ਨਵੀਂ ਦਿੱਲੀ: 26 ਜਨਵਰੀ ਮੰਗਲਵਾਰ ਦਿੱਲੀ ਲਾਲ ਕਿਲ੍ਹੇ 'ਚ ਹੋਈ ਹਿੰਸਾ ਦੇ ਮਾਮਲੇ 'ਚ ਦਿੱਲੀ ਪੁਲਸ ਵੱਲੋਂ ਆਪਣੀ ਜਾਂਚ ਤੇਜ਼ ਕਰਦਿਆਂ ਪੰਜਾਬੀ ਅਦਾਕਾਰ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਦਿੱਲੀ ਪੁਲਸ ਗਣਤੰਤਰ ਦਿਵਸ 'ਤੇ ਹੋਈ ਗੜਬੜੀ ਅਤੇ ਹਿੰਸਾ 'ਚ ਇਨ੍ਹਾਂ ਦੋਵਾਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਪੁਲਸ ਵੱਲੋਂ ਕਿਸਾਨ ਪਰੇਡ ਦੌਰਾਨ ਹਿੰਸਾ ਲਈ ਦਰਜ ਕੀਤੀ ਗਈ ਐਫ.ਆਈ.ਆਰ. 'ਚ 37 ਕਿਸਾਨ ਨੇਤਾਵਾਂ ਦੇ ਵੀ ਨਾਮ ਸ਼ਾਮਲ ਹਨ। ਦਿੱਲੀ ਪੁਲਸ ਦੀ ਇਸ ਐਫ.ਆਈ.ਆਰ. 'ਚ ਕੁੱਲ 13 ਧਾਰਾਵਾਂ ਲਗਾਈਆਂ ਗਈਆਂ ਹਨ ਜਿਨ੍ਹਾਂ 'ਚ ਗੰਭੀਰ ਧਰਾਵਾਂ ਸ਼ਾਮਲ ਹਨ। ਇਸ ਦੇ ਨਾਲ ਹੀ ਪੁਲਸ ਨੇ ਹਿੰਸਾ ਸਬੰਧੀ 200 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਹਿੰਸਾ ਵਿਚ 300 ਤੋਂ ਵੱਧ ਪੁਲਸ ਮੁਲਾਜ਼ਮ ਜ਼ਖਮੀ ਹੋਏ। ਐੱਫ.ਆਈ.ਆਰ. ਵਿਚ ਆਈ.ਪੀ.ਸੀ. ਦੀਆਂ ਕਈ ਧਾਰਾਵਾਂ ਦਾ ਜ਼ਿਕਰ ਹੈ। ਇਨ੍ਹਾਂ ਵਿਚ 307 (ਹੱਤਿਆ ਦਾ ਯਤਨ), 147 (ਦੰਗਿਆਂ ਲਈ ਸਜ਼ਾ), 353 (ਕਿਸੇ ਵਿਅਕਤੀ ਵਲੋਂ ਇਕ ਲੋਕ ਸੇਵਕ ਜਾਂ ਸਰਕਾਰੀ ਮੁਲਾਜ਼ਮਾਂ ਨੂੰ ਆਪਣੇ ਫਰਜ਼ਾਂ ਦੀ ਪਾਲਣਾ ਕਰਨ ਤੋਂ ਰੋਕਣਾ) ਅਤੇ 120ਬੀ (ਅਪਰਾਧਿਕ ਸਾਜ਼ਿਸ਼) ਸ਼ਾਮਲ ਹਨ।
ਐੱਫ.ਆਈ.ਆਰਜ਼ ਵਿਚ ਕਿਹਾ ਗਿਆ ਹੈ ਕਿ ਟ੍ਰੈਕਟਰ ਪਰੇਡ ਦੌਰਾਨ 10,000 ਤੋਂ ਵੱਧ ਕਿਸਾਨਾਂ ਨੇ 600 ਦੇ ਲਗਭਗ ਟ੍ਰੈਕਟਰਾਂ 'ਤੇ ਸਵਾਰ ਹੋ ਕੇ ਆਈ.ਟੀ.ਓ. ਅਤੇ ਲਾਲ ਕਿਲ੍ਹੇ ਅੰਦਰ ਦਾਖਲ ਹੋ ਕੇ ਹਿੰਸਾ ਫੈਲਾਈ। ਵੱਡੀ ਗਿਣਤੀ ਵਿਚ ਭੜਕੇ ਹੋਏ ਵਿਖਾਵਾਕਾਰੀ ਬੈਰੀਅਰ ਤੋੜਦੇ ਹੋਏ ਲਾਲ ਕਿਲ੍ਹੇ ਅੰਦਰ ਪਹੁੰਚ ਗਏ। ਉਨ੍ਹਾਂ ਲਾਲ ਕਿਲ੍ਹੇ ਦੀ ਫਸੀਲ 'ਤੇ ਸਥਿਤ ਉਸ ਪੋਲ 'ਤੇ ਇਕ ਧਾਰਮਿਕ ਝੰਡਾ ਲਹਿਰਾ ਦਿੱਤਾ, ਜਿਸ 'ਤੇ ਹਰ ਸਾਲ ਆਜ਼ਾਦੀ ਦਿਵਸ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਤਿਰੰਗਾ ਲਹਿਰਾਉਂਦੇ ਹਨ।
ਇਸ ਦੌਰਾਨ ਆਈ.ਟੀ.ਓ. ਇਕ ਸੰਘਰਸ਼ ਖੇਤਰ ਵਾਂਗ ਨਜ਼ਰ ਆ ਰਿਹਾ ਸੀ। ਉਥੇ ਵਿਖਾਵਾਕਾਰੀ ਮੋਟਰ ਗੱਡੀਆਂ ਨੂੰ ਨੁਕਸਾਨ ਪਹੁੰਚਾ ਰਹੇ ਸਨ। ਸੜਕਾਂ 'ਤੇ ਇੱਟਾਂ ਤੇ ਪੱਥਰ ਖਿੱਲਰੇ ਹੋਏ ਸਨ। ਹਿੰਸਾ ਦੌਰਾਨ ਲੋਹੇ ਦੇ 70 ਬੈਰੀਕੇਡਾਂ, ਦਿੱਲੀ ਟਰਾਂਸਪੋਰਟ ਨਿਗਮ (ਡੀ.ਟੀ.ਸੀ.) ਦੀਆਂ 6 ਬੱਸਾਂ ਅਤੇ ਪੁਲਸ ਦੀਆਂ 5 ਮੋਟਰ ਗੱਡੀਆਂ ਨੂੰ ਤੋੜਿਆ ਗਿਆ। ਆਈ.ਟੀ.ਓ. ਵਿਖੇ ਟ੍ਰੈਕਟਰਾਂ ਨਾਲ ਡੀ.ਟੀ.ਸੀ. ਦੀਆਂ ਬੱਸਾਂ ਨੂੰ ਟੱਕਰ ਮਾਰੀ ਗਈ। ਨਾਲ ਹੀ ਪੁਲਸ ਮੁਲਾਜ਼ਮਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ। ਐੱਫ.ਆਈ.ਆਰ ਵਿਚ ਕਿਹਾ ਗਿਆ ਹੈ ਕਿ ਪੁਲਸ ਨੇ ਵਿਖਾਵਾਕਾਰੀ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਲੁਟੀਅਨ ਖੇਤਰ ਵਿਚ ਜਾਣ 'ਤੇ ਅੜੇ ਰਹੇ। ਉਨ੍ਹਾਂ ਮੀਡੀਆ ਮੁਲਾਜ਼ਮਾਂ ਦੀਆਂ ਮੋਟਰ ਗੱਡੀਆਂ ਅਤੇ ਉਪਕਰਣਾਂ ਨੂੰ ਵੀ ਨੁਕਸਾਨ ਪਹੁੰਚਾਇਆ।
LAC 'ਤੇ ਫਿਰ ਝੜਪ, ਸਿੱਕਿਮ 'ਚ ਪਿਛਲੇ ਹਫਤੇ ਚੀਨੀ ਘੁਸਪੈਠ ਨੂੰ ਭਾਰਤੀ ਫੌਜ ਨੇ ਕੀਤਾ ਨਾਕਾਮ
NEXT STORY