ਰਾਂਚੀ (ਭਾਸ਼ਾ)- ਆਪਣੀ ਤਰ੍ਹਾਂ ਦੇ ਇਕ ਅਜੀਬ ਮਾਮਲੇ 'ਚ 23 ਦਿਨਾਂ ਦੀ ਬੱਚੀ ਦੇ ਢਿੱਡ 'ਚ ਇੱਥੋਂ ਦੇ ਨਿੱਜੀ ਹਸਪਤਾਲ 'ਚ ਆਪਰੇਸ਼ਨ ਦੌਰਾਨ 8 ਭਰੂਣ ਮਿਲੇ। ਡਾਕਟਰਾਂ ਨੇ ਇਹ ਜਾਣਕਾਰੀ ਦਿੱਤੀ। ਅਪਰੇਸ਼ਨ ਕਰਨ ਵਾਲੇ ਡਾਕਟਰ ਮੁਹੰਮਦ ਇਮਰਾਨ ਨੇ ਦੱਸਿਆ ਕਿ ਭਰੂਣ ਦਾ ਆਕਾਰ ਤਿੰਨ ਤੋਂ ਪੰਜ ਸੈਂਟੀਮੀਟਰ ਤੱਕ ਹੈ, ਜੋ ਢਿੱਡ 'ਚ ਮੌਜੂਦ ਇਕ ਟਿਊਮਰ ਦੇ ਅੰਦਰ ਮਿਲੇ। 'ਜਰਨਲ ਆਫ਼ ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਿਨ' ਅਨੁਸਾਰ ਇਸ ਸਥਿਤੀ ਨੂੰ ਡਾਕਟਰੀ ਸ਼ਬਦਾਵਲੀ 'ਚ 'ਫੀਟਸ ਇਨ ਫੈਟੂ' (ਐੱਫ.ਆਈ.ਐੱਫ.) ਕਿਹਾ ਜਾਂਦਾ ਹੈ। ਡਾਕਟਰ ਇਮਰਾਨ ਨੇ ਕਿਹਾ,“ਹੁਣ ਤੱਕ ਉਪਲਬਧ ਪੇਪਰਾਂ ਅਤੇ ਰਸਾਲਿਆਂ ਦੇ ਅਨੁਸਾਰ, ਐੱਫ.ਆਈ.ਐੱਫ. ਦੇ ਜ਼ਿਆਦਾਤਰ ਮਾਮਲਿਆਂ 'ਚ ਸਿਰਫ ਇਕ ਭਰੂਣ ਹੋਣ ਦੀ ਜਾਣਕਾਰੀ ਮਿਲੀ ਹੈ। ਢਿੱਡ 'ਚ ਕਿਤੇ ਵੀ ਅੱਠ ਭਰੂਣ ਮਿਲਣ ਦੀ ਖ਼ਬਰ ਨਹੀਂ ਸੀ। ਇਸ ਬੱਚੀ ਦਾ ਜਨਮ 10 ਅਕਤੂਬਰ ਨੂੰ ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ 'ਚ ਸਥਿਤ ਇਕ ਸਰਕਾਰੀ ਹਸਪਤਾਲ 'ਚ ਹੋਇਆ ਸੀ। ਇਸ ਤੋਂ ਬਾਅਦ ਡਾਕਟਰਾਂ ਨੇ ਬੱਚੀ ਦੇ ਢਿੱਡ 'ਚ ਗੰਢ ਪਾਈ ਅਤੇ ਮਾਤਾ-ਪਿਤਾ ਨੂੰ ਤੁਰੰਤ ਆਪਰੇਸ਼ਨ ਕਰਵਾਉਣ ਦਾ ਸੁਝਾਅ ਦਿੱਤਾ, ਕਿਉਂਕਿ ਇਸ ਨਾਲ ਢਿੱਡ 'ਚ ਸਮੱਸਿਆ ਹੋ ਸਕਦੀ ਸੀ।
ਡਾਕਟਰਾਂ ਦੇ ਸੁਝਾਅ 'ਤੇ ਮਾਤਾ-ਪਿਤਾ ਨੇ ਬੱਚੀ ਦੇ 23 ਦਿਨ ਦੀ ਹੋਣ 'ਤੇ ਉਸ ਨੂੰ ਸ਼ੁਰੂਆਤੀ ਜਾਂਚ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਤਾਂ ਢਿੱਡ 'ਚ ਟਿਊਮਰ ਜਾਂ ਸਿਸਟ ਵਰਗੇ ਪਦਾਰਥ ਦਾ ਪਤਾ ਲੱਗਾ। ਇਹ ਟਿਊਮਰ ਡਾਇਫਰਾਮ ਦੇ ਠੀਕ ਹੇਠਾਂ ਸੀ। ਡਾ. ਇਮਰਾਨ ਨੇ ਕਿਹਾ,''ਅਸੀਂ ਟਿਊਮਰ ਨੂੰ ਆਪਰੇਸ਼ਨ ਕਰ ਕੇ ਕੱਢਣ ਦਾ ਫ਼ੈਸਲਾ ਕੀਤਾ ਅਤੇ ਆਪਰੇਸ਼ਨ ਇਕ ਨਵੰਬਰ ਨੂੰ ਕੀਤਾ ਗਿਆ। ਸਾਨੂੰ ਇਸ ਹਿੱਸੇ 'ਚ ਇਕ ਤੋਂ ਬਾਅਦ ਇਕ 8 ਭਰੂਣ ਮਿਲੇ।'' ਆਪਰੇਸ਼ਨ ਸਫ਼ਲ ਰਿਹਾ ਅਤੇ ਬੱਚੀ ਦੀ ਸਥਿਤੀ ਹੁਣ ਆਮ ਹੈ। ਫਿਲਹਾਲ ਬੱਚੀ ਨੂੰ ਡਾਕਟਰਾਂ ਦੀ ਦੇਖ-ਰੇਖ 'ਚ ਰੱਖਿਆ ਗਿਆ ਹੈ ਅਤੇ ਇਕ ਹਫ਼ਤੇ 'ਚ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਰਾਂਚੀ ਸਥਿਤ ਰਾਣੀ ਹਸਪਤਾਲ ਦੇ ਪ੍ਰਮੁੱਖ ਰਾਜੇਸ਼ ਸਿੰਘ ਨੇ ਕਿਹਾ,''ਕਿਉਂਕਿ ਇਹ ਇਕ ਅਜੀਬ ਮਾਮਲਾ ਹੈ, ਅਸੀਂ ਇਸ ਨੂੰ ਅੰਤਰਰਾਸ਼ਟਰੀ ਜਨਰਲ 'ਚ ਪ੍ਰਕਾਸ਼ਿਤ ਕਰਨ ਦੀ ਤਿਆਰੀ ਕਰ ਰਹੇ ਹਾਂ।''
ਰਾਜਸਥਾਨ 'ਚ ਮਾਂ-ਬਾਪ ਅਤੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਸ਼ਖ਼ਸ ਨੇ ਕੀਤੀ ਖ਼ੁਦਕੁਸ਼ੀ
NEXT STORY