ਨਵੀਂ ਦਿੱਲੀ- ਰਾਜਧਾਨੀ ਦੀ ਹਵਾ ਹੁਣ 'ਬਹੁਤ ਖਰਾਬ' ਹੋ ਗਈ ਹੈ। ਹਾਲ ਦੇ ਦਿਨਾਂ 'ਚ ਪੀਐੱਮ 2.5 ਕਣਾਂ ਦੀ ਮਾਤਰਾ ਤੇਜ਼ੀ ਨਾਲ ਵਧੀ ਹੈ, ਜਿਸ ਕਾਰਨ ਸਿਹਤ ਸੰਬੰਧੀ ਸ਼ਿਕਾਇਤਾਂ ਹੋਣ ਦੀ ਸੰਭਾਵਨਾ ਹੈ। ਮਾਹਰਾਂ ਅਨੁਸਾਰ, ਲੋਕਾਂ ਨੂੰ ਘੱਟੋ-ਘੱਟ ਸਤੰਬਰ ਦੇ ਆਖਰੀ ਹਫ਼ਤੇ ਤੱਕ ਬਾਹਰ ਨਿਕਲਣ ਤੋਂ ਬਚਣਾ ਚਾਹੀਦਾ। ਅਜਿਹਾ ਕਰਨਾ ਸਿਹਤ ਨਾਲ ਸਮਝੌਤਾ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਜਿਹੀ ਖਰਾਬ ਹਵਾ 'ਚ ਬਹੁਤ ਜ਼ਿਆਦਾ ਬਾਹਰ ਰਹਿਣ 'ਤੇ ਫੇਫੜਿਆਂ, ਸਾਹ ਨਾਲ ਜੁੜੀਆਂ ਬੀਮਾਰੀਆਂ ਘੇਰ ਸਕਦੀਆਂ ਹਨ। ਦਿੱਲੀ ਦੀ ਹਵਾ ਕਿੰਨਾ ਖਰਾਬ ਹੈ, ਇਸ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸ਼ੁੱਕਰਵਾਰ ਸਵੇਰੇ ਦਿੱਲੀ ਦੇ ਏ.ਕਿਊ.ਆਈ. 342 ਸੀ, ਜਦੋਂ ਕਿ ਮੁੰਬਈ ਦਾ ਸਿਰਫ਼ 67। ਦੇਸ਼ ਦੇ 2 ਮਹਾਨਗਰਾਂ 'ਚ ਹਵਾ ਦੀ ਕੁਆਲਿਟੀ 'ਚ ਇੰਨਾ ਅੰਤਰ ਸਾਫ਼ ਦੱਸਦਾ ਹੈ ਕਿ ਦਿੱਲੀ 'ਚ ਹਵਾ ਪ੍ਰਦੂਸ਼ਣ ਨਾਲ ਹਾਲਾਤ ਬੇਹੱਦ ਭਿਆਨਕ ਹੋ ਸਕਦੇ ਹਨ।
ਪਰਾਲੀ ਸਾੜਨ ਦੇ ਮਾਮਲੇ ਤੇਜ਼ੀ ਨਾਲ ਵਧੇ
ਸਫ਼ਰ ਦੀ ਭਵਿੱਖਬਾਣੀ ਅਨੁਸਾਰ ਸ਼ੁੱਕਰਵਾਰ ਨੂੰ ਵੀ ਸੁਧਾਰ ਦੀ ਕੋਈ ਸੰਭਾਵਨਾ ਨਹੀਂ ਹੈ। ਹਵਾਵਾਂ ਦੀ ਗਤੀ ਕਾਫ਼ੀ ਹੌਲੀ ਹੈ, ਜਿਸ ਕਾਰਨ ਪ੍ਰਦੂਸ਼ਣ ਦੇ ਲੇਵਲ 'ਚ ਸ਼ੁੱਕਰਵਾਰ ਤੱਕ ਵੀ ਕੋਈ ਰਾਹਤ ਨਹੀਂ ਮਿਲੇਗੀ। 17 ਅਕਤੂਬਰ ਨੂੰ ਮਾਮੂਲੀ ਰਾਹਤ ਦੀ ਸੰਭਾਵਨਾ ਜ਼ਰੂਰ ਹੈ ਪਰ ਇਹ ਖਰਾਬ ਤੋਂ ਬੇਹੱਦ ਖਰਾਬ ਸ਼੍ਰੇਣੀ 'ਚ ਹੀ ਬਣਿਆ ਰਹੇਗਾ। ਹਰਿਆਣਾ, ਪੰਜਾਬ ਅਤੇ ਨੇੜੇ-ਤੇੜੇ ਦੇ ਜ਼ਿਲ੍ਹਿਆਂ 'ਚ ਪਰਾਲੀ ਸਾੜਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਸਫ਼ਰ ਅਨੁਸਾਰ 14 ਅਕਤੂਬਰ ਨੂੰ 740 ਥਾਂਵਾਂ 'ਤੇ ਪਰਾਲੀ ਸਾੜੀ ਗਈ ਸੀ। ਸਫ਼ਰ ਦਾ ਦਾਅਵਾ ਹੈ ਕਿ ਹਵਾਵਾਂ ਕਾਰਨ ਪਰਾਲੀ ਰਾਜਧਾਨੀ ਦੇ ਪ੍ਰਦੂਸ਼ਣ ਨੂੰ ਹੁਣ ਵੀ 6 ਫੀਸਦੀ ਪ੍ਰਭਾਵਿਤ ਕਰ ਰਹੀ ਹੈ। ਆਉਣ ਵਾਲੇ ਸਮੇਂ 'ਚ ਇਹ ਵੱਧ ਸਕਦਾ ਹੈ।
ਪ੍ਰਦੂਸ਼ਣ ਤੋਂ ਬਚਣ ਲਈ ਇਹ ਹਨ ਹਦਾਇਤਾਂ
1- ਸਫ਼ਰ ਏਜੰਸੀ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਵੇਰੇ ਅਤੇ ਸ਼ਾਮ ਦੀ ਸੈਰ ਬੰਦ ਕਰ ਦੇਣ। ਨਾ ਸਿਰਫ਼ ਸੰਵੇਦਨਸ਼ੀਲ ਲੋਕ, ਸਗੋਂ ਆਮ ਲੋਕਾਂ ਲਈ ਵੀ ਸਵੇਰੇ-ਸ਼ਾਮ ਬਾਹਰ ਨਿਕਲਣਾ ਨੁਕਸਾਨਦੇਹ ਹੋ ਸਕਦਾ ਹੈ।
2- ਜੇਕਰ ਘਰ 'ਚ ਖਿੜਕੀਆਂ ਹਨ ਤਾਂ ਉਨ੍ਹਾਂ ਨੂੰ ਵੀ ਬੰਦ ਕਰ ਕੇ ਰੱਖੋ। ਉਨ੍ਹਾਂ ਦੇ ਖੁੱਲ੍ਹੇ ਰਹਿਣ 'ਤੇ ਗੰਦੀ ਹਵਾ ਅੰਦਰ ਆ ਜਾਵੇਗੀ ਅਤੇ ਤੁਹਾਡੇ ਘਰ ਦੀ ਹਵਾ ਨੂੰ ਵੱਧ ਪ੍ਰਦੂਸ਼ਿਤ ਕਰ ਦੇਵੇਗੀ। ਦੁਪਹਿਰ ਸਮੇਂ ਧੁੱਪ ਆਉਣ 'ਤੇ ਥੋੜ੍ਹੀ ਦੇਰ ਲਈ ਖਿੜਕੀਆਂ ਜ਼ਰੂਰ ਖੋਲ੍ਹੋ।
3- ਦਿਨ ਦੇ ਕਿਸੇ ਵੀ ਸਮੇਂ ਵੱਧ ਦੇਰ ਤੱਕ ਬਾਹਰ ਰਹਿਣ ਤੋਂ ਬਚੋ। ਜੇਕਰ ਬਾਹਰ ਜਾਣਾ ਜ਼ਰੂਰੀ ਹੈ ਤਾਂ ਐੱਨ-95 ਜਾਂ ਪੀ-100 ਮਾਸਕ ਦੀ ਹੀ ਵਰਤੋਂ ਕਰੋ। ਪ੍ਰਦੂਸ਼ਣ ਤੋਂ ਬਚਾਉਣ 'ਚ ਇਹੀ ਮਾਸਕ ਅਸਰਦਾਰ ਹਨ।
4- ਜੇਕਰ ਤੁਹਾਨੂੰ ਅਸਥਮਾ ਹੈ ਤਾਂ ਆਪਣੀਆਂ ਦਵਾਈਆਂ ਹਰ ਸਮੇਂ ਕੋਲ ਰੱਖੋ। ਮਾਹਰਾਂ ਅਨੁਸਾਰ, ਜੇਕਰ ਸਾਹ ਲੈਣ 'ਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਹੋ ਰਹੀ ਹੈ ਤਾਂ ਤੁਰੰਤ ਆਰਾਮ ਨਾਲ ਲੇਟ ਜਾਓ ਅਤੇ ਡਾਕਟਰ ਦੀ ਸਲਾਹ ਲਵੋ।
5- ਕਸਰਤ ਕਰਨੀ ਬੰਦ ਕਰ ਦਿਓ। ਦੁਪਹਿਰ ਦੇ ਸਮੇਂ ਦੌੜਨ ਦੀ ਬਜਾਏ ਸੈਰ ਕਰੋ। ਇਸ ਨਾਲ ਪ੍ਰਦੂਸ਼ਣ ਤੱਤ ਸਾਹਾਂ ਨਾਲ ਸਰੀਰ ਦੇ ਅੰਦਰ ਨਹੀਂ ਜਾਣਗੇ। ਸੈਰ ਕਰਦੇ ਹੋਏ ਵੀ ਵਿਚ-ਵਿਚ ਬਰੇਕ ਲਵੋ।
6- ਘਰਾਂ 'ਚ ਲੱਕੜੀ, ਮੋਮਬੱਤੀ ਅਤੇ ਅਗਰਬੱਤੀ ਨਾ ਬਾਲੋ। ਇਸ ਨਾਲ ਤੁਸੀਂ ਇੰਡੋਰ ਪ੍ਰਦੂਸ਼ਣ ਦੇ ਸ਼ਿਕਾਰ ਹੋ ਸਕਦੇ ਹੋ।
7- ਘਰ ਦੀ ਸਾਫ਼-ਸਫ਼ਾਈ ਦਾ ਤਰੀਕਾ ਵੀ ਬਦਲੋ। ਧੂੜ ਨਾ ਉੱਡੇ, ਇਸ ਲਈ ਝਾੜੂ ਲਗਾਉਣ ਦੀ ਬਜਾਏ ਘਰ ਨੂੰ ਗਿਲੇ ਪੋਚੇ ਨਾਲ ਸਾਫ਼ ਕਰੋ।
ਦੇਸ਼ ਲਈ ਪਹਿਲਾ ਆਸਕਰ ਐਵਾਰਡ ਜਿੱਤਣ ਵਾਲੀ ਭਾਨੂ ਅਥਈਆ ਦਾ ਹੋਇਆ ਦਿਹਾਂਤ
NEXT STORY