ਹਿਸਾਰ (ਬਿਊਰੋ)— ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) 'ਚ ਪਰਿਵਾਰ ਕਲੇਸ਼ ਤੋਂ ਬਾਅਦ ਪਾਰਟੀ ਵਰਕਰਾਂ 'ਚ ਵੀ ਵਖਰੇਵਾਂ ਦੇਖਣ ਨੂੰ ਮਿਲ ਰਿਹਾ ਹੈ। ਭਾਵੇਂ ਹੀ ਪਾਰਟੀ ਦੇ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਦੇ ਪੁੱਤਰ ਅਭੈ ਚੌਟਾਲਾ ਕੋਲ ਪੂਰੀ ਇਨੈਲੋ ਚਲੀ ਗਈ ਹੋਵੇ ਪਰ ਜ਼ਿਆਦਾਤਰ ਪਾਰਟੀ ਵਰਕਰ ਦੁਸ਼ਯੰਤ ਦਾ ਪੱਖ ਪੂਰਦੇ ਨਜ਼ਰ ਆ ਰਹੇ ਹਨ। ਅਭੈ ਚੌਟਾਲਾ ਦੇ ਸਮਰਥਨ ਵਿਚ ਜੋ ਵਰਕਰ ਖੜ੍ਹੇ ਹਨ, ਉਹ ਇੰਨਾ ਜ਼ੋਰ-ਸ਼ੋਰ ਨਹੀਂ ਕਰ ਰਹੇ, ਜਿੰਨਾ ਅਜੈ ਚੌਟਾਲਾ ਅਤੇ ਉਨ੍ਹਾਂ ਦੇ ਦੋਹਾਂ ਪੁੱਤਰਾਂ ਦੁਸ਼ਯੰਤ ਅਤੇ ਦਿਗਵਿਜੇ ਚੌਟਾਲਾ ਦੇ ਸਮਰਥਕ ਕਰ ਰਹੇ ਹਨ। ਅਜੇ ਤਕ ਤਾਂ ਦੁਸ਼ਯੰਤਵਾਦੀ ਵਰਕਰ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਨਜ਼ਰ ਆਏ। ਖਾਸ ਗੱਲ ਇਹ ਹੈ ਕਿ ਦੁਸ਼ਯੰਤ ਅਤੇ ਦਿਗਵਿਜੇ ਵਿਆਹ ਦੇ ਕਾਰਡਾਂ 'ਤੇ ਨਜ਼ਰ ਆਉਣ ਲੱਗੇ ਹਨ।

ਦਰਅਸਲ ਸ਼ਾਦੀ-ਵਿਆਹ ਦੇ ਕਾਰਡਾਂ ਨੂੰ ਲੋਕ ਵੱਖ-ਵੱਖ ਡਿਜ਼ਾਈਨਾਂ ਵਿਚ ਛਪਵਾਉਂਦੇ ਹਨ, ਉਨ੍ਹਾਂ 'ਚ ਗਣੇਸ਼ ਭਗਵਾਨ ਦੀ ਤਸਵੀਰ ਛਪੀ ਹੁੰਦੀ ਹੈ, ਉੱਥੇ ਹੀ ਕਾਰਡਾਂ 'ਤੇ ਦੁਸ਼ਯੰਤ ਦੇ ਸਮਰਥਕਾਂ ਨੇ ਦੁਸ਼ਯੰਤ ਚੌਟਾਲਾ ਦੀ ਤਸਵੀਰ ਛਪਵਾਈ ਹੈ। ਕੁਝ ਕਾਰਡਾਂ ਵਿਚ ਦੁਸ਼ਯੰਤ ਅਤੇ ਦਿਗਵਿਜੇ ਦੋਵੇਂ ਹੀ ਨਜ਼ਰ ਆ ਰਹੇ ਹਨ। ਕੁਝ 'ਤੇ ਦੁਸ਼ਯੰਤ ਚੌਟਾਲਾ ਜ਼ਿੰਦਾਬਾਦ ਲਿਖਿਆ ਗਿਆ ਹੈ ਅਤੇ ਕੁਝ 'ਤੇ 'ਜਹਾਂ ਦੁਸ਼ਯੰਤ ਵਹਾਂ ਹਮ' ਦਾ ਨਾਅਰਾ ਲਿਖਿਆ ਗਿਆ ਹੈ। ਕਾਰਡਾਂ 'ਤੇ ਅਜਿਹਾ ਲਿਖਿਆ ਮਿਲਣਾ ਇਹ ਜ਼ਾਹਰ ਕਰਦਾ ਹੈ ਕਿ ਦੁਸ਼ਯੰਤ ਦੇ ਸਮਰਥਕ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਦੁਸ਼ਯੰਤ ਚੌਟਾਲਾ ਦੀ ਲੋਕਪ੍ਰਿਅਤਾ ਹੋਰ ਵਧਾਉਣ ਦੀ ਭਰਪੂਰ ਕੋਸ਼ਿਸ਼ ਕਰ ਰਹੇ ਹਨ। ਮੀਡੀਆ 'ਚ ਇਹ ਸਭ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਜ਼ਿਕਰਯੋਗ ਹੈ ਹਰਿਆਣਾ ਵਿਚ ਇਨੈਲੋ ਪਾਰਟੀ ਆਪਸੀ ਪਰਿਵਾਰਕ ਕਲੇਸ਼ ਕਾਰਨ ਦੋ ਫਾੜ ਹੋ ਗਈ ਹੈ। ਅਜੈ ਚੌਟਾਲਾ ਦੇ ਦੋਹਾਂ ਪੁੱਤਰਾਂ ਦੁਸ਼ਯੰਤ ਚੌਟਾਲਾ ਅਤੇ ਦਿਗਵਿਜੇ ਚੌਟਾਲਾ 'ਤੇ ਪਾਰਟੀ 'ਚ ਅਨੁਸ਼ਾਸਨ ਭੰਗ ਕਰਨ ਕਾਰਨ ਪਾਰਟੀ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਨੇ ਉਨ੍ਹਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ। ਦੋਹਾਂ 'ਤੇ ਹਰਿਆਣਾ ਦੇ ਗੋਹਾਨਾ 'ਚ ਹੋਈ ਚੌਧਰੀ ਦੇਵੀਲਾਲ ਦੇ ਜਨਮ ਦਿਵਸ ਮੌਕੇ ਰੈਲੀ ਦੌਰਾਨ ਅਨੁਸ਼ਾਸਨ ਭੰਗ ਕਰਨ ਅਤੇ ਪਾਰਟੀ ਵਿਰੁੱਧ ਨਾਅਰੇਬਾਜ਼ੀ ਕਰਨਦੇ ਦੋਸ਼ ਲਾਏ ਗਏ ਸਨ। ਪੁੱਤਰਾਂ ਨੂੰ ਪਾਰਟੀ 'ਚੋਂ ਕੱਢਣ ਮਗਰੋਂ ਅਜੈ ਚੌਟਾਲਾ ਨੂੰ ਵੀ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਹੈ।
ਮੈਟਰੋ ਟਰੇਨ 'ਚ ਪਿਸਤੌਲ ਲੈ ਕੇ ਯਾਤਰਾ ਕਰ ਰਿਹਾ ਸੀ ਇਹ ਵਿਅਕਤੀ
NEXT STORY