ਨਵੀਂ ਦਿੱਲੀ (ਏਜੰਸੀ)- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਤਕਨਾਲੋਜੀ ਵਿਕਾਸ ਫੰਡ ਯੋਜਨਾ ਦੇ ਅਧੀਨ 20 ਮਿਲੀਕੇਲਵਿਨ ਡਾਈਲਿਊਸ਼ਨ ਰੈਫ੍ਰਿਜਰੇਟਰ ਦੇ ਸਵਦੇਸ਼ੀ ਵਿਕਾਸ ਲਈ ਰਾਜਸਥਾਨ ਦੇ ਅਲਵਰ 'ਚ ਸਥਿਤ ਇਕ ਸਟਾਰਟਅੱਪ ਜ਼ੀਰੋ ਐੱਮਕੇ ਇੰਡੀਆ ਪ੍ਰਾਈਵੇਟ ਲਿਮਟਿਡ ਨਾਲ ਸਮਝੌਤਾ ਕੀਤਾ ਹੈ।
ਰੱਖਿਆ ਮੰਤਰਾਲੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਯੋਜਨਾ ਦੇ ਤਹਿਤ ਇਕ ਡੀਪ-ਟੈਕ ਪ੍ਰਾਜੈਕਟ ਲਈ ਇਹ ਪਹਿਲਾ ਵੱਡਾ ਸਮਝੌਤਾ ਹੈ। ਵਿਕਾਸ ਫੰਡ ਦੇ ਡਾਇਰੈਕਟਰ ਅਤੇ ਕੰਪਨੀ ਵਿਚਕਾਰ ਵੀਰਵਾਰ ਨੂੰ ਇਹ ਸਮਝੌਤਾ ਹੋਇਆ। ਇਹ 500 ਕਰੋੜ ਰੁਪਏ ਦੇ ਉਸ ਫੰਡ ਦੇ ਅਧੀਨ ਪਹਿਲਾ ਵੱਡਾ ਸਮਝੌਤਾ ਹੈ, ਜਿਸ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਡੀਪ-ਟੈਕ ਅਤੇ ਅਤਿ-ਆਧੁਨਿਕ ਪ੍ਰਾਜੈਕਟਾਂ ਲਈ ਮਨਜ਼ੂਰ ਕੀਤਾ ਸੀ।
ਡਾਇਲਿਊਸ਼ਨ ਰੈਫ੍ਰਿਜਰੇਟਰ ਵਿਸ਼ੇਸ਼ ਕ੍ਰਾਇਓਜੇਨਿਕ ਪ੍ਰਣਾਲੀਆਂ ਹਨ ਜੋ ਤਾਪਮਾਨ ਨੂੰ ਮਿਲਕੇਲਵਿਨ ਪੱਧਰ ਤੱਕ ਬੇਹੱਦ ਘੱਟ ਕਰ ਸਕਦੇ ਹਨ। ਅਜਿਹਾ ਬੇਹੱਦ ਘੱਟ ਤਾਪਮਾਨ ਕੁਆਂਟਮ ਕੰਪਿਊਟਿੰਗ ਦੇ ਕਈ ਪਲੇਟਫਾਰਮਾਂ ਅਤੇ ਸੰਬੰਧਿਤ ਕੁਆਂਟਮ ਤਕਨਾਲੋਜੀਆਂ ਦੇ ਸੰਚਾਲਨ ਅਤੇ ਜਾਂਚ ਲਈ ਜ਼ਰੂਰੀ ਹੈ। 20 ਮਿਲੀਕੇਲਵਿਨ ਡਾਇਲਿਊਸ਼ਨ ਰੈਫ੍ਰਿਜਰੇਟਰ ਦਾ ਸਵਦੇਸ਼ੀ ਵਿਕਾਸ ਰਾਸ਼ਟਰੀ ਕੁਆਂਟਮ ਮਿਸ਼ਨ ਦੇ ਅਨੁਸਾਰ ਹੈ। ਇਹ ਕੁਆਂਟਮ ਤਕਨਾਲੋਜੀ, ਉੱਨਤ ਕ੍ਰਾਇਓਜੇਨਿਕਸ ਅਤੇ ਰਣਨੀਤਕ ਤਕਨਾਲੋਜੀਆਂ 'ਚ ਭਾਰਤ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰੇਗਾ।
ਇਹ ਆਯਾਤ ਕੀਤੇ ਕ੍ਰਾਇਓਜੇਨਿਕ ਬੁਨਿਆਦੀ ਢਾਂਚੇ 'ਤੇ ਨਿਰਭਰਤਾ ਘਟਾਉਣ ਅਤੇ ਘਰੇਲੂ ਕੁਆਂਟਮ ਤਕਨਾਲੋਜੀ ਖੇਤਰ ਨੂੰ ਮਜ਼ਬੂਤ ਕਰਨ 'ਚ ਵੀ ਮਦਦ ਕਰੇਗਾ। ਰੱਖਿਆ ਮੰਤਰੀ ਨੇ ਡੀਆਰਡੀਓ, ਉਦਯੋਗ ਅਤੇ ਇਸ ਪ੍ਰਾਜੈਕਟ 'ਚ ਸ਼ਾਮਲ ਸਾਰੇ ਹੋਰ ਹਿੱਸੇਦਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਭਾਈਵਾਲੀ ਡੀਆਰਡੀਓ ਅਤੇ ਉਦਯੋਗ ਵਿਚਕਾਰ ਉੱਭਰਦੀਆਂ ਤਕਨਾਲੋਜੀਆਂ 'ਚ ਭਵਿੱਖ ਦੇ ਸਹਿਯੋਗ ਲਈ ਇਕ ਮਹੱਤਵਪੂਰਨ ਉਦਾਹਰਣ ਕਾਇਮ ਬਣੇਗੀ।
ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਨੇ ਵੀ ਇਸ ਪਹਿਲ ਨਾਲ ਜੁੜੀਆਂ ਟੀਮਾਂ ਨੂੰ ਵਧਾਈ ਦਿੱਤੀ ਅਤੇ ਪ੍ਰਾਜੈਕਟ ਦੇ ਟੀਚਿਆਂ ਨੂੰ ਹਾਸਲ ਕਰਨ ਲਈ ਸਫ਼ਲਤਾ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਮਾਈਕ੍ਰੋਇਲੈਕਟ੍ਰਾਨਿਕ ਡਿਵਾਈਸਾਂ ਅਤੇ ਕੰਪਿਊਟੇਸ਼ਨਲ ਸਿਸਟਮ ਅਤੇ ਸਾਈਬਰ ਸੁਰੱਖਿਆ ਦੇ ਡਾਇਰੈਕਟਰ ਜਨਰਲ, ਤਕਨਾਲੋਜੀ ਪ੍ਰਬੰਧਨ ਦੇ ਡਾਇਰੈਕਟਰ ਜਨਰਲ, ਸਾਲਿਡ ਸਟੇਟ ਫਿਜ਼ਿਕਸ ਲੈਬਾਰਟਰੀ ਦੇ ਡਾਇਰੈਕਟਰ ਅਤੇ ਹੋਰ ਸਬੰਧਤ ਅਧਿਕਾਰੀ ਮੌਜੂਦ ਰਹੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਤਿਉਹਾਰੀ ਸੀਜ਼ਨ ਤੋਂ ਪਹਿਲਾਂ ਲੱਗੇਗਾ ਝਟਕਾ ! ਮਹਿੰਗੇ ਹੋਣਗੇ AC-TV ਤੇ ਫਰਿੱਜਾਂ
NEXT STORY