ ਸ਼ੁਰੂ ਕੀਤੇ ਪ੍ਰੋਤਸਾਹਨ ਪ੍ਰੋਗਰਾਮ
ਘਟਦੀ ਜਨਮ ਦਰ ਨੂੰ ਦੇਖਦੇ ਹੋਏ ਕੁਝ ਸੂਬਾ ਸਰਕਾਰਾਂ ਲੋਕਾਂ ਨੂੰ ਵੱਧ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕਰਨ ਲੱਗੀਆਂ ਹਨ। ਆਂਧਰਾ ਪ੍ਰਦੇਸ਼ ਸਰਕਾਰ ਤੀਜੇ ਬੱਚੇ ਦੇ ਜਨਮ ’ਤੇ 30 ਹਜ਼ਾਰ ਅਤੇ ਚੌਥੇ ਬੱਚੇ ’ਤੇ 40 ਹਜ਼ਾਰ ਰੁਪਏ ਤੱਕ ਦੀ ਸਹਾਇਤਾ ਦੇਣ ਦੀ ਯੋਜਨਾ ਚਲਾ ਰਹੀ ਹੈ। ਇਸ ਤੋਂ ਇਲਾਵਾ ਗੋਆ, ਕਰਨਾਟਕ ਅਤੇ ਤੇਲੰਗਾਨਾ ਵਰਗੇ ਸੂਬਿਆਂ ਵਿਚ ਸਰਕਾਰੀ ਸਹਾਇਤਾ ਪ੍ਰਾਪਤ ਆਈ.ਵੀ.ਐੱਫ. ਕੇਂਦਰ ਵੀ ਸ਼ੁਰੂ ਕੀਤੇ ਗਏ ਹਨ।
ਨਿੱਜੀ ਪਸੰਦ ਦਾ ਸਨਮਾਨ ਜ਼ਰੂਰੀ
ਮਾਹਰਾਂ ਦਾ ਮੰਨਣਾ ਹੈ ਕਿ ਬੱਚਿਆਂ ਨੂੰ ਜਨਮ ਦੇਣਾ ਜਾਂ ਨਾ ਦੇਣਾ ਪੂਰੀ ਤਰ੍ਹਾਂ ਨਿੱਜੀ ਫੈਸਲਾ ਹੈ। ਸਿਰਫ਼ ਸਰਕਾਰੀ ਪ੍ਰੋਤਸਾਹਨ ਜਾਂ ਸਮਾਜਿਕ ਦਬਾਅ ਨਾਲ ਲੋਕਾਂ ਦੀ ਸੋਚ ਬਦਲਣਾ ਆਸਾਨ ਨਹੀਂ ਹੋਵੇਗਾ। ਸਮਾਜਿਕ ਮਾਹਰਾਂ ਅਨੁਸਾਰ ਬਦਲਦੇ ਭਾਰਤ ਵਿਚ ਲੋਕਾਂ ਦੀ ਪ੍ਰਜਨਣ ਸਬੰਧੀ ਪਸੰਦ ਦਾ ਸਨਮਾਨ ਕਰਨਾ ਅਤੇ ਉਨ੍ਹਾਂ ਦੇ ਫੈਸਲਿਆਂ ਨੂੰ ਸਵੀਕਾਰ ਕਰਨਾ ਸਮੇਂ ਦੀ ਲੋੜ ਹੈ।
ਬਾਲ ਮੌਤ ਦਰ ਵਿਚ ਕਮੀ ਦਾ ਵੀ ਅਸਰ
ਰਿਪੋਰਟ ਮੁਤਾਬਕ ਭਾਰਤ ਵਿਚ ਨਵਜੰਮੇ ਬੱਚਿਆਂ ਦੀ ਮੌਤ ਦੀ ਦਰ ਵਿਚ ਵੀ ਲਗਾਤਾਰ ਕਮੀ ਆਈ ਹੈ। ਸਾਲ 2019 ਵਿਚ ਜਿੱਥੇ ਪ੍ਰਤੀ ਹਜ਼ਾਰ ਜਿਉਂਦੇ ਜਨਮਾਂ ’ਤੇ 30 ਬੱਚਿਆਂ ਦੀ ਮੌਤ ਹੁੰਦੀ ਸੀ, ਉੱਥੇ ਹੀ 2024 ਵਿਚ ਇਹ ਅੰਕੜਾ ਘਟ ਕੇ 24 ਰਹਿ ਗਿਆ। ਜਨਸੰਖਿਆ ਮਾਹਰਾਂ ਦਾ ਮੰਨਣਾ ਹੈ ਕਿ ਜਦੋਂ ਮੌਤ ਦਰ ਘੱਟ ਹੁੰਦੀ ਹੈ, ਤਾਂ ਪਰਿਵਾਰਾਂ ਵਿਚ ਜ਼ਿਆਦਾ ਬੱਚੇ ਪੈਦਾ ਕਰਨ ਦਾ ਰੁਝਾਨ ਵੀ ਘਟਣ ਲੱਗਦਾ ਹੈ।
ਬਾਂਝਪਨ ਦੀ ਵਧਦੀ ਸਮੱਸਿਆ ਵੀ ਚਿੰਤਾ
ਇਕ ਪਾਸੇ ਜਿੱਥੇ ਜਨਮ ਦਰ ਘਟ ਰਹੀ ਹੈ, ਉੱਥੇ ਹੀ ਦੂਜੇ ਪਾਸੇ ਦੇਸ਼ ਵਿਚ ਬਾਂਝਪਨ ਦੀ ਸਮੱਸਿਆ ਵੀ ਵਧ ਰਹੀ ਹੈ। ਅਧਿਐਨਾਂ ਮੁਤਾਬਕ ਭਾਰਤ ਵਿਚ ਬਾਂਝਪਨ ਦੀ ਦਰ 1992-93 ਦੇ 22.4 ਫ਼ੀਸਦੀ ਤੋਂ ਵਧ ਕੇ 2015-16 ਵਿਚ 30.7 ਫ਼ੀਸਦੀ ਤੱਕ ਪਹੁੰਚ ਗਈ। ਮਾਹਰ ਇਸ ਲਈ ਮੋਟਾਪਾ, ਹਾਰਮੋਨਲ ਅਸੰਤੁਲਨ, ਖ਼ਰਾਬ ਜੀਵਨ ਸ਼ੈਲੀ ਅਤੇ ਸਿਹਤ ਸਬੰਧੀ ਸਮੱਸਿਆਵਾਂ ਨੂੰ ਜ਼ਿੰਮੇਵਾਰ ਮੰਨਦੇ ਹਨ। ਇਸ ਤੋਂ ਇਲਾਵਾ ਪ੍ਰਜਨਣ ਇਲਾਜ ਦੀ ਉੱਚੀ ਲਾਗਤ ਵੀ ਕਈ ਜੋੜਿਆਂ ਲਈ ਚੁਣੌਤੀ ਬਣੀ ਹੋਈ ਹੈ।
ਸੂਬਿਆਂ ਵਿਚ ਦਿਸਿਆ ਵੱਡਾ ਅੰਤਰ
ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਪ੍ਰਜਨਣ ਦਰ ਵਿਚ ਕਾਫ਼ੀ ਫ਼ਰਕ ਦੇਖਣ ਨੂੰ ਮਿਲਿਆ ਹੈ। ਬਿਹਾਰ ਵਿਚ ਸਭ ਤੋਂ ਵੱਧ 2.9 ਅਤੇ ਉੱਤਰ ਪ੍ਰਦੇਸ਼ ਵਿਚ 2.6 ਦੀ ਪ੍ਰਜਨਣ ਦਰ ਦਰਜ ਕੀਤੀ ਗਈ ਹੈ। ਇਨ੍ਹਾਂ ਸੂਬਿਆਂ ਵਿਚ ਸਿੱਖਿਆ ਦਾ ਪੱਧਰ ਮੁਕਾਬਲਤਨ ਘੱਟ ਅਤੇ ਬੱਚਿਆਂ ਦੀ ਮੌਤ ਦਰ ਵੱਧ ਹੈ। ਦੂਜੇ ਪਾਸੇ, ਦਿੱਲੀ ਵਿਚ ਸਭ ਤੋਂ ਘੱਟ 1.2 ਦੀ ਪ੍ਰਜਨਣ ਦਰ ਦਰਜ ਕੀਤੀ ਗਈ। ਤਾਮਿਲਨਾਡੂ ਅਤੇ ਕੇਰਲਮ ਵਰਗੇ ਪੜ੍ਹੇ-ਲਿਖੇ ਅਤੇ ਬਿਹਤਰ ਸਿਹਤ ਸਹੂਲਤਾਂ ਵਾਲੇ ਸੂਬਿਆਂ ਵਿਚ ਇਹ ਦਰ 1.3 ਰਹੀ।
ਅਜਮੇਰ ਦੇ ਮਾਖੂਪੁਰਾ 'ਚ ਭਿਆਨਕ ਅੱਗ: ਤਿੰਨ ਫੈਕਟਰੀਆਂ ਲਪੇਟ 'ਚ, ਇੱਕ ਇਮਾਰਤ ਹੋਈ ਢਹਿ ਢੇਰੀ
NEXT STORY