ਪੂਰਬੀ ਲੱਦਾਖ ਗਤੀਰੋਧ : ਭਾਰਤ, ਚੀਨ ਵਿਚਾਲੇ ਐਤਵਾਰ ਨੂੰ ਹੋਵੇਗੀ ਫ਼ੌਜੀ ਗੱਲਬਾਤ
ਨਵੀਂ ਦਿੱਲੀ- ਭਾਰਤ ਅਤੇ ਚੀਨ ਵਿਚਾਲੇ ਉੱਚ ਪੱਧਰੀ ਫ਼ੌਜੀ ਗੱਲਬਾਤ ਦਾ ਇਕ ਹੋਰ ਦੌਰ ਐਤਵਾਰ ਨੂੰ ਹੋਵੇਗਾ, ਜਿਸ ’ਚ ਪੂਰਬੀ ਲੱਦਾਖ ’ਚ ਟਕਰਾਅ ਵਾਲੇ ਬਾਕੀ ਬਿੰਦੂਆਂ ਤੋਂ ਫ਼ੌਜੀਆਂ ਦੀ ਵਾਪਸੀ ਪ੍ਰਕਿਰਿਆ ’ਚ ਕੁਝ ਅੱਗੇ ਵਧਣ ’ਤੇ ਧਿਆਨ ਦਿੱਤਾ ਜਾਵੇਗਾ। ਸਰਕਾਰੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਗੱਲਬਾਤ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਦੇ ਚੀਨੀ ਪੱਖ ’ਤੇ ਮੋਲਡੋ ਸਰਹੱਦ ਬਿੰਦੂ ’ਤੇ ਸਵੇਰੇ 10.30 ਵਜੇ ਸ਼ੁਰੂ ਹੋਵੇਗੀ। ਭਾਰਤੀ ਪੱਖ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਦੇਪਸਾਂਗ ਬੁਲਗੇ ਅਤੇ ਡੇਮਚੋਕ ’ਚ ਮੁੱਦਿਆਂ ਦੇ ਹੱਲ ਲਈ ਦਬਾਅ ਪਾਉਣ ਤੋਂ ਇਲਾਵਾ ਟਕਰਾਅ ਵਾਲੇ ਬਾਕੀ ਬਿੰਦੂਆਂ ਤੋਂ ਜਲਦ ਤੋਂ ਜਲਦ ਫ਼ੌਜੀਆਂ ਦੀ ਵਾਪਸੀ ਦੀ ਮੰਗ ਕਰੇਗਾ। ਦੋਹਾਂ ਦੇਸ਼ਾਂ ਵਿਚਾਲੇ 12ਵੇਂ ਦੌਰ ਦੀ ਗੱਲਬਾਤ 31 ਜੁਲਾਈ ਨੂੰ ਹੋਈ ਸੀ।
ਇਹ ਵੀ ਪੜ੍ਹੋ : ਅਰੁਣਾਚਲ ਸੈਕਟਰ ’ਚ ਚੀਨ ਨੇ ਕੀਤੀ ਘੁਸਪੈਠ ਦੀ ਕੋਸ਼ਿਸ਼, ਭਾਰਤੀ ਫ਼ੌਜ ਨੇ ਚੀਨੀ ਫ਼ੌਜੀਆਂ ਨੂੰ ਦੌੜਾਇਆ
ਗੱਲਬਾਤ ਦੇ ਕੁਝ ਦਿਨਾਂ ਬਾਅਦ, ਦੋਹਾਂ ਫ਼ੌਜਾਂ ਨੇ ਗੋਗਰਾ ’ਚ ਫ਼ੌਜੀਆਂ ਦੀ ਵਾਪਸੀ ਦੀ ਪ੍ਰਕਿਰਿਆ ਪੂਰੀ ਕੀਤੀ, ਜਿਸ ਨੂੰ ਇਸ ਖੇਤਰ ’ਚ ਸ਼ਾਂਤੀ ਦੀ ਬਹਾਲੀ ਦੀ ਦਿਸ਼ਾ ’ਚ ਇਕ ਮਹੱਤਵਪੂਰਨ ਕਦਮ ਦੇ ਰੂਪ ’ਚ ਦੇਖਿਆ ਗਿਆ। ਚੀਨੀ ਫ਼ੌਜੀਆਂ ਵਲੋਂ ਘੁਸਪੈਠ ਦੀ ਕੋਸ਼ਿਸ਼ ਦੀ ਹਾਲ ਦੀਆਂ ਘਟਨਾਵਾਂ ਦਰਮਿਆਨ 13ਵੇਂ ਦੌਰ ਦੀ ਗੱਲਬਾਤ ਹੋਵੇਗੀ। ਇਹ ਘਟਨਾਵਾਂ ਉਤਰਾਖੰਡ ਦੇ ਬਾਰਾਹੋਤੀ ਸੈਕਟਰ ’ਚ ਅਤੇ ਦੂਜੀ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ’ਚ ਹੋਈ ਸੀ। ਭਾਰਤੀ ਅਤੇ ਚੀਨੀ ਫ਼ੌਜੀਆਂ ਦਰਮਿਆਨ ਪਿਛਲੇ ਹਫ਼ਤੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ’ਚ ਯਾਂਗਜੀ ਕੋਲ ਕੁਝ ਦੇਰ ਲਈ ਬਹਿਸ ਹੋਈ ਸੀ ਅਤੇ ਇਸ ਨੂੰ ਸਥਾਪਤ ਪ੍ਰੋਟੋਕਾਲ ਅਨੁਸਾਰ ਦੋਹਾਂ ਪੱਖਾਂ ਦੇ ਸਥਾਨਕ ਕਮਾਂਡਰਾਂ ਦਰਮਿਆਨ ਗੱਲਬਾਤ ਤੋਂ ਬਾਅਦ ਸੁਲਝਾਇਆ ਗਿਆ। ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਸੀ। ਇਕ ਮਹੀਨੇ ਪਹਿਲਾਂ ਵੀ, ਉਤਰਾਖੰਡ ਦੇ ਬਾਰਾਹੋਤੀ ਸੈਕਟਰ ’ਚ ਐੱਲ.ਏ.ਸੀ. ਨੂੰ ਲਗਭਗ 100 ਚੀਨੀ ਫ਼ੌਜੀਆਂ ਵਲੋਂ ਪਾਰ ਕੀਤੇ ਜਾਣ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਫ਼ੌਜੀਆਂ ਦਰਮਿਆਨ ਤਨਾਤਨੀ ਦੀ ਘਟਨਾ ਹੋਈ ਸੀ। ਐਤਵਾਰ ਦੀ ਗੱਲਬਾਤ ’ਚ ਭਾਰਤੀ ਵਫ਼ਦ ਦੀ ਅਗਵਾਈ ਲੇਹ ਸਥਿਤ 14ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਪੀ.ਜੀ.ਕੇ. ਮੇਨਨ ਕਰਨਗੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਦੇਸ਼ ਦੇ ਕਾਨੂੰਨ ਨੂੰ ਪੈਰਾਂ ਹੇਠਾਂ ਕੁਚਲਿਆ ਜਾ ਰਿਹੈ: ਅਖਿਲੇਸ਼
NEXT STORY