ਨਵੀਂ ਦਿੱਲੀ— ਕਹਿੰਦੇ ਨੇ ਜੇਕਰ ਇਨਸਾਨ ਸੁਫ਼ਨਿਆਂ ਨੂੰ ਸੱਚ ਕਰਨ ਲਈ ਸਖਤ ਮਿਹਨਤ ਕਰੇ ਤਾਂ ਪਰਮਾਤਮਾ ਵੀ ਉਨ੍ਹਾਂ ਦਾ ਸਾਥ ਜ਼ਰੂਰ ਦਿੰਦਾ ਹੈ। ਅਜਿਹਾ ਹੀ ਦੇਖਣ ਨੂੰ ਮਿਲਿਆ ਦਿੱਲੀ ਪੁਲਸ ਮਹਿਕਮੇ 'ਚ, ਜਿੱਥੇ ਕਾਂਸਟੇਬਲ ਦੇ ਅਹੁਦੇ 'ਤੇ ਤਾਇਨਾਤ ਫਿਰੋਜ਼ ਆਲਮ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ. ਪੀ. ਐੱਸ. ਸੀ.) 'ਚ ਬਾਜੀ ਮਾਰੀ ਹੈ। ਉਨ੍ਹਾਂ ਨੇ ਇਹ ਇਮਤਿਹਾਨ ਨੂੰ ਪਾਸ ਕਰਦੇ ਹੋਏ 645ਵੇਂ ਸਥਾਨ ਪ੍ਰਾਪਤ ਕੀਤਾ ਹੈ। ਇਸ ਤੋਂ ਪਹਿਲਾਂ ਉਹ 5 ਵਾਰ ਇਮਤਿਹਾਨ ਦੇ ਚੁੱਕੇ ਹਨ ਪਰ ਅਸਫਲ ਰਹੇ। ਇੰਨੀ ਵਾਰ ਅਸਫਲ ਰਹਿਣ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਆਖਰਕਾਰ 6ਵੀਂ ਵਾਰ ਉਨ੍ਹਾਂ ਨੂੰ ਸਫ਼ਲਤਾ ਮਿਲੀ।
ਯੂ. ਪੀ. ਐੱਸ. ਸੀ. ਇਮਤਿਹਾਨ 2019 ਪਾਸ ਕਰਨ ਵਾਲੇ ਫਿਰੋਜ਼ ਆਲਮ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਦੇ ਪਿਲਖੁਵਾ ਕੋਤਵਾਲੀ ਅਧੀਨ ਗ੍ਰਾਮ ਆਜ਼ਮਪੁਰ ਦਹਪਾ ਦੇ ਰਹਿਣ ਵਾਲੇ ਹਨ। 12ਵੀਂ ਮਾਰਵਾੜ ਇੰਟਰ ਕਾਲਜ ਅਤੇ ਗਰੈਜੂਏਸ਼ਨ ਰਾਣਾ ਡਿਗਰੀ ਕਾਲਜ ਪਿਲਖੁਵਾ ਤੋਂ ਕੀਤੀ। ਇਸ ਤੋਂ ਬਾਅਦ ਸਾਲ 2010 'ਚ ਦਿੱਲੀ ਪੁਲਸ 'ਚ ਬਤੌਰ ਕਾਂਸਟੇਬਲ ਭਰਤੀ ਹੋਏ।ਜ਼ਿਆਦਾਤਰ ਲੋਕ ਇਕ ਵਾਰ ਸਰਕਾਰੀ ਨੌਕਰੀ ਲੱਗਣ ਤੋਂ ਬਾਅਦ ਉਸ 'ਚ ਹੀ ਪੂਰੀ ਜ਼ਿੰਦਗੀ ਖਪਾ ਦਿੰਦੇ ਹਨ ਪਰ ਆਲਮ ਨੂੰ ਇਹ ਮਨਜ਼ੂਰ ਨਹੀਂ ਸੀ। ਇਹ ਹੀ ਵਜ੍ਹਾ ਹੈ ਕਿ ਦਿੱਲੀ ਪੁਲਸ ਕਾਂਸਟੇਬਲ ਬਣਨ ਤੋਂ ਬਾਅਦ ਵੀ ਉਨ੍ਹਾਂ ਨੇ ਆਈ. ਪੀ. ਐੱਸ. ਬਣਨ ਦਾ ਸੁਫ਼ਨਾ ਜ਼ਿੰਦਾ ਰੱਖਿਆ ਅਤੇ ਤਿਆਰੀਆਂ ਵਿਚ ਲੱਗੇ ਰਹੇ। 10 ਸਾਲ ਬਾਅਦ ਹੁਣ ਮਿਹਨਤ ਰੰਗ ਲਿਆਈ ਹੈ। 645ਵੀਂ ਰੈਂਕ ਹਾਸਲ ਕਰ ਕੇ ਯੂ. ਪੀ. ਐੱਸ. ਸੀ. ਇਮਤਿਹਾਨ ਪਾਸ ਕੀਤਾ ਹੈ।
ਆਲਮ ਕਹਿੰਦੇ ਹਨ ਕਿ ਉਹ ਆਪਣੇ ਅਧਿਕਾਰੀਆਂ ਦੀ ਕਾਰਜਸ਼ੈਲੀ ਨੂੰ ਦੇਖ ਕੇ ਇੰਨੇ ਪ੍ਰਭਾਵਿਤ ਹੋਏ ਕਿ ਸੋਚਿਆ ਕਿ ਉਸ ਨੂੰ ਵੀ ਯੂ. ਪੀ. ਐੱਸ. ਸੀ. ਇਮਤਿਹਾਨ ਪਾਸ ਕਰਨਾ ਹੈ ਅਤੇ ਇਕ ਵੱਡਾ ਅਧਿਕਾਰੀ ਬਣ ਕੇ ਸਮਾਜ ਦੀ ਸੇਵਾ ਕਰਨੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕੰਮ ਵਿਚ ਦਿੱਲੀ ਪੁਲਸ ਵਲੋਂ ਕਾਫੀ ਸਹਿਯੋਗ ਵੀ ਮਿਲਿਆ। ਉੱਥੇ ਹੀ ਇਸ ਸਮੇਂ ਮਹਿਕਮੇ ਵਿਚ ਇਸ ਗੱਲ ਨੂੰ ਲੈ ਕੇ ਚਰਚਾ ਹੈ ਕਿ ਵੈੱਬ ਸੀਰੀਜ਼ ਪਾਤਾਲ ਲੋਕ 'ਚ ਜਿਸ ਸਿਪਾਹੀ ਦੀ ਕਹਾਣੀ ਦਿਖਾਈ ਗਈ ਹੈ, ਉਹ ਫਿਰੋਜ਼ ਆਲਮ 'ਤੇ ਹੀ ਆਧਾਰਿਤ ਹੈ।
ਕੇਰਲ ਜਹਾਜ਼ ਹਾਦਸਾ : ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਵੇਗੀ ਸਰਕਾਰ
NEXT STORY