ਲਖਨਊ (ਭਾਸ਼ਾ)— ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਪਹਿਲੀ ਵਾਰ ਆਯੋਜਿਤ ਹੋ ਰਹੇ ਡਿਫੈਂਸ ਐਕਸਪੋ ਦੇ ਦਰਵਾਜ਼ੇ ਸ਼ਨੀਵਾਰ ਭਾਵ ਅੱਜ ਆਮ ਜਨਤਾ ਲਈ ਖੋਲ੍ਹ ਦਿੱਤੇ ਗਏ। ਰੱਖਿਆ ਖੇਤਰ 'ਚ ਦੇਸ਼ ਦੇ ਬਹਾਦਰੀ ਦੇ ਪ੍ਰਤੀਕ ਬਣੇ ਇਸ ਆਯੋਜਨ 'ਚ ਸ਼ਾਮਲ ਹੋਣ ਲਈ ਵੱਡੀ ਭੀੜ ਲੱਗੀ। ਗੋਮਤੀ ਰਿਵਰ ਫਰੰਟ 'ਤੇ ਲੋਕਾਂ ਲਈ ਰੱਖਿਆ ਸੈਨਾਵਾਂ ਦੀ ਬਹਾਦਰੀ ਦੀ ਗਾਥਾ ਕਹਿਣ ਵਾਲੇ ਹਥਿਆਰਾਂ ਅਤੇ ਜੰਗ ਦੀਆਂ ਝਾਂਕੀਆਂ ਪੇਸ਼ ਕੀਤੀਆਂ ਗਈਆਂ। ਉਤਸ਼ਾਹਿਤ ਲੋਕਾਂ ਨੇ ਤਾੜੀਆਂ ਨਾਲ ਜਵਾਨਾਂ ਦਾ ਹੌਂਸਲਾ ਵਧਾਇਆ। ਆਮ ਲੋਕਾਂ ਨੇ ਇਨ੍ਹਾਂ ਦ੍ਰਿਸ਼ਾਂ ਨੂੰ ਆਪਣੇ ਮੋਬਾਈਲ ਫੋਨ ਦੇ ਕੈਮਰਿਆਂ ਵਿਚ ਕੈਦ ਕੀਤਾ। ਇਸ ਦੌਰਾਨ ਵੱਖ-ਵੱਖ ਸਥਾਨਾਂ 'ਤੇ ਪ੍ਰਦਰਸ਼ਿਤ ਕੀਤੇ ਗਏ ਟੈਂਕ, ਹੈਲੀਕਾਪਟਰ ਅਤੇ ਹੋਰ ਸਾਜੋ-ਸਾਮਾਨ ਨਾਲ ਸੈਲਫੀ ਲੈਣ ਦੀ ਹੋੜ ਵੀ ਲੱਗ ਗਈ।

ਸਕੂਲ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਿਚਾਲੇ ਵੀ ਇਸ ਆਯੋਜਨ ਨੂੰ ਲੈ ਕੇ ਕਾਫੀ ਉਤਸ਼ਾਹ ਨਜ਼ਰ ਆਇਆ। ਰਾਜਧਾਨੀ ਦੇ ਇਕ ਪ੍ਰਾਈਵੇਟ ਸਕੂਲ ਦੇ ਵਿਦਿਆਰਥੀ ਗੌਰਵ ਤ੍ਰਿਪਾਠੀ ਨੇ ਕਿਹਾ ਕਿ ਅਸੀਂ ਅੱਜ ਤਕ 26 ਜਨਵਰੀ ਦੀ ਪਰੇਡ ਦੇ ਦੌਰਾਨ ਟੀ. ਵੀ. 'ਤੇ ਦੇਸ਼ ਦੀ ਫੌਜੀ ਤਾਕਤ ਦਾ ਅਹਿਸਾਸ ਕਰਦੇ ਸੀ ਪਰ ਅੱਜ ਇਸ ਨੂੰ ਸਿੱਧਾ ਦੇਖਣਾ ਇਕ ਚੰਗਾ ਅਨੁਭਵ ਹੈ। ਆਪਣੇ ਪਰਿਵਾਰ ਨਾਲ ਐਕਸਪੋ ਦੇਖਣ ਪੁੱਜੇ ਕਾਰੋਬਾਰੀ ਅਮਿਤ ਕੁਮਾਰ ਨੇ ਕਿਹਾ ਕਿ ਉਹ ਭੀੜ ਦੇ ਬਾਵਜੂਦ ਆਪਣੇ ਬੱਚਿਆਂ ਨੂੰ ਇਸ ਲਈ ਐਕਸਪੋ ਦਿਖਾਉਣ ਲਿਆਂਦੇ ਹਨ, ਤਾਂ ਕਿ ਦੇਸ਼ ਦੀ ਸ਼ਾਨ ਨੂੰ ਨੇੜਿਓਂ ਮਹਿਸੂਸ ਕਰ ਸਕਣ। ਇਹ ਇਕ ਇਤਿਹਾਸਕ ਅਨੁਭਵ ਹੈ, ਜੋ ਕਿ ਪੂਰੀ ਜ਼ਿੰਦਗੀ ਯਾਦ ਰਹੇਗਾ।

'ਡਿਜ਼ੀਟਲ ਟਰਾਂਸਫਾਰਮੇਸ਼ਨ ਆਫ ਡਿਫੈਂਸ' ਥੀਮ 'ਤੇ ਹੋਣ ਵਾਲਾ ਇਹ ਐਕਸਪੋ ਹਰ ਲਿਹਾਜ਼ ਨਾਲ ਹੁਣ ਤਕ ਦਾ ਸਭ ਤੋਂ ਵੱਡਾ ਅਜਿਹਾ ਆਯੋਜਨ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਇਸ ਐਕਸਪੋ ਦੇ ਨਤੀਜੇ ਵਜੋਂ ਉੱਤਰ ਪ੍ਰਦੇਸ਼ ਰੱਖਿਆ ਉਤਪਾਦਨ ਅਤੇ ਪੁਲਾੜ ਤਕਨਾਲੋਜੀ ਉਤਪਾਦਨ ਵਿਚ ਦੁਨੀਆ ਵਿਚ ਮਹੱਤਵਪੂਰਨ ਥਾਂ ਬਣ ਜਾਵੇਗਾ। ਲਖਨਊ ਵਿਚ ਪਹਿਲੀ ਵਾਰ ਆਯੋਜਿਤ ਹੋ ਰਿਹਾ ਇਹ ਡਿਫੈਂਸ ਐਕਸਪੋ ਪ੍ਰਦਰਸ਼ਨੀ ਲਾਉਣ ਵਾਲਿਆਂ ਦੀ ਗਿਣਤੀ, ਆਯੋਜਨ ਖੇਤਰ ਅਤੇ ਮਾਲੀਆ ਪ੍ਰਾਪਤੀ ਦੇ ਹਿਸਾਬ ਨਾਲ ਭਾਰਤ ਦੀ ਸਭ ਤੋਂ ਵੱਡੀ ਰੱਖਿਆ ਪ੍ਰਦਰਸ਼ਨੀ ਹੈ। ਐਕਸਪੋ ਵਿਚ 150 ਤੋਂ ਵਧ ਵਿਦੇਸ਼ੀਆਂ ਸਮੇਤ 1000 ਤੋਂ ਵਧੇਰੇ ਹਥਿਆਰ ਨਿਰਮਾਤਾ ਕੰਪਨੀਆਂ ਨੇ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ।
ਹਲਕੀ ਬਰਫਬਾਰੀ ਹੋਣ ਕਾਰਨ ਹਿਮਾਚਲ 'ਚ ਫਿਰ ਵਧੀ ਠੰਡ
NEXT STORY