ਨਵੀਂ ਦਿੱਲੀ: ਦਿੱਲੀ ਪੁਲਸ ਨੇ ਆਪਣੀ ਵਿਸ਼ੇਸ਼ ਮੁਹਿੰਮ 'ਆਪ੍ਰੇਸ਼ਨ ਵਿਸ਼ਵਾਸ' ਤਹਿਤ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਮੰਗਲਵਾਰ ਨੂੰ ਚੋਰੀ ਅਤੇ ਗੁੰਮ ਹੋਏ 12,600 ਤੋਂ ਵੱਧ ਮੋਬਾਈਲ ਫ਼ੋਨ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਕਰ ਦਿੱਤੇ ਹਨ। ਦਿੱਲੀ ਯੂਨੀਵਰਸਿਟੀ ਦੇ ਉੱਤਰੀ ਕੈਂਪਸ ਦੇ ਬਹੁ-ਮੰਤਵੀ ਹਾਲ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ਦੌਰਾਨ ਉਪ ਰਾਜਪਾਲ ਤਰਨਜੀਤ ਸੰਧੂ ਅਤੇ ਦਿੱਲੀ ਪੁਲਿਸ ਕਮਿਸ਼ਨਰ ਸਤੀਸ਼ ਗੋਲਛਾ ਦੀ ਮੌਜੂਦਗੀ ਵਿੱਚ ਇਹ ਉਪਕਰਨ ਲੋਕਾਂ ਨੂੰ ਸੌਂਪੇ ਗਏ।
ਤਕਨੀਕ ਦੀ ਵਰਤੋਂ ਨਾਲ ਬਰਾਮਦਗੀ ਦਰ ਵਿੱਚ ਭਾਰੀ ਉਛਾਲ
ਪੁਲਸ ਅਧਿਕਾਰੀਆਂ ਅਨੁਸਾਰ, 'ਸੈਂਟਰਲ ਇਕੁਇਪਮੈਂਟ ਆਈਡੈਂਟਿਟੀ ਰਜਿਸਟਰ' (CEIR) ਪੋਰਟਲ ਦੀ ਮਦਦ ਨਾਲ ਪਿਛਲੇ 45 ਦਿਨਾਂ ਵਿੱਚ ਕੁੱਲ 19,000 ਤੋਂ ਵੱਧ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ। ਇਸ ਮੁਹਿੰਮ ਸਦਕਾ ਫ਼ੋਨਾਂ ਦੀ ਬਰਾਮਦਗੀ ਦਰ ਵਿੱਚ ਹੈਰਾਨੀਜਨਕ ਸੁਧਾਰ ਹੋਇਆ ਹੈ। ਸਾਲ 2024 ਵਿੱਚ ਇਹ ਦਰ ਸਿਰਫ਼ 5 ਫ਼ੀਸਦੀ ਸੀ, ਜੋ 2025 ਵਿੱਚ 12 ਫ਼ੀਸਦੀ ਅਤੇ ਹੁਣ 2026 ਵਿੱਚ 74 ਫ਼ੀਸਦੀ ਤੱਕ ਪਹੁੰਚ ਗਈ ਹੈ।
ਕਈ ਰਾਜਾਂ ਵਿੱਚ ਚੱਲੀ ਸਰਚ ਮੁਹਿੰਮ
ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਉਪਕਰਨਾਂ ਦਾ ਪਤਾ ਲਗਾਉਣ ਲਈ ਦਿੱਲੀ ਪੁਲਸ ਦੀਆਂ ਸਮਰਪਿਤ ਟੀਮਾਂ ਨੇ ਪਿਛਲੇ ਕਈ ਮਹੀਨਿਆਂ ਤੋਂ ਦਿਨ-ਰਾਤ ਕੰਮ ਕੀਤਾ ਅਤੇ ਇਸ ਦੌਰਾਨ ਟੀਮਾਂ ਨੂੰ ਕਈ ਵੱਖ-ਵੱਖ ਰਾਜਾਂ ਵਿੱਚ ਵੀ ਜਾਣਾ ਪਿਆ। ਪੁਲਿਸ ਕਮਿਸ਼ਨਰ ਸਤੀਸ਼ ਗੋਲਛਾ ਨੇ ਕਿਹਾ ਕਿ ਪੁਲਸ ਦਾ ਉਦੇਸ਼ ਸਿਰਫ਼ ਸ਼ਿਕਾਇਤਾਂ ਦਰਜ ਕਰਨਾ ਹੀ ਨਹੀਂ, ਸਗੋਂ ਚੋਰੀ ਹੋਈ ਜਾਇਦਾਦ ਦੀ ਬਰਾਮਦਗੀ ਅਤੇ ਬਹਾਲੀ ਨੂੰ ਯਕੀਨੀ ਬਣਾਉਣਾ ਵੀ ਹੈ।
ਉਪ ਰਾਜਪਾਲ ਵੱਲੋਂ ਸ਼ਲਾਘਾ
ਸਮਾਗਮ ਨੂੰ ਸੰਬੋਧਨ ਕਰਦਿਆਂ ਉਪ ਰਾਜਪਾਲ ਤਰਨਜੀਤ ਸੰਧੂ ਨੇ ਦਿੱਲੀ ਪੁਲਿਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮੁਹਿੰਮ ਨਾਗਰਿਕ-ਕੇਂਦ੍ਰਿਤ ਪੁਲਿਸਿੰਗ ਦੀ ਇੱਕ ਵਧੀਆ ਮਿਸਾਲ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਤਕਨੀਕ ਦੀ ਵਰਤੋਂ ਨੇ ਅਪਰਾਧੀਆਂ ਨੂੰ ਇਹ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਪੁਲਿਸ ਹੁਣ ਵਧੇਰੇ ਸਮਾਰਟ ਅਤੇ ਤੇਜ਼ ਹੋ ਗਈ ਹੈ। ਇਸ ਮੌਕੇ ਉਨ੍ਹਾਂ ਨੇ ਸੜਕ ਸੁਰੱਖਿਆ ਜਾਗਰੂਕਤਾ ਲਈ ਇੱਕ ਟ੍ਰੈਫਿਕ ਪ੍ਰਦਰਸ਼ਨੀ ਵੈਨ ਦਾ ਉਦਘਾਟਨ ਅਤੇ ਇੱਕ ਸੁਰੱਖਿਆ ਮਾਰਗਦਰਸ਼ਕ ਪੁਸਤਕ ਵੀ ਜਾਰੀ ਕੀਤੀ।
ਪੂਰਬੀ ਦਿੱਲੀ ਵਿੱਚ ਵੀ ਸੌਂਪੇ ਗਏ ਫ਼ੋਨ
ਇਸ ਮੁਹਿੰਮ ਦੇ ਹਿੱਸੇ ਵਜੋਂ ਪੂਰਬੀ ਦਿੱਲੀ ਪੁਲਸ ਨੇ ਵੀ ਨਿਊ ਅਸ਼ੋਕ ਨਗਰ ਸਥਿਤ ਮਹਾਰਾਜਾ ਅਗਰਸੈਨ ਕਾਲਜ ਵਿੱਚ ਇੱਕ ਪ੍ਰੋਗਰਾਮ ਕਰਵਾਇਆ, ਜਿੱਥੇ 724 ਮੋਬਾਈਲ ਫ਼ੋਨ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸੌਂਪੇ ਗਏ। ਵਧੀਕ ਪੁਲਿਸ ਡਿਪਟੀ ਕਮਿਸ਼ਨਰ ਸ੍ਰਿਸ਼ਟੀ ਪਾਂਡੇ ਨੇ ਦੱਸਿਆ ਕਿ ਤਕਨੀਕੀ ਨਿਗਰਾਨੀ ਰਾਹੀਂ ਪੂਰਬੀ ਦਿੱਲੀ ਵਿੱਚੋਂ ਕੁੱਲ 870 ਫ਼ੋਨ ਬਰਾਮਦ ਕੀਤੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਕੇਰਲਮ 'ਚ ਕੌਣ ਬਣੇਗਾ ਮੁੱਖ ਮੰਤਰੀ? ਦਿੱਲੀ 'ਚ ਕਾਂਗਰਸ ਦੀ ਅਹਿਮ ਬੈਠਕ ਸ਼ੁਰੂ; ਕੇ.ਸੀ. ਵੇਣੂਗੋਪਾਲ ਦਾ ਨਾਂ ਸਭ ਤੋਂ ਅੱਗੇ
NEXT STORY