ਜਿਵੇਂ-ਜਿਵੇਂ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਮੁੱਖ ਸਿਆਸੀ ਪਾਰਟੀਆਂ ’ਚ 2 ਗੱਠਜੋੜ ਪ੍ਰਮੁੱਖ ਹਨ- ਕਾਂਗਰਸ ਅਤੇ ਖੱਬੀਆਂ ਪਾਰਟੀਆਂ ਦੇ ਨਾਲ ਸੱਤਾਧਾਰੀ ਡੀ. ਐੱਮ. ਕੇ. ਦੀ ਅਗਵਾਈ ਵਾਲਾ ਗੱਠਜੋੜ ਅਤੇ ਅੰਨਾਦ੍ਰਮੁੱਕ ਗੱਠਜੋੜ। ਮੁੱਖ ਮੰਤਰੀ ਐੱਮ. ਕੇ. ਸਟਾਲਿਨ ਵੱਲੋਂ ਦ੍ਰਮੁੱਕ ਦੀ ਅਗਵਾਈ ਕਰਨਾ ਅਤੇ ਇਸ ਗੱਠਜੋੜ ਨੂੰ ਬਣਾਈ ਰੱਖਣਾ ਜਾਰੀ ਹੈ।
ਜੇ. ਜੈਲਲਿਤਾ ਦੇ ਦਿਹਾਂਤ ਤੋਂ ਬਾਅਦ ਅੰਨਾ ਦ੍ਰਮੁੱਕ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰ ਰਹੀ ਹੈ। ਇਹ ਅੰਦਰੂਨੀ ਟਕਰਾਵਾਂ ਦਾ ਸਾਹਮਣਾ ਕਰ ਰਹੀ ਹੈ, ਜੋ ਇਸਦੀ ਸਥਿਰਤਾ ਲਈ ਖਤਰਾ ਪੈਦਾ ਕਰ ਰਹੇ ਹਨ। ਇਸ ਦੌਰਾਨ ਟੀ. ਟੀ. ਵੀ. ਦਿਨਾਕਰਨ, ਓ. ਪਨੀਰਸੇਲਵਮ ਅਤੇ ਸ਼ਸ਼ੀਕਲਾ ਦੀ ਬਰਖਾਸਤਗੀ ਇਨ੍ਹਾਂ ਮੁੱਦਿਆਂ ਨੂੰ ਉਜਾਗਰ ਅਤੇ ਅੰਨਾਦ੍ਰਮੁੱਕ ਨੂੰ ਪ੍ਰਭਾਵਿਤ ਕਰਦੇ ਹਨ। ਉੱਥੇ ਹੀ ਅਦਾਕਾਰ ਵਿਜੇ ਵੱਲੋਂ ਸ਼ੁਰੂ ਕੀਤੀ ਗਈ ਨਵੀਂ ਸਿਆਸੀ ਪਾਰਟੀ ’ਤੇ ਸਭ ਦਾ ਧਿਆਨ ਜਾ ਰਿਹਾ ਹੈ।
2004 ਤੋਂ ਸਹਿਯੋਗੀ ਹੋਣ ਦੇ ਬਾਵਜੂਦ, ਕਾਂਗਰਸ ਅਤੇ ਦ੍ਰਮੁੱਕ ਦੇ ਸਬੰਧਾਂ ’ਚ ਹਾਲ ਹੀ ਵਿਚ ਕੁਝ ਉਤਾਰ-ਚੜ੍ਹਾਅ ਦੇਖੇ ਗਏ ਹਨ। ਹੁਣ, 2026 ਦੀਆਂ ਚੋਣਾਂ ਤੋਂ ਪਹਿਲਾਂ, ਕਾਂਗਰਸ ਨੇ ਸੱਤਾ ’ਚ ਹਿੱਸੇਦਾਰੀ ਦੀ ਮੰਗ ਕੀਤੀ ਹੈ, ਜੋ ਉਨ੍ਹਾਂ ਅੰਦਰੂਨੀ ਸੰਘਰਸ਼ਾਂ ਨੂੰ ਉਜਾਗਰ ਕਰਦੀ ਹੈ, ਜੋ ਉਨ੍ਹਾਂ ਦੀਆਂ ਰਣਨੀਤੀਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਓ. ਪਨੀਰਸੇਲਵਮ ਨੂੰ ਅਜੇ ਤੱਕ ਅਜਿਹੀ ਕੋਈ ਪਾਰਟੀ ਨਹੀਂ ਮਿਲੀ, ਜੋ ਉਨ੍ਹਾਂ ਨੂੰ ਸਵੀਕਾਰ ਕਰੇ।
ਦ੍ਰਮੁੱਕ ਕਦੇ ਵੀ ਸੱਤਾ ਸਾਂਝੀ ਕਰਨ (ਪਾਵਰ-ਸ਼ੇਅਰਿੰਗ) ’ਤੇ ਸਹਿਮਤ ਨਹੀਂ ਹੋਈ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਦ੍ਰਮੁੱਕ ਨੇਤਾ ਕਨੀਮੋਝੀ ਨੇ ਬੁੱਧਵਾਰ ਨੂੰ 10 ਜਨਪਥ ’ਤੇ ਆਗਾਮੀ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਅਤੇ ਉਨ੍ਹਾਂ ਦੀ ਗੱਠਜੋੜ ਦੀ ਰਾਜਨੀਤੀ ’ਤੇ ਚਰਚਾ ਕਰਨ ਲਈ ਮੁਲਾਕਾਤ ਕੀਤੀ ਪਰ ਸੀਟਾਂ ਦੀ ਵੰਡ ’ਤੇ ਕੋਈ ਸਮਝੌਤਾ ਨਹੀਂ ਹੋ ਸਕਿਆ।
ਕਾਂਗਰਸ ਸੰਸਦ ਮੈਂਬਰ ਮਣਿੱਕਮ ਟੈਗੋਰ ਉਨ੍ਹਾਂ ਲੋਕਾਂ ’ਚ ਸ਼ਾਮਲ ਸਨ, ਜਿਨ੍ਹਾਂ ਨੇ ਸੱਤਾ ’ਚ ਹਿੱਸੇਦਾਰੀ ਦੀ ਮੰਗ ਕਰਦਿਆਂ ਕਿਹਾ, ‘‘ਅਸੀਂ ਸੱਤਾ ’ਚ ਹਿੱਸੇਦਾਰੀ ਲਈ ਲੜਨਾ ਜਾਰੀ ਰੱਖਾਂਗੇ ਅਤੇ ਅਸੀਂ ਇਸਨੂੰ ਹਾਸਲ ਕਰਾਂਗੇ।’’ ਇਹ ਕਾਂਗਰਸੀ ਨੇਤਾਵਾਂ ਦੇ ਸੰਕਲਪ ਨੂੰ ਦਰਸਾਉਂਦਾ ਹੈ। ਰਾਹੁਲ ਗਾਂਧੀ ਨੇ ਪਿਛਲੇ ਹਫਤੇ ਦ੍ਰਮੁੱਕ ਨੇਤਾ ਕਨੀਮੋਝੀ ਨਾਲ ਬੈਠਕ ਦੌਰਾਨ ਵੀ ਇਹ ਮੁੱਦਾ ਉਠਾਇਆ ਸੀ। ਹਾਲਾਂਕਿ, ਦ੍ਰਮੁੱਕ ਨੇ ਇਸ ਵਿਚਾਰ ਨੂੰ ਖਾਰਿਜ ਕਰ ਦਿੱਤਾ ਹੈ। ਦ੍ਰਮੁੱਕ ਨੇ ਸਪੱਸ਼ਟ ਰੂਪ ’ਚ ਕਿਹਾ ਹੈ ਕਿ ਉਹ ਕਾਂਗਰਸ ਨੂੰ ਕੈਬਨਿਟ ਸੀਟ ਨਹੀਂ ਦੇਵੇਗੀ। ਹਾਲਾਂਕਿ, ਇਸ ਨੇ ਗੱਠਜੋੜ ਜਾਰੀ ਰੱਖਣ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ। ਦ੍ਰਮੁੱਕ ਕਾਂਗਰਸ ਨੂੰ ਮਨਾਉਣ ਲਈ ਰਾਜ ਸਭਾ ਸੀਟ ਦੀ ਪੇਸ਼ਕਸ਼ ਕਰ ਰਹੀ ਹੈ। ਫਿਰ ਵੀ, ਕਾਂਗਰਸ ਨੂੰ ਬਿਹਤਰ ਦੀ ਉਮੀਦ ਹੈ।
ਗੱਠਜੋੜ ’ਚ ਵੱਧ ਸੀਟਾਂ ਅਤੇ ਸ਼ਕਤੀ ਲਈ ਪਾਰਟੀ ਦੀਆਂ ਮੰਗਾਂ ਸਥਿਰਤਾ ਦੇ ਮਹੱਤਵ ਅਤੇ ਚੋਣ ਨਤੀਜਿਆਂ ਨੂੰ ਰੂਪ ਦੇਣ ’ਚ ਗੱਠਜੋੜਾਂ ਦੀ ਭੂਮਿਕਾ ਨੂੰ ਉਜਾਗਰ ਕਰਦੀਆਂ ਹਨ।
ਦ੍ਰਵਿੜ ਪਾਰਟੀਆਂ ਅਕਸਰ ਵੋਟਾਂ ਲਈ ਛੋਟੇ ਸਹਿਯੋਗੀਆਂ ’ਤੇ ਨਿਰਭਰ ਰਹਿੰਦੀਆਂ ਹਨ ਪਰ ਸੱਤਾ ਸਾਂਝੀ ਕਰਨ ਦਾ ਵਿਰੋਧ ਕਰਦੀਆਂ ਹਨ। ਉਦਾਹਰਣ ਵਜੋਂ ਪਿਛਲੀ ਜੂਨ ’ਚ ਅੰਨਾਦ੍ਰਮੱਕ ਦੇ ਜਨਰਲ ਸਕੱਤਰ ਐਡਪਾਡੀ ਕੇ. ਪਲਾਨੀਸਵਾਮੀ ਨੇ ਕਿਹਾ ਸੀ ਕਿ ਕੋਈ ਸੱਤਾ-ਸਾਂਝੀ ਕਰਨ ਦਾ ਸਮਝੌਤਾ ਨਹੀਂ ਹੋਵੇਗਾ, ਉਨ੍ਹਾਂ ਦਾ ਤਰਕ ਸੀ ਕਿ ਗੱਠਜੋੜ ਸਰਕਾਰਾਂ ਤਾਮਿਲਨਾਡੂ ਦੀ ਸਿਆਸੀ ਸੰਸਕ੍ਰਿਤੀ ਦੇ ਅਨੁਕੂਲ ਨਹੀਂ ਹਨ। ਉਨ੍ਹਾਂ ਨੇ ਇਕ-ਪਾਰਟੀ ਸ਼ਾਸਨ ਪ੍ਰਤੀ ਪਾਰਟੀ ਦੀ ਵਚਨਬੱਧਤਾ ’ਤੇ ਜ਼ੋਰ ਦਿੱਤਾ।
ਐੱਨ. ਡੀ. ਏ. ਦੀ ਸੀਟ-ਸਾਂਝੀ ਯੋਜਨਾ ਨਵੇਂ ਵਿਚਾਰਾਂ ਦੀ ਖੋਜ ਤੋਂ ਹਟ ਕੇ ਉਨ੍ਹਾਂ ਨੂੰ ਲਾਗੂ ਕਰਨ ਦੀ ਦਿਸ਼ਾ ’ਚ ਬਦਲਾਅ ਦਿਖਾਉਂਦੀ ਹੈ। ਰਣਨੀਤੀ ’ਚ ਬਦਲਾਅ ਕਰਦੇ ਹੋਏ ਐੱਨ. ਡੀ. ਏ. ਹੁਣ ਸਿਰਫ਼ ਵਿਸਥਾਰ ਕਰਨ ਦੀ ਬਜਾਏ ਵੱਧ ਸੀਟਾਂ ਜਿੱਤਣ ’ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਹੈ। ਐੱਨ. ਡੀ. ਏ. ਡੀ. ਐੱਮ. ਕੇ. ਵਿਰੋਧੀ ਵੋਟ ਹਾਸਲ ਕਰਨ ’ਤੇ ਧਿਆਨ ਕੇਂਦਰਿਤ ਕਰੇਗਾ, ਜਿਸ ’ਚ ਅੰਨਾ ਦ੍ਰਮੁੱਕ ਮੁੱਖ ਪਾਰਟੀ ਅਤੇ ਭਾਜਪਾ ਪ੍ਰਮੁੱਖ ਸਮਰਥਕ ਵਜੋਂ ਹੋਵੇਗੀ। ਐੱਨ. ਡੀ. ਏ. ਨੇ ਵਿਧਾਨ ਸਭਾ ਚੋਣਾਂ ਲਈ ਆਪਣੀਆਂ ਸੰਭਾਵਨਾਵਾਂ ’ਚ ਸੁਧਾਰ ਕੀਤਾ ਹੈ। ਸੀਟਾਂ ਜਿੱਤਣਾ ਉਮੀਦਵਾਰਾਂ ਦੀ ਚੋਣ, ਉਨ੍ਹਾਂ ਦੀ ਗੁਣਵੱਤਾ ਅਤੇ ਪ੍ਰਭਾਵਸ਼ੀਲਤਾ ਅਤੇ ਬੂਥ ਰਣਨੀਤੀ ’ਤੇ ਨਿਰਭਰ ਕਰਦਾ ਹੈ।
ਅੰਨਾਦ੍ਰਮੁੱਕ ਨੇਤਾ ਈ. ਪਲਾਨੀਸਵਾਮੀ ਨੇ ਪਾਰਟੀ ਏਕਤਾ ਦੇ ਮਹੱਤਵ ’ਤੇ ਜ਼ੋਰ ਦਿੰਦੇ ਹੋਏ ਓ. ਪਨੀਰਸੇਲਵਮ ਅਤੇ ਟੀ. ਟੀ. ਵੀ. ਦਿਨਾਕਰਨ ਨੂੰ ਨਾ-ਮਨਜ਼ੂਰ ਕਰਨਾ ਜਾਰੀ ਰੱਖਿਆ ਹੈ। ਓ. ਪੀ. ਐੱਸ. ਐੱਨ. ਡੀ. ਏ. ’ਚ ਸ਼ਾਮਲ ਹੋਣ ਲਈ ਉਤਸੁਕ ਹਨ, ਭਾਵੇਂ ਉਹ ਏ. ਐੱਮ. ਐੱਮ. ਕੇ. ਰਾਹੀਂ ਹੋਵੇ ਜਾਂ ਅੰਨਾਦ੍ਰਮੱਕ ’ਚ ਪਰਤ ਕੇ। ਮੁੱਖ ਸਵਾਲ ਇਹ ਹੈ ਕਿ ਕੀ ਅੰਨਾਦ੍ਰਮੁੱਕ ਓ. ਪੀ. ਐੱਸ. ਦਾ ਵਾਪਸ ਸਵਾਗਤ ਕਰੇਗੀ ਜਾਂ ਉਨ੍ਹਾਂ ਨੂੰ ਕਿਨਾਰੇ ਕਰ ਦੇਵੇਗੀ ਅਤੇ ਕੀ ਸਿਆਸੀ ਸਥਿਰਤਾ ਅਤੇ ਪ੍ਰਸੰਗਿਕਤਾ ਨੂੰ ਲੈ ਕੇ ਚਿੰਤਾਵਾਂ ਹਨ?
ਇਕ ਹੋਰ ਦਿਲਚਸਪ ਪਹਿਲੂ ਇਹ ਹੈ ਕਿ ਲੋਕਪ੍ਰਿਯ ਅਦਾਕਾਰ ਵਿਜੇ ਨੇ 2024 ’ਚ ਆਪਣੀ ਸਿਆਸੀ ਪਾਰਟੀ, ‘ਤਮਿਲਗਾ ਵੇਤਰੀ ਕੜਗਮ’ (ਟੀ. ਵੀ. ਕੇ.) ਲਾਂਚ ਕੀਤੀ ਅਤੇ ਉਸ ਤੋਂ ਤੁਰੰਤ ਬਾਅਦ ਐਲਾਨ ਕੀਤਾ ਕਿ ਉਹ ਰਾਜਨੀਤੀ ’ਚ ਪੂਰੇ ਸਮੇਂ ਵਾਸਤੇ ਆਉਣ ਲਈ ਫ਼ਿਲਮਾਂ ਤੋਂ ਸੰਨਿਆਸ ਲੈ ਲੈਣਗੇ। ਉਨ੍ਹਾਂ ਨੇ ਕਿਹਾ ਕਿ ਇਸ ਮਹੀਨੇ ਆਉਣ ਵਾਲੀ ਉਨ੍ਹਾਂ ਦੀ ਫ਼ਿਲਮ ‘ਜਨ ਨਾਇਕਨ’ ਉਨ੍ਹਾਂ ਦੀ ਵਿਦਾਈ ਰਿਲੀਜ਼ ਹੋਵੇਗੀ।
51 ਸਾਲ ਦੀ ਉਮਰ ’ਚ, ਇਹ ਸਿਤਾਰਾ ਇਕ ਸਫਲ ਫ਼ਿਲਮੀ ਕਰੀਅਰ ਤੋਂ ਪਿੱਛੇ ਹਟ ਰਿਹਾ ਹੈ, ਜਿਸ ਨੂੰ ਛੱਡਣ ’ਚ ਕਈ ਅਦਾਕਾਰ ਸੰਕੋਚ ਕਰਨਗੇ। ਉਹ ਭਾਰਤੀ ਸਿਨੇਮਾ ਦੇ ਸਭ ਤੋਂ ਲੋਕਪ੍ਰਿਯ ਸਿਤਾਰਿਆਂ ’ਚੋਂ ਇਕ ਬਣੇ ਹੋਏ ਹਨ। ਉਹ ਤਿਉਹਾਰਾਂ ’ਤੇ ਫ਼ਿਲਮਾਂ ਦੀ ਰਿਲੀਜ਼ ਨੂੰ ਉਤਸ਼ਾਹਿਤ ਕਰਨ ’ਚ ਮਦਦ ਕਰਦੇ ਹਨ ਅਤੇ ਸੈਟੇਲਾਈਟ ਅਧਿਕਾਰਾਂ, ਸੰਗੀਤ ਅਤੇ ਮਰਚੈਂਡਾਈਜ਼ ਦੇ ਜ਼ਰੀਏ ਗਲੋਬਲ ਤਾਮਿਲ ਭਾਈਚਾਰੇ ਲਈ ਮਾਲੀਆ ਪੈਦਾ ਕਰਦੇ ਹਨ।
ਵਿਜੇ ਦੀ ਪਾਰਟੀ ਆਗਾਮੀ ਤਾਮਿਲਨਾਡੂ ਵਿਧਾਨ ਸਭਾ ਚੋਣਾਂ ’ਚ ਸਥਾਪਤ ਪਾਰਟੀਆਂ, ਡੀ. ਐੱਮ. ਕੇ. ਅਤੇ ਅੰਨਾਦ੍ਰਮੱਕ ਦੇ ਖ਼ਿਲਾਫ਼ ਚੋਣ ਲੜੇਗੀ। ਉਨ੍ਹਾਂ ਦੀ ਪਾਰਟੀ ਦਾ ਟੀਚਾ ਡੀ. ਐੱਮ. ਕੇ. ਅਤੇ ਅੰਨਾਦ੍ਰਮੱਕ ਦੋਵਾਂ ਨੂੰ ਚੁਣੌਤੀ ਦੇਣਾ ਹੈ ਅਤੇ ਇਕੱਲਿਆਂ ਚੋਣ ਲੜਨ ਦੀ ਯੋਜਨਾ ਹੈ। ਵਿਜੇ ਦਾ ਇਕ ਵੱਡਾ ਪ੍ਰਸ਼ੰਸਕ ਆਧਾਰ ਹੈ। ਉਨ੍ਹਾਂ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਪਰ ਉਹ ਕਿਸੇ ਸਮਝੌਤੇ ’ਤੇ ਨਹੀਂ ਪਹੁੰਚ ਸਕੇ।
ਕਮਲ ਹਾਸਨ ਇਕ ਪ੍ਰਸਿੱਧ ਅਦਾਕਾਰ ਅਤੇ ਸਿਆਸੀ ਪਾਰਟੀ ‘ਮੱਕਲ ਨਿਧੀ ਮਾਇਅਮ’ ਦੇ ਨੇਤਾ ਹਨ। ਉਹ ਆਜ਼ਾਦ ਮੁਹਿੰਮਾਂ ਤੋਂ ਹਟ ਕੇ ਡੀ. ਐੱਮ. ਕੇ. ਨਾਲ ਜੁੜ ਕੇ ਤਾਮਿਲਨਾਡੂ ’ਚ ਆਪਣੀ ਸਿਆਸੀ ਮੌਜੂਦਗੀ ਵਧਾ ਰਹੇ ਹਨ। 2025-2026 ਤੱਕ, ਉਹ ਰਾਜ ਸਭਾ ਦੇ ਮੈਂਬਰ ਹਨ, ਜੋ ਜੂਨ 2025 ’ਚ ਚੁਣੇ ਗਏ ਸਨ। ਉਹ ਮੱਧ ਮਾਰਗੀ, ਭ੍ਰਿਸ਼ਟਾਚਾਰ ਵਿਰੋਧੀ ਰਾਜਨੀਤੀ ’ਤੇ ਧਿਆਨ ਕੇਂਦਰਿਤ ਕਰਦੇ ਹਨ ਅਤੇ ਡੀ. ਐੱਮ. ਕੇ. ਲਈ ਇਕ ਮਹੱਤਵਪੂਰਨ ਸਹਿਯੋਗੀ ਹਨ, ਵਿਸ਼ੇਸ਼ ਤੌਰ ’ਤੇ 2026 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ।
ਇਸ ਰਾਜ ’ਚ ਕਈ ਫ਼ਿਲਮੀ ਸਿਤਾਰੇ ਰਾਜਨੇਤਾ ਬਣੇ ਹਨ। ਐੱਮ. ਜੀ. ਆਰ. ਦੇ ਨਾਂ ਨਾਲ ਜਾਣੇ ਜਾਂਦੇ ਐੱਮ.ਜੀ. ਰਾਮਚੰਦਰਨ ਅਤੇ ਜੈਲਲਿਤਾ ਦਾ ਸਿਆਸੀ ਕਰੀਅਰ ਬਹੁਤ ਸਫਲ ਰਿਹਾ। ਇਸ ਤੋਂ ਪਹਿਲਾਂ, ਸੀ. ਐੱਨ. ਅੰਨਾਦੁਰਾਈ ਅਤੇ ਐੱਮ. ਕਰੁਣਾਨਿਧੀ ਜ਼ਿਕਰਯੋਗ ਸ਼ਖ਼ਸੀਅਤਾਂ ਸਨ। ਉਹ ਦੋਵੇਂ ਮੁੱਖ ਮੰਤਰੀ ਵੀ ਬਣੇ। ਰਜਨੀਕਾਂਤ, ਕਮਲ ਹਾਸਨ, ਖੁਸ਼ਬੂ ਅਤੇ ਵਿਜੇਕਾਂਤ ਵਰਗੇ ਹੋਰ ਅਦਾਕਾਰਾਂ ਨੇ ਵੀ ਰਾਜਨੀਤੀ ’ਚ ਹੱਥ ਅਜ਼ਮਾਇਆ ਪਰ ਉਨ੍ਹਾਂ ਦੀ ਸਫਲਤਾ ਮਿਲੀ-ਜੁਲੀ ਰਹੀ ਹੈ।
ਸਟਾਲਿਨ ਨੇ ਗੱਠਜੋੜ ਦੀ ਲੋੜ ਨੂੰ ਮਹਿਸੂਸ ਕੀਤਾ ਹੈ ਅਤੇ ਡੀ. ਐੱਮ. ਕੇ. ਨੂੰ ਗਠਜੋੜ ’ਚ ਬਣਾਈ ਰੱਖਣ ਦਾ ਸਮਰਥਨ ਕਰਦੇ ਹਨ। ਕਾਂਗਰਸ ਦੇ ਕੁਝ ਨੇਤਾ ਚਾਹੁੰਦੇ ਹਨ ਕਿ ਪਾਰਟੀ ਵਿਜੇ ਦੀ ਪਾਰਟੀ ’ਚ ਸ਼ਾਮਲ ਹੋ ਜਾਵੇ ਪਰ ਵਿਜੇ ਦੀ ਪਾਰਟੀ ਅਜੇ ਤੱਕ ਪਰਖੀ ਨਹੀਂ ਗਈ ਹੈ।
ਤਾਮਿਲਨਾਡੂ ਦਾ ਸਿਆਸੀ ਦ੍ਰਿਸ਼ ਅਜੇ ਵੀ ਧੁੰਦਲਾ ਹੈ ਅਤੇ ਸਥਿਤੀ ਸਪੱਸ਼ਟ ਹੋਣ ਤੋਂ ਪਹਿਲਾਂ ਕੁਝ ਹੋਰ ਦਿਨਾਂ ਦਾ ਇੰਤਜ਼ਾਰ ਕਰਨਾ ਹੋਵੇਗਾ ਪਰ ਤਾਮਿਲਨਾਡੂ ’ਚ ਚਰਚਾ ਇਹ ਹੈ ਕਿ ਡੀ. ਐੱਮ . ਕੇ. ਗੱਠਜੋੜ ਦੀ ਵਾਪਸੀ ਹੋ ਸਕਦੀ ਹੈ।
ਕਲਿਆਣੀ ਸ਼ੰਕਰ
ਪਹਿਲਾਂ ਸੱਤਾ ਲੋਕਾਂ ਤੋਂ ਡਰਦੀ ਸੀ, ਹੁਣ ਲੋਕ ਸੱਤਾ ਤੋਂ
NEXT STORY